
ਰਾਘਵ ਚੱਢਾ, ਹਰਭਜਨ ਤੇ ਪ੍ਰੋਫ਼ੈਸਰ ਸੰਦੀਪ ਪਾਠਕ ਦੇ ਪੰਜਾਬ ਤੋਂ ਰਾਜ ਸਭਾ ਲਈ ਨਾਂ ਚਰਚਾ ਵਿਚ
ਚੰਡੀਗੜ੍ਹ (ਸਸਸ): ਪੰਜਾਬ ਤੋਂ ਖ਼ਾਲੀ ਹੋਣ ਵਾਲੀਆਂ 5 ਰਾਜ ਸਭਾ ਸੀਟਾਂ ਲਈ ਨਾਮਜ਼ਦਗੀਆਂ ਦਾ ਅੱਜ ਆਖ਼ਰੀ ਦਿਨ ਹੈ। ਹਾਲਾਂਕਿ ਆਮ ਆਦਮੀ ਪਾਰਟੀ ਨੇ ਅਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ’ਚ ‘ਆਪ’ ਨੇ 117 ਵਿਚੋਂ 92 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਿਸ ਕਾਰਨ ਰਾਜ ਸਭਾ ਦੀਆਂ ਸਾਰੀਆਂ 5 ਸੀਟਾਂ ’ਤੇ ਉਨ੍ਹਾਂ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਹੈ। ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਅਤੇ ਨਰੇਸ਼ ਗੁਜ਼ਰਾਲ ਭਾਜਪਾ ਦੇ ਸ਼ਵੇਤ ਮਲਿਕ ਅਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਦਾ ਕਾਰਜਕਾਲ ਅਪ੍ਰੈਲ ਵਿਚ ਖ਼ਤਮ ਹੋਣ ਕਾਰਨ ਇਹ ਪੰਜ ਸੀਟਾਂ ਖ਼ਾਲੀ ਹੋਈਆਂ ਹਨ। ਇਨ੍ਹਾਂ ਦੀ ਚੋਣ 31 ਮਾਰਚ ਨੂੰ ਹੋਣੀ ਹੈ।
Rajya Sabha
ਪੰਜਾਬ ਤੋਂ ਰਾਜ ਸਭਾ ਲਈ 3 ਨਾਂ ਚਰਚਾ ਵਿਚ ਹਨ। ਹਾਲਾਂਕਿ ਆਮ ਆਦਮੀ ਪਾਰਟੀ ਵਲੋਂ ਇਸ ਦਾ ਰਸਮੀ ਐਲਾਨ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ। ਪਹਿਲਾ ਨਾਂ ਕ੍ਰਿਕਟਰ ਹਰਭਜਨ ਸਿੰਘ ਦਾ ਹੈ। ਹਰਭਜਨ ਸਿੰਘ ਨੇ ਕੁੱਝ ਮਹੀਨੇ ਪਹਿਲਾਂ ਹੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਹਨ। ਸਪੋਰਟਸ ਯੂਨੀਵਰਸਿਟੀ ਦੀ ਕਮਾਨ ਵੀ ਉਨ੍ਹਾਂ ਨੂੰ ਸੌਂਪਣ ਦੀ ਤਿਆਰੀ ਹੈ। ਦੂਜਾ ਨਾਂਅ ਦਿੱਲੀ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਦਾ ਹੈ। ਉਨ੍ਹਾਂ ਦੀ ਰਣਨੀਤੀ ਸਦਕਾ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਵੱਡੀ ਜਿੱਤ ਮਿਲੀ।
Harbhajan Singh, Raghav Chadha
ਤੀਜਾ ਨਾਂ ਆਈਆਈਟੀ ਦਿੱਲੀ ਦੇ ਪ੍ਰੋਫ਼ੈਸਰ ਸੰਦੀਪ ਪਾਠਕ ਦਾ ਹੈ। ਪ੍ਰੋਫ਼ੈਸਰ ਪਾਠਕ ਨੇ ਪੰਜਾਬ ਚੋਣਾਂ ਦੌਰਾਨ ਪਰਦੇ ਪਿੱਛੇ ਰਹਿ ਕੇ ‘ਆਪ’ ਦੀ ਜਿੱਤ ਦੀ ਰਣਨੀਤੀ ਵਿਚ ਅਹਿਮ ਭੂਮਿਕਾ ਨਿਭਾਈ ਸੀ। ਇਸ ਨਾਲ ਹੀ ਹੁਣ ਆਮ ਆਦਮੀ ਪਾਰਟੀ ਦੀ ਦੇਰੀ ਨੂੰ ਵਿਰੋਧੀਆਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀਐੱਲਸੀ) ਦੇ ਮੁੱਖ ਬੁਲਾਰੇ ਪ੍ਰਿਤਪਾਲ ਸਿੰਘ ਬੱਲੀਏਵਾਲ ਨੇ ਇਸ ’ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬੀਆਂ ਨੇ ਉਨ੍ਹਾਂ ’ਤੇ ਵਿਸ਼ਵਾਸ ਦਿਖਾਇਆ ਹੈ। ਉਮੀਦ ਹੈ ਕਿ ਉਹ ਪੰਜਾਬੀਆਂ ਨੂੰ ਨਾਮਜ਼ਦ ਕਰਵਾ ਕੇ ਇਸ ਨੂੰ ਕਾਇਮ ਰੱਖਣਗੇ।