
ਸ਼ਰਦ ਯਾਦਵ ਨੇ ਅਪਣੀ ਪਾਰਟੀ ਦਾ ਰਾਸ਼ਟਰੀ ਜਨਤਾ ਦਲ ’ਚ ਕੀਤਾ ਰਲੇਵਾਂ
ਨਵੀਂ ਦਿੱਲੀ, 20 ਮਾਰਚ : ਸੀਨੀਅਰ ਸਮਾਜਵਾਦੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਰਦ ਯਾਦਵ ਨੇ ਐਤਵਾਰ ਨੂੰ ਅਪਣੀ ਪਾਰਟੀ ਲੋਕਤਾਂਤਰਿਕ ਜਨਤਾ ਦਲ ਦਾ ਰਾਸ਼ਟਰੀ ਜਨਤਾ ਦਲ ਵਿਚ ਰਲੇਵਾਂ ਕਰ ਦਿਤਾ। ਇਸ ਦੇ ਨਾਲ ਹੀ ਉਨ੍ਹਾਂ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਦੀ ਏਕਤਾ ’ਤੇ ਜ਼ੋਰ ਦਿਤਾ।
ਰਾਸ਼ਟਰੀ ਜਨਤਾ ਦਲ ਦੇ ਨੇਤਾ ਤੇਜਸਵੀ ਯਾਦਵ ਨੇ ਇਸ ਵੱਡੇ ਨੇਤਾ ਦਾ ਅਪਣੀ ਪਾਰਟੀ ’ਚ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਭਾਜਪਾ ਵਿਰੋਧੀ ਪਾਰਟੀਆਂ ਲਈ ਸਰਕਾਰ ਖ਼ਿਲਾਫ਼ ਇਕਜੁੱਟ ਹੋਣ ਦਾ ਸੰਦੇਸ਼ ਹੈ। ਸ਼ਰਦ ਯਾਦਵ ਤੇਜਸਵੀ ਦੇ ਪਿਤਾ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸ਼ਾਦ ਯਾਦਵ ਦੇ ਖ਼ਿਲਾਫ਼ ਲੋਕ ਸਭਾ ਚੋਣ ਵੀ ਲੜ ਚੁਕੇ ਹਨ। ਸ਼ਰਦ ਯਾਦਵ (74) ਪਿਛਲੇ ਦਿਨਾਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਪੀੜਤ ਸਨ।
ਉਨ੍ਹਾਂ ਦੇ ਇਸ ਕਦਮ ਨੂੰ ਅਪਣੇ ਸਹਿਯੋਗੀਆਂ ਦੇ ਮੁੜ ਵਸੇਬੇ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਜਨਤਾ ਦਲ (ਯੂ) ਦੇ ਨੇਤਾ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਵੱਖ ਹੋਣ ਤੋਂ ਬਾਅਦ ਉਨ੍ਹਾਂ ਨੇ ਅਪਣੀ ਪਾਰਟੀ ਬਣਾਈ ਸੀ ਪਰ ਇਸ ਦਾ ਪ੍ਰਰਦਸ਼ਨ ਬਹੁਤ ਚੰਗਾ ਨਹੀਂ ਰਿਹਾ।
ਉਨ੍ਹਾਂ ਨੇ ਆਰਜੇਡੀ ਦੀ ਟਿਕਟ ’ਤੇ 2019 ਦੀ ਲੋਕ ਸਭਾ ਚੋਣ ਲੜੀ ਸੀ, ਜਦੋਂ ਕਿ ਉਨ੍ਹਾਂ ਦੀ ਧੀ ਨੇ 2020 ਦੀ ਬਿਹਾਰ ਵਿਧਾਨ ਸਭਾ ਚੋਣ ਕਾਂਗਰਸ ਉਮੀਦਵਾਰ ਵਜੋਂ ਲੜੀ ਸੀ। ਉਸ ਸਮੇਂ ਕਾਂਗਰਸ ਰਾਸ਼ਟਰੀ ਜਨਤਾ ਦਲ ਦੀ ਅਗਵਾਈ ਵਾਲੇ ਗਠਜੋੜ ਵਿਚ ਸ਼ਾਮਲ ਸੀ। ਸ਼ਰਦ ਯਾਦਵ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ਦੀ ਏਕਤਾ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਬਿਹਾਰ ਵਿਚ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਖ਼ਿਲਾਫ਼ ਲੜਾਈ ਦੀ ਅਗਵਾਈ ਕਰਨ ਲਈ ਤੇਜਸਵੀ ਯਾਦਵ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਨੂੰ ਦੇਸ਼ ਭਰ ਵਿਚ ਹੱਥ ਮਿਲਾਉਣਾ ਚਾਹੀਦਾ ਹੈ। (ਏਜੰਸੀ)