
ਅਨੁਸੂਚਿਤ ਜਾਤੀਆਂ ਲਈ 140.40 ਲੱਖ ਜਾਰੀ
ਐਸ.ਏ.ਐਸ ਨਗਰ, 20 ਮਈ (ਸੁਖਦੀਪ ਸਿੰਘ ਸੋਈਂ) : ਪੰਜਾਬ ਅਨੁਸੂਚਿਤ ਜਾਤੀਆਂ ਤੇ ਵਿਕਾਸ ਅਤੇ ਵਿੱਤ ਕਾਰਪੋਰੇਸਨ ਨੇ ਅਨੁਸੂਚਿਤ ਜਾਤੀਆਂ ਦੇ ਗਰੀਬ ਲੋਕਾਂ ਨੂੰ ਕੋਵਿਡ-19 ਦੀ ਮਹਾਂਮਾਰੀ ਤੋਂ ਉਭਾਰਨ ਲਈ 140.40 ਲੱਖ ਦੀ ਸਬਸਿਡੀ ਜਾਰੀ ਕੀਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆ ਕਾਰਪੋਰੇਸਨ ਦੇ ਚੇਅਰਮੈਨ, ਇੰਜ. ਮੋਹਨ ਲਾਲ ਸੂਦ ਨੇ ਦੱਸਿਆ ਕਿ ਕਰੋਨਾ ਵਾਈਰਸ ਦੀ ਮਹਾਂਮਾਰੀ ਦੌਰਾਨ ਸਾਰੇ ਸੰਸਾਰ ਵਿਚ ਆਰਥਿਕ ਤੌਰ 'ਤੇ ਬਹੁਤ ਹੀ ਨਕਾਰਤਮਕ ਪ੍ਰਭਾਵ ਪਿਆ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜਗਾਰ ਖੁਸ ਗਏ ਹਨ ਅਤੇ ਗਰੀਬ ਪਰਿਵਾਰਾਂ ਦੀ ਰੋਜੀ ਰੋਟੀ 'ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ।
ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਾਪਤ ਦਿਸਾ ਨਿਰਦੇਸਾਂ 'ਤੇ ਕਾਰਵਾਈ ਕਰਦਿਆ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰਾਂ ਨੂੰ ਆਪੋਂ ਆਪਣਾ ਰੁਜਗਾਰ ਸਥਾਪਤ ਕਰਨ ਲਈ ਬੈਂਕ ਟਾਈ ਅਪ ਸਕੀਮ ਤਹਿਤ 1404 ਲਾਭਪਾਤਰੀਆਂ ਨੂੰ ਆਪਣਾ ਰੁਜਗਾਰ ਸਥਾਪਤ ਕਰਨ ਲਈ 140.40 ਲੱਖ ਰੁਪਏ ਦੀ ਸਬਸਿਡੀ ਜਾਰੀ ਕਰ ਦਿੱਤੀ ਗਈ ਹੈ।
ਉਨਾਂ ਦੱਸਿਆ ਕਿ ਜਿਲਾ ਮੈਨੇਜਰਾਂ ਨੂੰ ਇਹ ਸਬਸਿਡੀ ਸਬੰਧਤ ਲਾਭਪਾਤਰੀਆਂ ਦੇ ਖਾਤੇ ਵਿਚ ਪਾਉਣ ਲਈ ਨਿਰਦੇਸ ਜਾਰੀ ਕਰ ਦਿੱਤੇ ਗਏ ਹਨ। ਇਨਾਂ ਲਾਭਪਾਤਰੀਆਂ ਨੂੰ ਆਉਣ ਵਾਲੇ ਕੁਝ ਦਿਨਾਂ ਵਿਚ ਆਪੋਂ ਆਪਣਾ ਬਿਜਨਸ ਸੁਰੂ ਕਰਨ ਲਈ ਲੱਗਭੱਗ 8 ਤੋਂ 9 ਕਰੋੜ ਰੁਪਏ ਦਾ ਕਰਜਾ ਬੈਂਕਾਂ ਦੁਆਰਾ ਪ੍ਰਾਪਤ ਹੋ ਜਾਵੇਗਾ। ਸ੍ਰੀ ਸੂਦ ਨੇ ਕਾਰਪੋਰੇਸਨ ਦੀ ਇਸ ਪਹਿਲ ਕਦਮੀ ਮਹਾਂਮਾਰੀ ਦੇ ਇਸ ਭਿਆਨਕ ਸਮੇਂ ਵਿੱਚ ਇੱਕ ਬਹੁਤ ਵੱਡੀ ਰਾਹਤ ਦੇਣ ਵਾਲੀ ਕਾਰਵਾਈ ਦੱਸਿਆ ਹੈ।