
ਪੰਜਾਬ 'ਚ ਲਗਭਗ 30 ਲੱਖ ਵੋਟਰਾਂ ਦੀ ਉਮਰ 60 ਸਾਲ ਤੋਂ ਉੱਪਰ
ਚੰਡੀਗੜ੍ਹ : ਪੰਜਾਬ ਦੇ ਸਮੂਹ 13 ਲੋਕ ਸਭਾ ਹਲਕਿਆਂ ਲਈ 19 ਮਈ ਨੂੰ ਵੋਟਾਂ ਪੈਣਗੀਆਂ। ਸੂਬੇ ਅੰਦਰ ਕੁੱਲ 2 ਕਰੋੜ 3 ਲੱਖ 74 ਹਜ਼ਾਰ 375 ਵੋਟਰ ਹਨ ਅਤੇ ਕੁੱਲ 23,213 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਦੇਸ਼ ਭਰ 'ਚ ਜਿੱਥੇ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਆਪਣੇ ਪੱਖ 'ਚ ਕਰਨ ਲਈ ਜ਼ੋਰ ਲਗਾ ਰਹੀਆਂ ਹਨ, ਉਸ ਦੇ ਉਲਟ ਪੰਜਾਬ 'ਚ ਐਤਕੀਂ ਜੇਤੂਆਂ ਦੀ ਕਿਸਮਤ ਦਾ ਫ਼ੈਸਲਾ ਬਜ਼ੁਰਗਾਂ ਦੇ ਹੱਥਾਂ 'ਚ ਹੈ।
ਪੰਜਾਬ 'ਚ ਲਗਭਗ 30 ਲੱਖ ਵੋਟਰਾਂ ਦੀ ਉਮਰ 60 ਸਾਲ ਤੋਂ ਉੱਪਰ ਹੈ। ਇਸ ਤੋਂ ਇਲਾਵਾ 5916 ਲੋਕ 100 ਤੋਂ ਵੱਧ ਉਮਰ ਵਾਲੇ ਹਨ। ਇਨ੍ਹਾਂ 'ਚੋਂ 863 ਲੁਧਿਆਣਾ, 558 ਅੰਮ੍ਰਿਤਸਰ ਅਤੇ 449 ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਹਨ।
ਉਧਰ ਚੰਡੀਗੜ੍ਹ 'ਚ 36 ਫ਼ੀਸਦੀ ਬਜ਼ੁਰਗ ਵੋਟਰ ਹਨ ਅਤੇ 33 ਫ਼ੀਸਦੀ ਨੌਜਵਾਨ ਵੋਟਰ ਹਨ। 2014 'ਚ 60 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 61,868 ਸੀ, ਜਦਕਿ ਇਸ ਵਾਰ ਸੀਨੀਅਰ ਸਿਟੀਜ਼ਨਸ ਦੀ ਗਿਣਤੀ 83,952 ਹੈ। ਚੰਡੀਗੜ੍ਹ ਵਿਖੇ ਪਹਿਲੀ ਵਾਰ 18 ਤੋਂ 19 ਸਾਲ ਦੇ ਵੋਟਰਾਂ ਦੀ ਗਿਣਤੀ ਘੱਟ ਦਿਖੀ ਹੈ। ਚੰਡੀਗੜ੍ਹ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਪਿਛਲੀਆਂ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਗਿਣਤੀ 'ਚ 33 ਫ਼ੀਸਦੀ ਦੀ ਕਮੀ ਵੇਖੀ ਗਈ ਹੈ।
ਮੁੱਖ ਚੋਣ ਦਫ਼ਤਰ ਦੇ ਅੰਕੜਿਆਂ ਮੁਤਾਬਕ ਚੰਡੀਗੜ੍ਹ 'ਚ ਇਸ ਸਾਲ ਵੋਟਾਂ ਪਾਉਣ ਵਾਲੇ 6.19 ਲੱਖ ਵੋਟਰਾਂ 'ਚੋਂ ਲਗਭਗ 83 ਹਜ਼ਾਰ ਸੀਨੀਅਰ ਨਾਗਰਿਕ ਹਨ। ਉੱਥੇ ਹੀ 2014 'ਚ 5.8 ਲੱਖ ਵੋਟਰਾਂ 'ਚ 61 ਹਜ਼ਾਰ ਸੀਨੀਅਰ ਨਾਗਰਿਕ ਸਨ। ਬੀਤੇ 5 ਸਾਲਾਂ 'ਚ ਚੰਡੀਗੜ੍ਹ 'ਚ ਵੋਟਰਾਂ ਦੀ ਗਿਣਤੀ 'ਚ ਸਿਰਫ਼ 39 ਹਜ਼ਾਰ ਦਾ ਵਾਧਾ ਹੋਇਆ ਹੈ।