
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆਂ ਕੋਲ ਮੁਲਕ ਦੇ ਵਿਦੇਸ਼ ਮੰਤਰਾਲੇ ਦੀ......
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵਿਚ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆਂ ਕੋਲ ਮੁਲਕ ਦੇ ਵਿਦੇਸ਼ ਮੰਤਰਾਲੇ ਦੀ ਪ੍ਰਵਾਨਗੀ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਗੁਰਦੁਆਰਾ ਪੰਜਾ ਸਾਹਿਬ ਵਿਚ ਜਾਣ ਦੀ ਇਜਾਜ਼ਤ ਨਾ ਦੇਣ 'ਤੇ ਪਾਕਿਸਤਾਨ ਦੇ ਧੱਕੇਸ਼ਾਹੀ ਵਾਲੇ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਇਸਲਾਮਾਬਾਦ ਦੀ ਨਵੀਂ ਦਿੱਲੀ ਵਿਰੁਧ ਆਪਹੁਦਰੀ ਤੇ ਬੇਸਮਝੀ ਵਾਲੀ ਦੁਸ਼ਮਣੀ ਵਾਲੇ ਇਸ ਕਦਮ 'ਤੇ ਹੈਰਾਨੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਆਸੀ ਖੇਡ ਯੋਜਨਾ ਵਿਚ ਧਰਮ ਨੂੰ ਹਿੱਸਾ ਬਣਾ ਕੇ ਪਾਕਿਸਤਾਨ ਨੇ ਸਿੱਧ ਕਰ ਦਿਤਾ ਹੈ ਕਿ ਉਹ ਭਾਰਤ ਨਾਲ ਅਪਣੇ ਰਿਸ਼ਤਿਆਂ ਪ੍ਰਤੀ ਕਿਸ ਹੱਦ ਤਕ ਨੀਵੇਂ ਪੱਧਰ 'ਤੇ ਡਿੱਗ ਸਕਦਾ ਹੈ। ਇਸ ਨਾਲ ਪਾਕਿਸਤਾਨ ਦੀ ਕੌਮਾਂਤਰੀ ਤੇ ਕੂਟਨੀਤਿਕ ਸਮਝੌਤਿਆਂ ਪ੍ਰਤੀ ਘੋਰ ਘਿਰਣਾ ਵੀ ਜ਼ਾਹਰ ਹੋ ਗਈ ਹੈ।
ਮੁੱਖ ਮੰਤਰੀ ਨੇ ਟਵੀਟ ਰਾਹੀਂ ਪਾਕਿਸਤਾਨ ਦੀ ਨਾਪਾਕ ਕਾਰਵਾਈ ਵਿਰੁਧ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਇਸਲਾਮਾਬਾਦ ਨੂੰ ਕਿਸੇ ਭਾਰਤੀ ਅਧਿਕਾਰੀ ਨੂੰ ਗੁਰਦੁਆਰਾ ਸਾਹਿਬ ਵਿਚ ਜਾਣ ਤੋਂ ਰੋਕਣ ਦਾ ਕੋਈ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਉਚ ਪੱਧਰ 'ਤੇ ਵਿਚਾਰ ਕੇ ਢੁਕਵਾਂ ਜੁਆਬ ਦਿਤਾ ਜਾਵੇ।