
ਪੰਜਾਬ ਦਾ ਇਕੋ ਇਕ ਮੁਸਲਿਮ ਵਿਧਾਇਕ ਵੀ ਰਿਹਾ ਝੰਡੀ ਵਾਲੀ ਕਾਰ ਤੋਂ ਵਾਂਝਾ
ਪੰਜਾਬ ਦੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਲੋਂ
ਮਾਲੇਰਕੋਟਲਾ, 20 ਮਾਰਚ (ਇਸਮਾਈਲ ਏਸ਼ੀਆ): ਪੰਜਾਬ ਅੰਦਰ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਲੇਰਕੋਟਲਾ ਲਈ ਉਸ ਸਮੇਂ ਖੁੰਢ ਚਰਚਾਵਾਂ ਵਿਚ ਘਿਰ ਗਈ ਜਦੋਂ ਮਾਲੇਰਕੋਟਲਾ ਤੋਂ ਜੇਤੂ ਰਹੇ ਇਕੋ ਇਕ ਪੰਜਾਬ ਦੇ ਮੁਸਲਿਮ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਅੱਜ ਪੰਜਾਬ ਦੀ ਕੈਬਨਿਟ ਵਿਚ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਥਾਨ ਨਾਂ ਦੇ ਕੇ ਪੰਜਾਬ ਭਰ ਵਿਚ ਵਸਦੀ ਮੁਸਲਿਮ ਘੱਟ ਗਿਣਤੀ ਨੂੰ ਨਜ਼ਰ-ਅੰਦਾਜ਼ ਕਰ ਦਿਤਾ।
ਮਾਲੇਰਕੋਟਲਾ ਅੰਦਰ ਜ਼ੁਲਮ ਅਤੇ ਗ਼ੁਲਾਮੀ ਵਿਰੁਧ ਚੱਲੀ ਹਨੇਰੀ ਨੇ ਡਾ. ਜਮੀਲ ਉਰ ਰਹਿਮਾਨ ਦੀ ਚੋਣ ਮੁਹਿੰਮ ਨੂੰ ਇਸ ਤਰੀਕੇ ਦੀ ਸਪੀਡ ਦਿਤੀ ਕਿ ਮਾਲੇਰਕੋਟਲਾ ਦੇ ਇਤਿਹਾਸ ਵਿਚ ਸੱਭ ਤੋਂ ਵੱਧ ਵੋਟਾਂ ਲੈ ਕੇ ਜੇਤੂ ਹੋਣ ਦਾ ਰਿਕਾਰਡ ਉਨ੍ਹਾਂ ਦੇ ਨਾਮ ਬਣ ਗਿਆ। ਦਸਣਾ ਬਣਦਾ ਹੈ ਕਿ ਮਾਲੇਰਕੋਟਲਾ ਪੰਜਾਬ ਦਾ ਇਕੋ ਇਕ ਮੁਸਲਿਮ ਬਹੁ ਗਿਣਤੀ ਵਾਲਾ ਜ਼ਿਲ੍ਹਾ ਹੈ ਅਤੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਮਾਰੇ ਇਥੋਂ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਵਲੋਂ ਮਾਰੇ ‘ਹਾਅ ਦੇ ਨਾਹਰੇ’ ਦੇ ਸ਼ਹਿਰ ਵਜੋਂ ਵਿਸ਼ਵ ਭਰ ਵਿਚ ਜਾਣਿਆ ਜਾਂਦਾ ਹੈ ਜਿਥੋਂ ਜਿੱਤੇ ਵਿਧਾਇਕ ਨੂੰ ਹਰ ਪਾਰਟੀ ਦੀ ਸਰਕਾਰ ਵਲੋਂ ਮੰਤਰੀ ਮੰਡਲ ਵਿਚ ਸ਼ਾਮਲ ਕਰ ਕੇ ਨੁਮਾਇੰਦਗੀ ਦਿਤੀ ਜਾਂਦੀ ਰਹੀ ਹੈ ਪਰ ਮਾਲੇਰਕੋਟਲਾ ਦੇ ਲੋਕ ਗੁਆਂਢੀ ਸ਼ਹਿਰ ਧੂਰੀ ਦੇ ਵਿਧਾਇਕ ਅਤੇ ਮਾਲੇਰਕੋਟਲਾ ਵਿਧਾਨ ਸਭਾ ਹਲਕੇ ਵਿਚੋਂ ਐਮ.ਪੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਮੇਤ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਤੋਂ ਵੱਡੀਆ ਉਮੀਦਾਂ ਲਗਾਈ ਬੈਠੇ ਸਨ ਕਿ ਉਹ ਮਾਲੇਰਕੋਟਲਾ ਨੂੰ ਅਪਣੀ ਵਜ਼ਾਰਤ ਵਿਚ ਨੁਮਾਇੰਦਗੀ ਜ਼ਰੂਰ ਦੇਣਗੇ ਕਿਉਂਕਿ ਡਾ. ਜਮੀਲ ਉਰ ਰਹਿਮਾਨ ਮੁਸਲਿਮ ਭਾਈਚਾਰੇ ਦੇ ਵਿਧਾਇਕ ਤੋਂ ਇਲਾਵਾ ਪੰਜਾਬ ਵਿਚ ਵਸਦੀ ਕੰਬੋਜ ਬਰਾਦਰੀ ਦੀ ਨੁਮਾਇੰਦਗੀ ਵੀ ਕਰਦੇ ਹਨ ਅਤੇ ਇਸ ਤੋਂ ਬਿਨਾਂ ਸਾਰੇ ਵਿਧਾਇਕਾਂ ਵਿਚੋਂ ਉੱਚ ਸਿਖਿਆ ਪ੍ਰਾਪਤ ਵਿਧਾਇਕ ਵਜੋਂ ਵੀ ਜਾਣੇ ਜਾਂਦੇ ਹਨ ਜਿਸ ਕਾਰਨ ਲੋਕਾਂ ਵਿਚ ਰੋਸ ਜਾਇਜ਼ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਡਾ. ਜਮੀਲ ਉਰ ਰਹਿਮਾਨ ਕੈਬਨਿਟ ਵਿਚ ਥਾਂ ਪਾਉਣ ਦੀ ਕਾਬਲੀਅਤ ਰਖਦੇ ਹਨ।