
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਦੇ ਸਮੇਂ ਸਿਰ ਨਹੀਂ ਹੋਈਆਂ!
ਕੇਂਦਰੀ ਹਾਕਮਾਂ ਦੀ ਅਕਾਲੀਆਂ ਨਾਲ ਮਿਲੀਭੁਗਤ ਦਾ ਸਿੱਟਾ
ਅੰਮ੍ਰਿਤਸਰ, 20 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ‘ਆਪ’ ਦੀ ਹੂੰਝਾ ਫੇਰ ਜਿੱਤ ਬਾਅਦ ਬਾਦਲ ਵਿਰੋਧੀ ਪੰਥਕ ਦਲ, ਸਿੱਖ ਪ੍ਰਤੀਨਿਧ ਜਮਾਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਯਤਨਸ਼ੀਲ ਹਨ ਜੋ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋਈਆਂ ਜਿਸ ਤੇ ਵੰਸ਼ਵਾਦੀ ਕਾਬਜ਼ ਹਨ। ਸਿੱਖ ਸਿਆਸਤ ਨੂੰ ਬਾਰੀਕੀ ਨਾਲ ਵਾਚਣ ਵਾਲੇ ਮਾਹਰਾਂ ਮੁਤਾਬਕ ਪੰਜਾਬੀ ਸੂਬਾ ਬਣਨ ਬਾਅਦ ਇਸ ਮਹਾਨ ਸੰਸਥਾ ਦੀ ਚੋਣ 15-15 ਸਾਲਾਂ ਬਾਅਦ ਹੁੰਦੀਆਂ ਰਹੀਆਂ ਹਨ ਜਿਸ ਵਿਚ ਸਿਆਸੀ ਦਖ਼ਲ-ਅੰਦਾਜ਼ੀ ਹੱਦ ਤੋਂ ਜ਼ਿਆਦਾ ਹੈ। ਇਸ ਦੀਆਂ ਚੋਣਾਂ ਸਮੇਂ ਸਿਰ ਕਰਵਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਨੇ ਵੀ ਕਦੇ ਦਿਲਚਸਪੀ ਨਹੀਂ ਵਿਖਾਈ।
ਸਿੱਖ ਹਲਕਿਆਂ ਅਨੁਸਾਰ ਬਾਦਲਾਂ ਦੀ ਬਦੌਲਤ ਇਹ ਚੋਣ ਕੈਪਟਨ ਹਕੂਮਤ ਨੇ ਕਰਵਾਉਣ ਦੀ ਥਾਂ ਲਾਰੇ ਲੱਪੇ ਹੀ ਲਾਏ। ਇਸ ਦਾ ਕਾਰਨ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪ੍ਰਵਾਰ ਦਰਮਿਆਨ ਨੂਰਾ ਕੁਸ਼ਤੀ ਚਲ ਰਹੀ ਸੀ। ਕੈਪਟਨ ਸਾਹਿਬ ਨੇ ਉਤਲੇ ਮਨ ਤੋਂ ਸਿੱਖ ਗੁਰਦਵਾਰਾ ਚੋਣ ਕਮਿਸ਼ਨਰ ਦੀ ਨਿਯੁਕਤੀ ਤਾਂ ਕਰ ਦਿਤੀ ਪਰ ਸਟਾਫ਼, ਦਫ਼ਤਰੀ ਸਾਜੋ-ਸਮਾਨ ਮੁਹਈਆ ਹੀ ਨਹੀਂ ਕੀਤਾ। ਹੁਣ ਚਰਚਾ ਚਲ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਪੰਥਕ ਸੰਗਠਨ ਸਰਗਰਮ ਹਨ ਕਿ ਪੰਜਾਬ ਸਰਕਾਰ ,ਚੋਣ ਕਮਿਸ਼ਨ ਨੂੰ ਪਹੁੰਚ ਕੀਤੀ ਜਾਵੇ। ਦੂਸਰੇ ਪਾਸੇ ਕਮਜ਼ੋਰ ਹੋ ਚੁੱਕੇ ਬਾਦਲ ਦਲ ਦੀ ਹੁਣ ਵੀ ਕੋਸ਼ਿਸ਼ ਹੋਵੇਗੀ ਕਿ ਇਹ ਚੋਣਾਂ ਨਾ ਹੋਣ ਦੇਣ ਲਈ ਕੋਈ ਨਾ ਕੋਈ ਵਿਘਨ ਪਾਇਆ ਜਾਵੇ। ਕੇਂਦਰ ਵਿਚ ਗ਼ੈਰ-ਕਾਂਗਰਸੀ ਸਰਕਾਰਾਂ ਸਮੇਂ ਚੋਣਾਂ ਹੋਈਆਂ। ਡਾ. ਮਨਮੋਹਨ ਸਮੇਂ ਵੀ ਚੋਣ ਹੋਈ ਪਰ ਬਾਦਲਾਂ ਦੀ ਭਾਜਪਾਈਆਂ ਨਾਲ ਸਾਂਝ ਕਾਰਨ ਵੀ ਚੋਣਾਂ ਨਹੀਂ ਹੋਈਆਂ ਪਰ ਹੁਣ ਸਿਆਸੀ ਹਾਲਾਤ ਕੇਂਦਰ ਤੇ ਪੰਜਾਬ ਵਿਚ ਬਦਲ ਚੁੱਕੇ ਹਨ।