
ਸੜਕਾਂ ’ਤੇ ਡੁਲ੍ਹਦੈ ਮਨੁੱਖੀ ਖ਼ੂਨ
ਕੋਟਕਪੂਰਾ (ਗੁਰਿੰਦਰ ਸਿੰਘ) : ਸੜਕੀ ਹਾਦਸਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਨਿੱਤ ਰੋਜ਼ ਸੜਕਾਂ ’ਤੇ ਮਨੁੱਖੀ ਖ਼ੂਨ ਡੁਲਦਾ ਹੈ। ਰੋਜ਼ਾਨਾ ਲੱਖਾਂ-ਕਰੋੜਾਂ ਰੁਪਏ ਦੀ ਮਸ਼ੀਨਰੀ ਨੁਕਸਾਨੀ ਅਰਥਾਤ ਬਰਬਾਦ ਹੋ ਰਹੀ ਹੈ। ਇਸ ਦਾ ਕਾਰਨ ਵੱਧ ਰਹੀ ਵਾਹਨਾਂ ਦੀ ਗਿਣਤੀ, ਮਾੜੀਆਂ ਸੜਕਾਂ, ਨਸ਼ੇ ਕਰ ਕੇ ਡਰਾਈਵਰੀ ਕਰਨੀ, ਗੱਡੀ ਚਲਾਉਣ ਸਮੇਂ ਮੋਬਾਇਲ ਫ਼ੋਨ ਦੀ ਵਰਤੋਂ ਕਰਨ, ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਅਤੇ ਅਣਗਹਿਲੀ ਆਦਿ ਨੂੰ ਮੰਨਿਆ ਗਿਆ ਹੈ। ਵਰਨਣਯੋਗ ਹੈ ਕਿ ਸੰਸਾਰ ਦੇ ਦੋ ਤਿਹਾਈ 163 ਦੇਸ਼ਾਂ ’ਚ ਸੱਜੇ ਹੱਥ ਜਦਕਿ 76 ਦੇਸ਼ਾਂ ’ਚ ਖੱਬੇ ਹੱਥ ਟ੍ਰੈਫ਼ਿਕ ਚਲਦਾ ਹੈ।
Tragic Accident
ਦੇਸ਼ ’ਚ 219 ਨੈਸ਼ਨਲ ਹਾਈਵੇ : ਦੇਸ਼ ’ਚ ਕੁਲ 219 ਨੈਸ਼ਨਲ ਹਾਈਵੇ ਹਨ, ਜਿਨ੍ਹਾਂ ਦੀ 65579 ਕਿਲੋਮੀਟਰ ਲੰਬਾਈ ਹੈ, ਅੰਦਾਜ਼ਨ ਹਰ ਸਾਲ ਦੁਨੀਆਂ ਭਰ ’ਚ ਸਾਢੇ 12 ਲੱਖ ਤੋਂ ਵੱਧ ਲੋਕ ਹਾਦਸਿਆਂ ’ਚ ਮਰਦੇ ਤੇ ਪੰਜ ਕਰੋੜ ਤੋਂ ਵੱਧ ਜ਼ਖ਼ਮੀ ਹੁੰਦੇ ਹਨ। ਭਾਰਤ ’ਚ ਹਰ ਸਾਲ 5 ਲੱਖ ਸੜਕ ਹਾਦਸੇ ਹੁੰਦੇ ਹਨ, ਜਿਨ੍ਹਾਂ ’ਚ ਔਸਤ 2 ਲੱਖ ਲੋਕ ਮਰਦੇ ਤੇ ਸਾਡੇ 4 ਲੱਖ ਜ਼ਖ਼ਮੀ ਹੁੰਦੇ ਹਨ ਤੇ ਅੰਗਹੀਣ ਵਰਗੀ ਜ਼ਿੰਦਗੀ ਜਿਊਂਦੇ ਹਨ। ਪੰਜਾਬ ’ਚ ਰੋਜ਼ਾਨਾ ਔਸਤ 15-16 ਮੌਤਾਂ ਤੇ 17-18 ਜ਼ਖ਼ਮੀ ਹੁੰਦੇ ਹਨ। ਸੜਕ ਹਾਦਸਿਆਂ ’ਚ ਹੋਈਆਂ ਮੌਤਾਂ ਦਾ ਲਗਭਗ 26 ਫ਼ੀ ਸਦੀ ਹਿੱਸਾ ਦੋਪਹੀਆ ਵਾਹਨਾਂ ਦਾ ਹੁੰਦਾ ਹੈ, 70 ਫ਼ੀਸਦੀ ਮੌਤਾਂ ਹੈਲਮਟ ਨਾ ਪਾਉਣ ਕਰ ਕੇ ਹੁੰਦੀਆਂ ਹਨ।
Tragic accident
ਭਾਰਤ ਸਰਕਾਰ ਨੇ 2016 ’ਚ ਰੋਡ ਸੇਫ਼ਟੀ ਬਿਲ ਪਾਸ ਕਰ ਕੇ 20 ਗੁਣਾ ਜੁਰਮਾਨਾ ਵਧਾਇਆ। ਜੇਕਰ ਤੁਸੀਂ ਵਾਹਨ ਚਲਾ ਰਹੇ ਹੋ ਤੇ ਤੁਹਾਡੇ ਨਾਂਅ ’ਤੇ ਨਹੀਂ ਪਰ ਹਾਦਸਾ ਹੋ ਜਾਂਦਾ ਤਾਂ 3 ਸਾਲ ਦੀ ਸਜ਼ਾ ਹੋ ਸਕਦੀ। ਇਸ ਕਾਰਨ ਓਵਰਸਪੀਡ, ਓਵਰਲੋਡ ਗੱਡੀਆਂ, ਓਵਰ ਟੇਕਿੰਗ, ਸ਼ਰਾਬ ਪੀ ਕੇ ਵਾਹਨ ਚਲਾਉਣ ਨਾਲ, ਡਰਾਉਣੇ ਹਾਰਨ, ਨਬਾਲਗਾਂ ਵਲੋਂ ਡਰਾਈਵਿੰਗ, ਲਗਾਤਾਰ ਗੱਡੀਆਂ ਚਲਾਉਣ ਕਾਰਨ ਉਨੀਂਦਰਾ, ਜ਼ਿਆਦਾ ਧੁੰਦ ’ਚ ਤੇਜ਼ ਵਾਹਨਾਂ ਦਾ ਚਲਣ, ਡਿਵਾਈਡਰ ਠੀਕ ਨਹੀਂ ਬਣਾਏ ਜਾਂਦੇ, ਸੜਕਾਂ ’ਚ ਟੋਏ, ਟ੍ਰੈਫ਼ਿਕ ਲਾਈਟਾਂ ਦਾ ਪ੍ਰਬੰਧ ਨਹੀਂ, ਰਿਫ਼ਲੈਕਟਰ ਦੀ ਘਾਟ ਸਮੇਤ ਟ੍ਰੈਫ਼ਿਕ ਚਿੰਨ੍ਹਾਂ ਦੀ ਜਾਣਕਾਰੀ ਨਾ ਹੋਣਾ ਹੈ।
ਆਵਾਰਾ ਪਸ਼ੂ ਵੀ ਹਾਦਸਿਆਂ ਦਾ ਸਬੱਬ : ਭਾਵੇਂ ਅਦਾਲਤ ਵਲੋਂ ਆਵਾਰਾ ਪਸ਼ੂਆਂ ਕਾਰਨ ਹੋਏ ਨੁਕਸਾਨ ਦੇ ਮੱਦੇਨਜ਼ਰ ਸਬੰਧਤ ਨਗਰ ਨਿਗਮ, ਨਗਰ ਕੌਂਸਲ ਜਾਂ ਉਥੋਂ ਦੀ ਅਫ਼ਸਰਸ਼ਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਤੇ ਅਨੇਕਾਂ ਮਨੁੱਖਤਾ ਦਾ ਦਰਦ ਸਮਝਣ ਵਾਲੇ ਸਮਾਜਸੇਵੀ ਵਕੀਲਾਂ ਵਲੋਂ ਵੀ ਕਈ ਪੀੜਤ ਪਰਵਾਰਾਂ ਨੂੰ ਮੁਆਵਜ਼ਾ ਦਿਵਾਇਆ ਜਾ ਚੁੱਕਾ ਹੈ ਪਰ ਫਿਰ ਵੀ ਦੇਸ਼ ਦੀਆਂ ਮੁੱਖ ਸੜਕਾਂ ਉਪਰ ਹਰਲ-ਹਰਲ ਕਰਦੇ ਆਵਾਰਾ ਪਸ਼ੂ ਮਨੁੱਖੀ ਜਾਨਾਂ ਦਾ ਖੌਹ ਬਣੇ ਹੋਏ ਹਨ। ਹਸਦਾ ਖੇਡਦਾ ਜਾ ਰਿਹਾ ਪਰਵਾਰ ਅਕਸਰ ਆਵਾਰਾ ਪਸ਼ੂ ਦੀ ਫੇਟ ਕਾਰਨ ਖ਼ਤਮ ਹੋ ਜਾਂਦਾ ਹੈ ਪਰ ਮਹਿਜ਼ ਦੋ ਕੁ ਦਿਨ ਦੀ ਚਰਚਾ ਤੋਂ ਬਾਅਦ ਇਸ ਉਪਰ ਕਾਰਵਾਈ ਕਰਨ ਜਾਂ ਸਮੱਸਿਆ ਦੇ ਹੱਲ ਲਈ ਸੋਚਣ ਦੀ ਜ਼ਰੂਰਤ ਹੀ ਨਹੀਂ ਸਮਝੀ ਜਾਂਦੀ।
ਸਰਕਾਰ ਵਲੋਂ ਗਊ ਟੈਕਸ ਦੇ ਨਾਂਅ ’ਤੇ ਕਰੋੜਾਂ ਅਰਬਾਂ ਰੁਪਿਆ ਵਸੂਲਿਆ ਜਾ ਚੁੱਕਾ ਹੈ, ਦੇਸ਼ ਭਰ ਦੀਆਂ ਹਜਾਰਾਂ ਗਊਸ਼ਾਲਾਵਾਂ ਦਾ ਬਜਟ ਕਰੋੜਾਂ ਰੁਪਏ ਦਾ ਹੋਣ ਦੇ ਬਾਵਜੂਦ ਵੀ ਸੜਕਾਂ ’ਤੇ ਹਰਲ-ਹਰਲ ਕਰਦੀਆਂ ਗਊਆਂ ਤੇ ਢੱਠੇ ਜਿੱਥੇ ਮਨੁੱਖੀ ਜਾਨਾਂ ਦੇ ਦੁਸ਼ਮਣ ਬਣੇ ਹੋਏ ਹਨ, ਉਥੇ ਅਕਸਰ ਗੰਦਗੀ ਵਿਚ ਮੂੰਹ ਮਾਰ ਕੇ ਅਪਣੀ ਭੁੱਖ ਮਿਟਾਉਣ ਲਈ ਮਜਬੂਰ ਅਵਾਰਾ ਪਸ਼ੂ ਸੜਕਾਂ ’ਤੇ ਵੇਖੇ ਜਾ ਸਕਦੇ ਹਨ। ਹੁਣ ਤਕ ਆਵਾਰਾ ਪਸ਼ੂਆਂ ਕਰ ਕੇ ਹਜ਼ਾਰਾਂ ਬਹੁਕੀਮਤੀ ਜਾਨਾਂ-ਅਜਾਂਈ ਜਾ ਚੁੱਕੀਆਂ ਹਨ, ਕਰੋੜਾਂ-ਅਰਬਾਂ ਰੁਪਏ ਦੀ ਵਾਹਨ ਸੰਪਤੀ ਨੁਕਸਾਨੀ ਜਾ ਚੁੱਕੀ ਹੈ, ਹਜ਼ਾਰਾਂ ਲੋਕ ਬਿਨਾਂ ਕਸੁੂਰੋਂ ਅੰਗਹੀਣਤਾ ਵਾਲਾ ਜੀਵਨ ਜਿਊਣ ਲਈ ਮਜਬੂਰ ਹਨ ਪਰ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਵੀ ਗੰਭੀਰ ਨਹੀਂ।
ਪੁਰਾਣੇ ਵਾਹਨ ਤੇ ਖਰਾਬ ਸੜਕਾਂ ਵੀ ਬਣਦੀਆਂ ਹਨ ਹਾਦਸਿਆਂ ਦਾ ਕਾਰਨ : ਪੰਜਾਬ ’ਚ 315 ਖਤਰਨਾਕ ਐਂਟਰੀ ਪੁਆਇੰਟ, ਜਿਨ੍ਹਾਂ ’ਤੇ ਲੋੜੀਂਦੇ ਪ੍ਰਬੰਧ ਨਹੀਂ, ਸ਼ਰਾਬ ਪੀ ਕੇ ਵਾਹਨ ਡਰਾਈਵ ਕਰਨ ਤੋਂ ਰੋਕਣ ਲਈ ਟ੍ਰੈਫ਼ਿਕ ਪੁਲਿਸ ਕੋਲ ਐਲਕੋਮੀਟਰ ਨਹੀਂ, ਚੰਡੀਗੜ੍ਹ ’ਚ ਕੁੱਝ ਸਖ਼ਤੀ ਹੈ, 77:5 ਫ਼ੀ ਸਦੀ ਹਾਦਸੇ ਵਾਹਨ ਚਾਲਕਾਂ ਦੀ ਲਾਪ੍ਰਵਾਹੀ ਨਾਲ ਹੁੰਦੇ ਹਨ, ਜੋ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ, ਜਿਸ ਪਾਸਿਉਂ ਰਾਹ ਮਿਲਦਾ ਉਧਰੋਂ ਹੀ ਵਾਹਨ ਨੂੰ ਓਵਰਟੇਕਿੰਗ ਕਰ ਕੇ ਅੱਗੇ ਕੱਢਣ ਦੀ ਕੋਸ਼ਿਸ ਕਰਦੇ ਹਨ, ਜਦ ਇਕਦਮ ਅੱਗੇ ਚਲ ਰਹੇ ਵਾਹਨ ਨੂੰ ਬਰੇਕ ਲਾਉਣੀ ਪੈਂਦੀ ਹੈ ਤਾਂ ਪਿੱਛੇ ਤੇਜ਼ ਸਪੀਡ ’ਚ ਆ ਰਹੇ ਵਾਹਨ ਦੇ ਡਰਾਈਵਰ ਕੋਲੋਂ ਕੰਟਰੋਲ ਨਹੀਂ ਹੁੰਦਾ ਤਾਂ ਉਸ ਸਮੇਂ ਹਾਦਸਾ ਵਾਪਰ ਜਾਂਦਾ ਹੈ, 10:5 ਫ਼ੀ ਸਦੀ ਸੜਕਾਂ ਦੀ ਖ਼ਰਾਬ ਹਾਲਤ, 1:6% ਵਾਹਨ ਪੁਰਾਣੇ, 1% ਖ਼ਰਾਬ ਮੌਸਮ, 2:4% ਪੈਦਲ ਰਾਹੀ, 1:3% ਸਾਈਕਲ ਚਾਲਕਾਂ ਰਾਹੀਂ ਹਾਦਸੇ ਵਾਪਰਦੇ ਹਨ।
ਕੀ ਕੀਤਾ ਜਾਵੇ : ਹਾਦਸਿਆਂ ਤੋਂ ਬਚਾਅ ਕਰਨ ਲਈ ਤੇਜ਼ ਰਫ਼ਤਾਰੀ ’ਤੇ ਰੋਕ, ਸ਼ਰਾਬ ਦੀ ਵਰਤੋਂ ’ਤੇ ਰੋਕ, ਸੀਟ ਬੈਲਟ ਬੰਨਣੀ, ਵੱਡੀਆਂ ਸਿੰਗਲ ਸੜਕਾਂ ਨੂੰ ਘੱਟੋ-ਘੱਟ ਡਬਲ ਕਰਨ, ਸੜਕਾਂ ਵਿਚਲੇ ਟੋਏ ਜਾਂ ਖੱਡੇ ਨਾਲੋ-ਨਾਲ ਭਰੇ ਜਾਣ, ਡਰਾਈਵਿੰਗ ਸਮੇਂ ਮੋਬਾਈਲ ਫ਼ੋਨ ’ਤੇ ਪਾਬੰਦੀ ਲੱਗੇ, ਟੈ੍ਰਫ਼ਿਕ ਪੁਲਿਸ ਨੂੰ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਜਾਣ, ਸਿਆਸੀ ਦਖ਼ਲਅੰਦਾਜੀ ਬੰਦ ਕੀਤੀ ਜਾਵੇ, ਟੈ੍ਰਫ਼ਿਕ ਨਿਯਮਾਂ ਦੀ ਪਾਲਣਾ ਸਬੰਧੀ ਸਕੂਲਾਂ ਤੇ ਕਾਲਜਾਂ ’ਚ ਸੈਮੀਨਾਰ ਕਰਵਾਏ ਜਾਣ, ਸੜਕਾਂ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ, ਅਜਿਹੀਆਂ ਹੋਰ ਬਹੁਤ ਸਾਰੀਆਂ ਸਾਵਧਾਨੀਆਂ ਹਨ, ਜਿਨ੍ਹਾਂ ਨਾਲ ਭਿਆਨਕ ਸੜਕ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ।
ਜਾਗਰੂਕ ਹੋਣ ਦੀ ਲੋੜ : ਹਰ ਇਕ ਦੀ ਜ਼ਿੰਦਗੀ ਨੂੰ ਕੀਮਤੀ ਸਮਝਦੇ ਹੋਏ ਹਾਦਸਿਆਂ ਨੂੰ ਰੋਕਣ ਲਈ ਖਾਸ ਤੌਰ ’ਤੇ ਨੌਜਵਾਨ ਵਰਗ ਨੂੰ ਜਾਗਰੂਕ ਕਰੀਏ, ਮਰਨ ਵਾਲੇ ਜ਼ਿਆਦਾਤਰ 18 ਤੋਂ 40 ਸਾਲ ਦੀ ਉਮਰ ਵਾਲੇ ਹੁੰਦੇ ਹਨ। ਰੀਸੋ-ਰੀਸ ਮਹਿੰਗੀਆਂ ਕਾਰਾਂ ਦੀ ਖਰੀਦੋ-ਫਰੋਖਤ ਅਤੇ ਫਿਰ ਇਕ-ਦੂਜੇ ਦੀ ਰੀਸ ਕਰਦਿਆਂ ਟੈ੍ਰਫ਼ਿਕ ਨਿਯਮਾਂ ਦੀ ਪ੍ਰਵਾਹ ਕੀਤੇ ਬਿਨਾ ਕਾਰਾਂ ਦੀ ਓਵਰ ਸਪੀਡ ਮੌਕੇ ਨੌਜਵਾਨ ਵਰਗ ਇਹ ਨਹੀਂ ਸਮਝਦਾ ਕਿ ਉਸ ਦੇ ਮਾਪਿਆਂ ਨੇ ਉਸ ਉਪਰ ਕਿੰਨੀਆਂ ਆਸਾਂ-ਉਮੀਦਾਂ ਲਾਈਆਂ ਹੋਈਆਂ ਹਨ। ਸਮਾਜ ਨੂੰ ਨੌਜਵਾਨਾਂ ਉਪਰ ਕਿੰਨੀਆਂ ਉਮੀਦਾਂ ਹੁੰਦੀਆਂ ਹਨ ਪਰ ਲਾਪ੍ਰਵਾਹੀ ਅਤੇ ਤੇਜ਼ ਰਫ਼ਤਾਰੀ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝਾ ਚੁੱਕੀ ਹੈ।
ਕੀ ਕਹਿਣਾ ਹੈ ਸਮਾਜ ਸੇਵਕਾਂ ਦਾ : ਭਾਵੇਂ ਸੁਪਰੀਮ ਕੋਰਟ ਦੀਆਂ ਹਦਾਇਤਾਂ ਹਨ ਕਿ ਸੜਕਾਂ ’ਤੇ ਓਵਰਲੋਡ ਵਾਹਨ ਨਹੀਂ ਚਲਾਏ ਜਾ ਸਕਦੇ ਪਰ ਇਥੇ ਟ੍ਰੈਫ਼ਿਕ ਨਿਯਮਾਂ ਦੀਆਂ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਸੂਬੇ ਦੀਆਂ ਲਗਭਗ ਸਾਰੀਆਂ ਹੀ ਸੜਕਾਂ ’ਤੇ ਓਵਰਲੋਡ ਵਾਹਨ ਭੱਜੇ ਫਿਰਦੇ ਹਨ ਪਰ ਉਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ। ਗੁੱਡ ਮੌਰਨਿੰਗ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ, ਚੇਅਰਮੈਨ ਪੱਪੂ ਲਹੌਰੀਆ, ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫ਼ੇਅਰ ਸੁਸਾਇਟੀ ਦੇ ਸੰਸਥਾਪਕਾਂ ਕੁਲਵੰਤ ਸਿੰਘ ਚਾਨੀ, ਮਾ. ਸੋਮਨਾਥ ਅਰੋੜਾ, ਅਰੋੜਬੰਸ ਸਭਾ ਦੇ ਪ੍ਰਧਾਨ ਮਨਿੰਦਰ ਸਿੰਘ ਮਿੰਕੂ ਮੱਕੜ, ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ, ਲਾਇਨਜ਼ ਕਲੱਬ ਵਿਸ਼ਵਾਸ ਦੇ ਪ੍ਰਧਾਨ ਗੁਰਦੀਪ ਸਿੰਘ, ਲਾਇਨਜ਼ ਕਲੱਬ ਰਾਇਲ ਦੇ ਪ੍ਰਧਾਨ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਸਮੇਤ ਅਨੇਕਾਂ ਸਮਾਜਸੇਵਕਾਂ ਦਾ ਕਹਿਣਾ ਹੈ ਕਿ ਸੜਕੀ ਹਾਦਸਿਆਂ ਨੂੰ ਰੋਕਣ ਲਈ ਸੱਭ ਤੋਂ ਪਹਿਲਾਂ ਸਾਰੀਆਂ ਖ਼ਰਾਬ ਹੋ ਚੁੱਕੀਆਂ ਸੜਕਾਂ ਨੂੰ ਠੀਕ ਕਰਨ, ਰਜਬਾਹਿਆਂ, ਨਹਿਰਾਂ ਅਤੇ ਡਰੇਨਾਂ ਦੇ ਕੰਡਮ ਹੋ ਚੁੱਕੇ ਪੁਲਾਂ ਦੀ ਸਾਰ ਲੈਣ, ਆਵਾਰਾ ਪਸ਼ੂਆਂ ਦਾ ਪ੍ਰਬੰਧ ਹੋਵੇ, ਨਾਜਾਇਜ਼ ਕਬਜ਼ੇ ਹਟਾਏ ਜਾਣ ਅਤੇ ਓਵਰਲੋਡ ਵਾਹਨਾਂ ਨੂੰ ਬੰਦ ਕਰਵਾਇਆ ਜਾਵੇ।