
ਪਹਿਲੇ ਹੀ ਦਿਨ ਪੁੱਜੇ 11 ਹਵਾਲਾਤੀ
ਬਠਿੰਡਾ, 20 ਅਪ੍ਰੈਲ (ਸੁਖਜਿੰਦਰ ਮਾਨ) : ਕਰੀਬ ਚਾਰ ਸਾਲਾਂ ਤੋਂ ਬਣ ਕੇ ਬਿਲਕੁੱਲ ਪੂਰੀ ਤਰ੍ਹਾਂ ਤਿਆਰ ਹੋ ਚੁੱਕੀ ਬਠਿੰਡਾ ਦੀ ਜਨਾਨਾ ਜੇਲ ਨੂੰ ਹੁਣ ਪੰਜਾਬ ਸਰਕਾਰ ਨੇ ਸਪੈਸ਼ਲ ਜੇਲ ਐਲਾਨ ਦਿੱਤਾ ਹੈ। ਇਸ ਨਵੀਂ ਐਲਾਨੀ ਜੇਲ ’ਚ ਹੁਣ ਮਾਲਵਾ ਦੇ ਅੱਧੀ ਦਰਜ਼ਨ ਜ਼ਿਲਿ੍ਹਆਂ ਤੋਂ ਮੁਜਰਮ ਆਉਣਗੇ। ਅੱਜ ਪਹਿਲੇ ਦਿਨ ਵੱਖ-ਵੱਖ ਜ਼ਿਲਿ੍ਹਆਂ ਤੋਂ 11 ਹਵਾਲਾਤੀ ਇਸ ਜੇਲ੍ਹ ਵਿਚ ਪੁੱਜੇ ਹਨ। ਜੇਲ ਅਧਿਕਾਰੀਆਂ ਮੁਤਾਬਕ ਸਰਕਾਰ ਵਲੋਂ ਅਜਿਹਾ ਕਦਮ ਪੁਰਾਣੇ ਕੈਦੀਆਂ ਤੇ ਹਵਾਲਾਤੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਚੁੱਕਿਆ ਹੈ।
ਬਠਿੰਡਾ ਜੇਲ੍ਹ ਤੋਂ ਇਲਾਵਾ ਬਰਨਾਲਾ ਤੇ ਪੱਟੀ ਜ਼ਿਲ੍ਹਾ ਜੇਲ੍ਹ ਤੋਂ ਇਲਾਵਾ ਲੁਧਿਆਣਾ ਦੀ ਬੋਸਟਨ ਜੇਲ੍ਹ ਨੂੰ ਵੀ ਸਪੈਸ਼ਲ ਜੇਲ੍ਹ ਐਲਾਨਿਆ ਗਿਆ ਹੈ। ਸਰਕਾਰ ਦੇ ਉਚ ਸੂਤਰਾਂ ਮੁਤਾਬਕ ਹੁਣ ਇਨ੍ਹਾਂ ਜੇਲਾਂ ਵਿਚ ਪੰਜਾਬ ਭਰ ਦੀਆਂ ਅਦਾਲਤਾਂ ਵਲੋਂ ਨਿਆਂਇਕ ਹਿਰਾਸਤ ਤੇ ਸਜ਼ਾ ਸੁਣਾ ਕੇ ਭੇਜੇ ਜਾਣ ਵਾਲੇ ਕੈਦੀਆਂ ਤੇ ਹਵਾਲਾਤੀਆਂ ਨੂੰ ਰੱਖਿਆ ਜਾਵੇਗਾ। ਬਠਿੰਡਾ ਦੀ ਨਵੀਂ ਐਲਾਨੀ ਸਪੈਸ਼ਲ ਜੇਲ੍ਹ ਵਿਚ ਹੁਣ ਫ਼ਿਰੋਜਪੁਰ, ਫ਼ਰੀਦਕੋਟ, ਮੋਗਾ, ਫ਼ਾਜਲਿਕਾ, ਬਠਿੰਡਾ ਤੇ ਮਾਨਸਾ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਦੀਆਂ ਅਦਾਲਤਾਂ ਰਾਹੀ ਕੈਦੀ ਤੇ ਹਵਾਲਾਤੀ ਆਉਣਗੇ।
ਪਿਛਲੀ ਅਕਾਲੀ ਸਰਕਾਰ ਦੁਆਰਾ ਸਥਾਨਕ ਪੁਲਿਸ ਲਾਈਨ ਦੇ ਨਾਲ ਸਥਿਤ ਪੁਰਾਣੀ ਜੇਲ੍ਹ ਨੂੰ ਕਰੋੜਾਂ ਦੇ ਭਾਅ ਵੇਚ ਕੇ ਇੱਥੋ 15 ਕਿਲੋਮੀਟਰ ਦੂਰ ਪਿੰਡ ਗੋਬਿੰਦਪੁਰਾ ਵਿਖੇ ਕੇਂਦਰੀ ਜੇਲ੍ਹ ਅਤੇ ਪਿੰਡ ਭੋਖੜਾ ਦੀ ਜ਼ਮੀਨ ’ਤੇ ਨਵੀਂ ਜਨਾਨਾ ਜੇਲ ਤਿਆਰ ਕੀਤੀ ਸੀ। ਇਸ ਦੌਰਾਨ ਕੇਂਦਰੀ ਜੇਲ੍ਹ ਨੂੰ ਤਾਂ ਤੁਰੰਤ ਹੀ ਤਬਦੀਲ ਕਰ ਦਿੱਤਾ ਗਿਆ ਸੀ ਪ੍ਰੰਤੂ ਜਨਾਨਾ ਜੇਲ, ਜਿਸਦੀ ਸਮਰਥਾ 288 ਕੈਦੀਆਂ ਤੇ ਹਵਾਲਾਤੀਆਂ ਦੀ ਹੈ, ਹਾਲੇ ਤੱਕ ਖ਼ਾਲੀ ਪਈ ਹੋਈ ਹੈ। ਜੇਲ੍ਹ ਵਿਭਾਗ ਦੇ ਅਧਿਕਾਰੀਆਂ ਇਸ ਜੇਲ੍ਹ ਨੂੰ ਖਾਲੀ ਰੱਖਣ ਪਿੱਛੇ ਮੁੱਖ ਕਾਰਨ ਜੇਲ੍ਹ ਸਟਾਫ਼ ਦੀ ਕਮੀ ਵੀ ਦਸਿਆ ਜਾ ਰਿਹਾ ਹੈ। ਗੌਰਤਲਬ ਹੈ ਕਿ ਬਰਨਾਲਾ, ਪੱਟੀ ਤੇ ਲੁਧਿਆਣਾ ਦੀ ਬੋਸਟਨ ਜੇਲ੍ਹ ਵਿਚ ਬੰਦ ਹਵਾਲਾਤੀਆਂ ਤੇ ਕੈਦੀਆਂ ਨੂੰ ਪਹਿਲਾਂ ਹੀ ਦੂਜੀਆਂ ਜੇਲਾਂ ਵਿਚ ਸਿਫ਼ਟ ਕਰ ਦਿਤਾ ਗਿਆ ਸੀ।