
ਬੀਬੀ ਇੰਦਰਜੀਤ ਕੌਰ ਨੇ ਦਸਿਆ ਕਿ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਪ੍ਰੇਰਣਾ ਉਸ ਨੂੰ 'ਉਚਾ ਦਰ ਬਾਬੇ ਨਾਨਕ ਦਾ' ਤੋਂ ਮਿਲੀ।
'ਉਚਾ ਦਰ ਬਾਬੇ ਨਾਨਕ ਦਾ' ਦੇ ਮੈਂਬਰ ਸਵਰਗੀ ਡਾਕਟਰ ਕਲਿਆਣ ਸਿੰਘ ਦੀ ਧੀ ਬੀਬੀ ਇੰਦਰਜੀਤ ਕੌਰ ਨੇ ਅਪਣੇ ਪਿਤਾ ਅਤੇ ਰੋਜ਼ਾਨਾ ਸਪੋਕਸਮੈਨ ਦੇ ਬਾਨੀ ਸੰਪਾਦਕ ਜੋਗਿੰਦਰ ਸਿੰਘ ਤੋਂ ਪ੍ਰੇਰਣਾ ਲੈ ਕੇ ਜ਼ਰੂਰਤਮੰਦਾਂ ਦੀ ਮਦਦ ਕਰਨ ਦਾ ਕਾਰਜ ਸ਼ੁਰੂ ਕੀਤਾ ਹੋਇਆ ਹੈ। ਮੂਲ ਰੂਪ ਵਿਚ ਦਿਲੀ ਦੀ ਵਸਨੀਕ ਬੀਬੀ ਇੰਦਰਜੀਤ ਕੌਰ ਨੇ ਦਸਿਆ ਕਿ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਪ੍ਰੇਰਣਾ ਉਸ ਨੂੰ 'ਉਚਾ ਦਰ ਬਾਬੇ ਨਾਨਕ ਦਾ' ਤੋਂ ਮਿਲੀ। ਉਨ੍ਹਾਂ ਦਸਿਆ ਕਿ ਉਸ ਦੇ ਪਿਤਾ ਸਵਰਗੀ ਡਾਕਟਰ ਕਲਿਆਣ ਸਿੰਘ ਨੇ ਹਮੇਸ਼ਾ ਹੀ ਲੋੜਵੰਦਾਂ ਦੀ ਹਰ ਪਖੋਂ ਮਦਦ ਕੀਤੀ। ਪਿਤਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਕੁੱਝ ਅਜਿਹਾ ਕੀਤਾ ਜਾਵੇ ਜਿਸ ਨਾਲ ਉਹ ਅਪਣੇ ਪਿਤਾ ਦੇ ਨਕਸ਼ੇ ਕਦਮ 'ਤੇ ਚੱਲ ਸਕਣ ਅਤੇ ਉਨ੍ਹਾਂ ਨੂੰ ਰੋਜ਼ਾਨਾ ਸਪੋਕਸਮੈਨ ਦੇ ਵਿਚ ਛਪਦੇ ਲੇਖਾਂ ਨੇ ਇਹ ਰਾਹ ਦਸਿਆ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਸਪੋਕਸਮੈਨ ਇਕ ਅਖ਼ਬਾਰ ਨਹੀਂ ਬਲਕਿ ਇਕ ਅਜਿਹੀ ਲਹਿਰ ਦਾ ਰੂਪ ਧਾਰਨ ਕਰ ਚੁੱਕਾ ਹੈ ਜੋ ਸਿੱਖਾਂ ਨੂੰ ਗੁਰੂਆਂ ਦੇ ਸਿਧਾਂਤਾਂ ਨਾਲ ਜੋੜਨ ਵਿਚ ਅਹਿਮ ਰੋਲ ਅਦਾ ਕਰ ਰਿਹਾ ਹੈ।
Ucha Dar Baba Nanak Daਇੰਦਰਜੀਤ ਕੌਰ ਨੇ ਦਸਿਆ ਕਿ ਪਹਿਲਾਂ ਗ਼ਰੀਬ ਵਿਦਿਆਰਥੀਆਂ ਦੀ ਪੜ੍ਹਾਈ ਲਈ ਉਨ੍ਹਾਂ ਕੰਮ ਸ਼ੁਰੂ ਕੀਤਾ। ਉਨ੍ਹਾਂ ਝੁਗੀ ਝੋਪੜੀਆਂ ਵਿਚ ਰਹਿਣ ਵਾਲੇ ਬਚਿਆਂ ਦੀ ਪੜ੍ਹਾਈ, ਉਨ੍ਹਾਂ ਦੀਆਂ ਜ਼ਰੂਰਤਾਂ ਦਾ ਸਾਮਾਨ ਮੁਹਈਆ ਕਰਵਾਉਣ ਦਾ ਬੀੜਾ ਚੁਕਿਆ। ਅਪਣੇ ਪਿਤਾ ਦੇ ਨਾਂ 'ਤੇ ਇਕ ਸੰਸਥਾ 'ਕਲਿਆਣ' ਬਣਾ ਕੇ ਦਿੱਲੀ ਦੇ ਹਸਪਤਾਲ ਰਾਮ ਮਨੋਹਰ ਲੋਹੀਆ ਅਤੇ ਗੁਰੂ ਤੇਗ ਬਹਾਦਰ ਹਸਪਤਾਲ ਵਿਚ ਹਫ਼ਤੇ ਵਿਚ ਇਕ ਵਾਰ ਲੰਗਰ ਲਗਾਉਣ ਦਾ ਜ਼ਿੰਮਾ ਅਪਣੇ ਸਿਰ ਲਿਆ। ਉਨ੍ਹਾਂ ਦਸਿਆ ਕਿ ਅੱਜ ਉਨ੍ਹਾਂ ਨਾਲ ਕਰੀਬ 100 ਵਿਅਕਤੀਆਂ ਦਾ ਕਾਫ਼ਲਾ ਹੈ ਜੋ ਲੋੜਵੰਦਾਂ ਦੀ ਮਦਦ ਕਰਨ ਵਿਚ ਖ਼ੁਸ਼ੀ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਗੁਰਦਵਾਰਿਆਂ ਤੇ ਸੋਨਾ, ਸੰਗਮਰਮਰ ਤਾਂ ਲਗਾ ਦਿਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਹਿੰਗੇ ਰੁਮਾਲੇ ਚੜ੍ਹਾ ਦਿਤੇ ਪਰ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਕਦੇ ਵੀ ਧਿਆਨ ਵਿਚ ਨਹੀਂ ਰਖਿਆ।