
ਪਾਕਿਸਤਾਨ ਵਿਚ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ 1893 ਸ਼ਰਧਾਲੂ ਦੋ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਅਟਾਰੀ ਸਟੇਸ਼ਨ 'ਤੇ ਪੁੱਜੇ
ਅੰਮ੍ਰਿਤਸਰ: ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਦੇ ਗੁਰਦੁਆਰਾ ਪੰਜਾ ਸਾਹਿਬ ਗਿਆ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਰਤ ਆਇਆ ਹੈ। ਪਾਕਿਸਤਾਨ ਵਿਚ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਉਪਰੰਤ 1893 ਸ਼ਰਧਾਲੂ ਦੋ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਅਟਾਰੀ ਸਟੇਸ਼ਨ 'ਤੇ ਪੁੱਜੇ। ਜ਼ਿਕਰਯੋਗ ਹੈ ਕਿ 12 ਅਪ੍ਰੈਲ ਨੂੰ 1895 ਸ਼ਰਧਾਲੂ ਪਾਕਿਸਤਾਨ ਗਏ ਸਨ ਪਰ ਇੱਕ ਸ਼ਰਧਾਲੂ ਹੁਸ਼ਿਆਰ ਸਿੰਘ (71) ਵਾਸੀ ਪਿੰਡ ਹਥਣ ਤਹਿਸੀਲ ਮਲੇਰਕੋਟਲਾ ਜਿਲ੍ਹਾ ਸੰਗਰੂਰ ਦੀ 14 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ।
Jatha of Sikh Pilgrims Returning From Pakistan
ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨ ਕਰਕੇ ਪਰਤੇ ਸ਼ਰਧਾਲੂਆਂ ਨੇ ਸਿੱਖ ਕੌਮ ਤੋਂ ਵਿਛੜੇ ਪਾਵਨ ਪਵਿੱਤਰ ਗੁਰਦੁਆਰਾ ਸਾਹਿਬਾਨ ਦੀ ਸਾਂਭ-ਸੰਭਾਲ ਤੇ ਜਥੇ ਲਈ ਰਿਹਾਇਸ਼, ਲੰਗਰ, ਪਾਣੀ, ਮੈਡੀਕਲ ਤੇ ਸੁਰੱਖਿਆ ਪ੍ਰਬੰਧਾਂ ਤੇ ਤਸੱਲੀ ਪ੍ਰਗਟਾਈ। ਜਥੇ ਦੀ ਡਿਪਟੀ ਲੀਡਰ ਰਵਿੰਦਰ ਕੌਰ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਪਾਕਿ ਯਾਤਰਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਵਫ਼ਦਾਰ ਨੇ ਪਾਕਿ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਅੰਮ੍ਰਿਤਸਰ ਤੋਂ ਨਨਕਾਣਾ ਸਾਹਿਬ ਤਕ ਅਲੌਕਿਕ ਨਗਰ ਕੀਰਤਨ ਸਜਾਉਣ ਤੇ ਵਿਸ਼ੇਸ਼ ਜੱਥਿਆਂ ਦੀ ਪ੍ਰਵਾਨਗੀ ਦੇਣ ਦੀ ਅਪੀਲ ਕੀਤੀ।
Pakistan Sikh Gurudwara parbandhak Committee
ਇਸ ਤੋਂ ਇਲਾਵਾ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਸਮਾਗਮ ਕਰਨ ਦੀ ਵੀ ਅਪੀਲ ਕੀਤੀ ਗਈ, ਜਿਸ ਤੇ ਉਨ੍ਹਾਂ ਸਕਾਰਾਤਮਕ ਹਾਮੀ ਭਰੀ ਹੈ। ਜੱਥੇ ਦੇ ਲੀਡਰ ਨੇ ਦੱਸਿਆ ਕਿ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਮੌਕੇ ਪਾਕਿ ਅਧਿਕਾਰੀਆਂ ਨੇ ਕਰਤਾਰਪੁਰ ਲਾਂਘੇ ਦੇ ਤੇਜ਼ੀ ਨਾਲ ਚੱਲ ਰਹੇ ਕੰਮ-ਕਾਜ ਦਾ ਵੀ ਵਿਸ਼ੇਸ਼ ਬੱਸਾਂ ਰਾਹੀਂ ਦੌਰਾ ਕਰਵਾਇਆ।
Kartarpur Corridor
ਉਨ੍ਹਾਂ ਦੱਸਿਆ ਕਿ ਲਾਂਘੇ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਪਾਕਿਸਤਾਨ ਵਾਲੇ ਪਾਸਿਓਂ ਕਾਫੀ ਉਸਾਰੀ ਹੋ ਚੁੱਕੀ ਹੈ। ਉਮੀਦ ਹੈ ਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਤਕ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਜਾਵੇਗਾ। ਸ਼ਰਧਾਲੂਆਂ ਨੇ ਦੱਸਿਆ ਕਿ ਰਿਹਾਇਸ਼ੀ ਪ੍ਰਬੰਧ ਚੰਗੇ ਸਨ ਪਰ ਉਨ੍ਹਾਂ ਨੂੰ ਹੋਰ ਵਧੀਆ ਕਰਨ ਲਈ ਪਾਕਿਸਤਾਨ ਸਰਕਾਰ ਨੂੰ ਕਿਹਾ ਜਾਵੇਗਾ।