
ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਕ੍ਰਿਕਟਰ ਹਰਭਜਨ ਸਿੰਘ ਦੇ ਨਾਵਾਂ ਦੀ ਚਰਚਾ ਹੈ।
ਚੰਡੀਗੜ੍ਹ - ਅੱਜ ਰਾਜਸਭਾ ਸੀਟਾਂ ਲਈ ਨਾਮਜ਼ਦਗੀਆ ਭਰਨ ਦਾ ਆਖ਼ਰੀ ਦਿਨ ਹੈ ਤੇ ਆਮ ਆਦਮੀ ਪਾਰਟੀ ਨੇ ਰਾਜਸਭਾ ਭੇਜਣ ਲਈ ਇੱਕ ਨਾਮ 'ਤੇ ਮੋਹਰ ਲਗਾ ਦਿੱਤੀ ਹੈ ਜੋ ਸੰਦੀਪ ਪਾਠਕ ਹਨ। ਸੰਦੀਪ ਪਾਠਕ ਪੰਜਾਬ AAP ਦੇ ਰਣਨੀਤੀਕਾਰ ਹਨ ਅਤੇ ਉਹਨਾਂ ਨੇ ਪੰਜਾਬ 'ਚ ਆਪ ਦੀ ਜਿੱਤ 'ਚ ਵੱਡੀ ਭੂਮਿਕਾ ਨਿਭਾਈ ਹੈ। ਸੰਦੀਪ ਪਾਠਕ IIT ਦਿੱਲੀ ਦੇ ਪ੍ਰੋਫ਼ੈਸਰ ਵੀ ਹਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਤੇ ਕ੍ਰਿਕਟਰ ਹਰਭਜਨ ਸਿੰਘ ਦੇ ਨਾਵਾਂ ਦੀ ਚਰਚਾ ਹੈ।
ਦੱਸ ਦਈਏ ਕਿ ਆਪ ਵੱਲੋਂ ਜੋ ਨਾਮ ਚਰਚਾ ਵਿਚ ਹਨ ਉਸ ਨੂੰ ਲੈ ਕੇ ਵਿਰੋਧੀ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ। ਅੱਜ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਟਵੀਟ ਕਰ ਕੇ 5 ਨਾਵਾਂ ਦੀ ਲਿਸਟ ਸਾਂਝੀ ਕੀਤੀ ਹੈ ਤੇ ਆਪ ਸਰਕਾਰ 'ਤੇ ਸਵਾਲ ਚੁੱਕੇ ਹਨ ਤੇ ਨਾਲ ਹੀ ਇਕ ਹੋਰ ਟਵੀਟ ਕਰ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਵੀ ਕੀਤੀ ਹੈ।
ਸੁਖਪਾਲ ਖਹਿਰਾ ਨੇ 5 ਨਾਮ ਸਾਂਝੇ ਕਰ ਕੇ ਕਿਹਾ ਕਿ ''ਜੇਕਰ AAP ਦੀ ਰਾਜਸਭਾ ਦੇ ਸੰਭਾਵਿਤ ਉਮੀਦਵਾਰਾਂ ਦੀ ਇਹ ਸੂਚੀ ਹੈ ਤਾਂ ਇਹ ਪੰਜਾਬ ਲਈ ਸਭ ਤੋਂ ਦੁਖ਼ਦਾਈ ਖ਼ਬਰ ਹੋਵੇਗੀ ਤੇ ਅਸੀਂ ਕਿਸੇ ਗੈਰ ਪੰਜਾਬੀ ਨੂੰ ਨਾਮਜ਼ਦ ਕਰਨ ਦਾ ਵਿਰੋਧ ਕਰਾਂਗੇ। ਇਹ 'ਆਪ' ਵਰਕਰਾਂ ਨਾਲ ਵੀ ਮਜ਼ਾਕ ਹੈ ਜਿਨ੍ਹਾਂ ਨੇ ਪਾਰਟੀ ਵਿਚ ਕੰਮ ਕੀਤਾ ਹੈ।''
ਇਸ ਦੇ ਨਾਲ ਹੀ ਦੂਜੇ ਟਵੀਟ ਵਿਚ ਸੁਖਪਾਲ ਖਹਿਰਾ ਨੇ ਕਿਹਾ ਕਿ ''ਮੇਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਆਪਣੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ। ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਏ ਅਤੇ ਪੰਜਾਬ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਬੀਬੀ ਖਾਲੜਾ ਵਰਗੇ ਮਹਾਨ ਲੋਕਾਂ ਨੂੰ ਰਾਜਸਭਾ ਮੈਂਬਰ ਬਣਾਇਆ ਜਾਵੇ''
ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੀਡੀਆ ਸਲਾਹਕਾਰ ਐਚ ਐਸ ਬੈਂਸ ਨੇ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ 'ਅਕਾਲੀ ਦਲ ਮੰਨਦਾ ਹੈ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਨੂੰ ਵੀ ਆਪਣੇ ਸੂਬੇ ਦੀਆਂ ਰਾਜ ਸਭਾ ਸੀਟਾਂ ਦੀ ਵਰਤੋਂ ਗੈਰ-ਪੰਜਾਬੀਆਂ ਨੂੰ ਇਨਾਮ ਵਜੋਂ ਕਰਨ ਦੀ ਇਜਾਜ਼ਤ ਨਹੀਂ ਦੇਣਗੇ.....ਮੈਨੂੰ ਉਮੀਦ ਹੈ ਕਿ, ਇਹ ਸਾਰੀਆਂ ਖ਼ਬਰਾਂ ਅਫਵਾਹਾਂ ਹਨ ਅਤੇ ਭਗਵੰਤ ਮਾਨ ਪੰਜਾਬ ਦੇ ਮਾਣ ਨੂੰ ਕਾਇਮ ਰੱਖਣਗੇ। ਇਹ ਪੰਜਾਬ ਪ੍ਰਤੀ ਉਨ੍ਹਾਂ ਦੇ ਪਿਆਰ ਦਾ ਪਹਿਲਾ ਇਮਤਿਹਾਨ ਹੈ।'
ਜ਼ਿਕਰਯੋਗ ਹੈ ਕਿ ਰਾਜਸਭਾ ਦੇ ਲਈ ਨਾਮਜ਼ਦਗੀਆਂ ਦਾ ਅੱਜ ਆਖ਼ਰੀ ਦਿਨ ਹੈ। ਪੰਜਾਬ 'ਚ ਰਾਜਸਭਾ ਦੀਆਂ 5 ਸੀਟਾਂ 'ਤੇ ਚੋਣ ਹੋ ਰਹੀ ਹੈ। ਸਾਰੀਆਂ ਹੀ ਸੀਟਾਂ ਲਗਭਗ ਆਪ ਦੇ ਖਾਤੇ 'ਚ ਜਾਣੀਆਂ ਤੈਅ ਹਨ। ਇਸੇ ਕਾਰਨ ਕਿਸੇ ਹੋਰ ਰਾਜਨੀਤਿਕ ਪਾਰਟੀ ਵੱਲੋਂ ਨਾਮਜ਼ਦਗੀ ਦਾਖਲ ਨਹੀਂ ਕੀਤੀ ਜਾ ਰਹੀ।