
ਇਕ ਪਾਸੇ ਜਿੱਥੇ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ...
ਬਠਿੰਡਾ: ਇਕ ਪਾਸੇ ਜਿੱਥੇ ਕਾਂਗਰਸ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਵਿਰੋਧੀ ਪਾਰਟੀਆਂ ਸਿੱਧੂ ਦਾ ਪੂਰਾ ਸਮਰਥਨ ਕਰ ਰਹੀਆਂ ਹਨ। ਇਸੇ ਤਰ੍ਹਾਂ ਪੰਜਾਬ ਏਕਤਾ ਪਾਰਟੀ ਦੇ ਲੀਡਰ ਸੁਖਪਾਲ ਖਹਿਰਾ ਪੰਜਾਬ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਉਤਰਦੇ ਨਜ਼ਰ ਆ ਰਹੇ ਹਨ। ਖਹਿਰਾ ਦਾ ਕਹਿਣਾ ਹੈ ਕਿ ਨਵਜੋਤ ਸਿੱਧੂ ਨੇ ਸਹੀ ਕਿਹਾ ਹੈ ਕਿ ਕਾਂਗਰਸ ਅਤੇ ਅਕਾਲੀ ਦਲ ਮਿਲ ਕੇ ਫਰੈਂਡਲੀ ਮੈਚ ਖੇਡ ਰਹੇ ਹਨ, ਕਿਉਂਕਿ ਸ਼ੁਰੂ ਤੋਂ ਹੀ ਬਾਦਲ ਪਰਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲੁੱਟਿਆ ਹੀ ਹੈ।
Sukhpal Khaira
ਖਹਿਰਾ ਨੇ ਕਿਹਾ ਕਿ ਪੰਜਾਬ ਵਿਚ ਜੋ ਗਲਤ ਹੋਇਆ ਹੈ। ਇਨ੍ਹਾਂ ਦੋਵਾਂ ਪਰਵਾਰਾਂ ਨਾਲ ਮਿਲ ਕੇ ਕੀਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਪੀਡੀਏ ਵੱਲੋਂ ਨਵਜੋਤ ਸਿੱਧੂ ਨੂੰ ਪੂਰਾ ਸਾਥ ਦਿੱਤਾ ਜਾਵੇਗਾ। ਇਸ ਦੌਰਾਨ ਸਪੀਕਰ ਵੱਲੋਂ ਭੇਜੇ ਨੋਟਿਸ ‘ਤੇ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਤੋਂ ਇਸ ਮਾਮਲੇ ‘ਚ ਕੁਝ ਸਮਾਂ ਮੰਗਦੇ ਹੋਏ ਕਿਹਾ ਕਿ ਉਹ ਚੋਣਾਂ ਵਿਚ ਰੁਝੇ ਹੋਣ ਕਾਰਨ ਅਜੇ ਪੇਸ਼ ਨਹੀਂ ਹੋ ਸਕਦੇ।
Navjot Sidhu
ਜਿਸ ਲਈ ਉਨ੍ਹਾਂ ਵੱਲੋਂ ਵਿਧਾਨ ਸਭਾ ਵਿਚ ਨਾ ਆ ਸਕਣ ਦਾ ਸੰਦੇਸ਼ ਵਿਧਾਨ ਸਭਾ ਸਕੱਤਰ ਨੂੰ ਭੇਜਿਆ ਜਾ ਚੁੱਕਾ ਹੈ। ਇਸ ਮੌਕੇ ਖਹਿਰਾ ਨੇ ਹਰਸਿਮਰਤ ਕੌਰ ਬਾਦਲ ਦਾ ਬਠਿੰਡਾ ਸੀਟ ਤੋਂ ਹਾਰ ਦਾ ਦਾਅਵਾ ਵੀ ਠੋਕਿਆ। ਉਥੇ ਹੀ ਐਗਜ਼ਿਟ ਪੋਲ ਵੱਲੋਂ ਨਤੀਜਿਆਂ ਵਿਚ ਬੀਜੇਪੀ ਦੀ ਸਰਕਾਰ ਬਣਾਏ ਜਾਣ ਖਹਿਰਾ ਨੇ ਕਿਹਾ ਕਿ ਇਹ ਚੋਣ ਸਰਵੇ ਸਹੀ ਨਹੀਂ ਹੈ। 23 ਮਈ ਨੂੰ ਆਉਣ ਵਾਲੇ ਨਤੀਜਿਆਂ ਵਿਚ ਸਭ ਸਾਫ਼ ਹੋ ਜਾਵੇਗਾ।