
ਕਿਹਾ, ਮੁੱਖ ਮੰਤਰੀ ਦਾ ਸ਼ਹਿਰ ਹੋਣ ਕਾਰਨ ਪਟਿਆਲਾ ਨੂੰ ਕੀਤਾ ਜਾ ਰਿਹੈ ਬਦਨਾਮ
ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਪੰਜਾਬ ਵਿਚ ਕੋਰੋਨਾ ਦੇ ਕੇਸਾਂ ਅਤੇ ਮੌਤਾਂ ਦਾ ਅੰਕੜਾ ਤੇਜ਼ੀ ਨਾਲ ਵੱਧ ਰਿਹਾ ਹੈ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਸਖ਼ਤ ਕਦਮ ਚੁੱਕੇ ਗਏ ਹਨ। ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਸਪੋਕਸਮੈਨ ਟੀਵੀ ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨਾਲ ਵਿਸ਼ੇਸ਼ ਗੱਲਬਾਤ ਕੀਤੀ।
Coronavirus
ਸਵਾਲ : ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਪਟਿਆਲਾ ਵਿਚ ਕੋਰੋਨਾ ਵਾਇਰਸ ਦੇ ਹਾਲਾਤ ਕੰਟਰੋਲ ਤੋਂ ਬਾਹਰ ਹਨ। ਇਸ ਬਾਰੇ ਤੁਸੀਂ ਕੀ ਕਹੋਗੇ?
ਜਵਾਬ : ਇਹ ਅਫ਼ਵਾਹਾਂ ਬਿਲਕੁਲ ਝੂਠੀਆਂ ਹਨ। ਜਿਸ ਤਰ੍ਹਾਂ ਪਟਿਆਲਾ ਵਿਚ ਕੋਰੋਨਾ ਵਾਇਰਸ ਮਗਰੋਂ ਹਾਲਾਤ ਕਾਬੂ ਕੀਤੇ ਗਏ ਹਨ, ਉਹ ਪੂਰੇ ਦੇਸ਼ ਲਈ ਇਕ ਮਿਸਾਲ ਹੈ। ਜੇ ਮੈਨੂੰ ਕਦੇ ਕੋਰੋਨਾ ਹੋਇਆ ਤਾਂ ਮੈਂ ਚਾਹਾਂਗੀ ਕਿ ਮੇਰਾ ਇਲਾਜ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਹੀ ਹੋਵੇ। ਮੇਰੇ ਦੋਵੇਂ ਪੋਤਿਆਂ, ਉਨ੍ਹਾਂ ਦੀ ਪਤਨੀ ਅਤੇ ਬੱਚਿਆਂ ਨੂੰ ਵੀ ਪਿਛਲੇ ਦਿਨੀਂ ਕੋਰੋਨਾ ਹੋਇਆ ਸੀ ਅਤੇ ਉਨ੍ਹਾਂ ਦਾ ਵੀ ਇਲਾਜ ਪਟਿਆਲਾ ਦੇ ਡਾਕਟਰਾਂ ਨੇ ਹੀ ਕੀਤਾ।
ਇਹ ਅਫ਼ਵਾਹਾਂ ਵਿਰੋਧੀ ਪਾਰਟੀਆਂ ਵਲੋਂ ਜਾਣ-ਬੁੱਝ ਕੇ ਫੈਲਾਈਆਂ ਜਾ ਰਹੀਆਂ ਹਨ ਤਾਕਿ ਇਸ ਨੂੰ ਸਿਆਸੀ ਮੁੱਦਾ ਬਣਾਇਆ ਜਾ ਸਕੇ। ਇਹ ਸਮਾਂ ਸਿਆਸਤ ਕਰਨ ਦਾ ਨਹੀਂ। ਰਾਜਿੰਦਰਾ ਹਸਪਤਾਲ ਵਿਚ ਕੋਵਿਡ ਵਾਰਡ ਦੇ ਮੁਖੀ ਡਾ. ਸੀਬਿਆ ਅਤੇ ਸੰਜੇ ਗੋਇਲ ਰਾਤ 3.30 ਵਜੇ ਤਕ ਵਾਰਡ ਵਿਚ ਰਹਿੰਦੇ ਹਨ ਅਤੇ ਸਵੇਰੇ 8 ਵਜੇ ਦੁਬਾਰਾ ਡਿਊਟੀ ’ਤੇ ਆ ਜਾਂਦੇ ਹਨ। ਇਸ ਮਗਰੋਂ ਵੀ ਜੇ ਕੋਈ ਇਲਜ਼ਾਮ ਲਗਾਏ ਤਾਂ ਇਹ ਬਹੁਤ ਬੁਰੀ ਗੱਲ ਹੈ। ਸਾਨੂੰ ਸਾਰਿਆਂ ਨੂੰ ਇਸ ਲੜਾਈ ਵਿਚ ਜ਼ਿੰਮੇਵਾਰੀ ਨਾਲ ਅਪਣਾ ਯੋਗਦਾਨ ਪਾਉਣ ਦੀ ਲੋੜ ਹੈ।
Preneet Kaur
ਸਵਾਲ : ਕੋਰੋਨਾ ਜਿਹੇ ਮਾੜੇ ਸਮੇਂ ਵਿਚ ਵੀ ਲੋਕ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ?
ਜਵਾਬ : ਇਸ ਸਮੇਂ ਜ਼ਿੰਮੇਵਾਰ ਆਗੂਆਂ ਅਤੇ ਲੋਕਾਂ ਨੂੰ ਇਕ ਦੂਜੇ ਵਿਰੁਧ ਇਲਜ਼ਾਮਬਾਜ਼ੀ ਤੋਂ ਉਪਰ ਉਠ ਕੇ ਕੰਮ ਕਰਨਾ ਚਾਹੀਦਾ ਹੈ। ਮੈਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਅਸੀਂ ਸਾਰੇ ਇਕਜੁਟ ਹੋ ਕੇ ਇਹ ਲੜਾਈ ਲੜੀਏ। ਜਦੋਂ ਚੋਣਾਂ ਦਾ ਸਮਾਂ ਆਵੇ, ਉਦੋਂ ਖੁਲ੍ਹ ਕੇ ਸਿਆਸਤ ਕਰੋ। ਇਹ ਸਾਡਾ ਲੋਕਤੰਤਰੀ ਅਧਿਕਾਰ ਹੈ।
ਸਵਾਲ : ਤੁਹਾਡੇ ਐਮ.ਪੀ. ਲੈਡ ਫ਼ੰਡ ਵਾਪਸ ਲੈ ਲਏ ਗਏ ਸਨ। ਹੁਣ ਕੀ ਹਾਲਾਤ ਹਨ?
ਜਵਾਬ : ਹੁਣ ਸਾਨੂੰ ਸਾਰੇ ਸੰਸਦ ਮੈਂਬਰਾਂ ਨੂੰ ਢਾਈ-ਢਾਈ ਕਰੋੜ ਰੁਪਏ ਕੇਂਦਰ ਸਰਕਾਰ ਤੋਂ ਵਾਪਸ ਆਏ ਹਨ। ਇਸ ਵਿਚੋਂ ਪਟਿਆਲਾ ਲਈ 10 ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਇਨ੍ਹਾਂ ਵਿਚੋਂ 4 ਆਕਸੀਜਨ ਪਲਾਂਟ ਰਾਜਿੰਦਰਾ ਹਸਪਤਾਲ ਵਿਚ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਰਾਜਪੁਰਾ, ਨਾਭਾ, ਪਾਤੜਾਂ ਵੀ ਆਕਸੀਜਨ ਪਲਾਂਟ ਲਗਾਏ ਜਾ ਰਹੇ ਹਨ। ਇਨ੍ਹਾਂ ਪਲਾਂਟਾਂ ਵਿਚ ਜਿਹੜਾ ਵੀ ਸਮਾਨ ਲੱਗੇਗਾ, ਉਹ ਸਾਰਾ ਐਮ.ਪੀ. ਲੈਡ ਵਿਚੋਂ ਖ਼ਰਚਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਇਸ ਫ਼ੰਡ ਨੂੰ ਕੋਰੋਨਾ ਸਹੂਲਤ ਲਈ ਖ਼ਰਚਣ ਨੂੰ ਮਨਜ਼ੂਰੀ ਦੇ ਦਿਤੀ ਹੈ। ਪਟਿਆਲਾ ਵਿਚ ਇਹ ਆਕਸੀਜਨ ਪਲਾਂਟ ਅਗਲੇ 1-2 ਮਹੀਨੇ ਵਿਚ ਲੱਗ ਜਾਣਗੇ।
Preneet Kaur
ਸਵਾਲ : ਕੇਂਦਰ ਸਰਕਾਰ ਤੋਂ ਤੁਹਾਨੂੰ ਕਿੰਨਾ ਸਹਿਯੋਗ ਮਿਲ ਰਿਹਾ ਹੈ ਅਤੇ ਕੇਂਦਰ ਸਰਕਾਰ ਵਿਰੁਧ ਕੋਰੋਨਾ ਦੀ ਦੂਜੀ ਲਹਿਰ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਦਾ ਦੋਸ਼ ਲਗਾਇਆ ਗਿਆ ਹੈ?
ਜਵਾਬ : ਪੂਰੀ ਦੁਨੀਆਂ ਨੂੰ ਪਤਾ ਸੀ ਕਿ ਕੋਰੋਨਾ ਦੀ ਦੂਜੀ ਲਹਿਰ ਆਉਣੀ ਹੀ ਸੀ। ਭਾਰਤ ਵਿਚ ਲਗਾਤਾਰ ਵਿਦੇਸ਼ੀ ਉਡਾਣਾਂ ਦਾ ਸਿਲਸਿਲਾ ਜਾਰੀ ਸੀ। ਸਰਕਾਰ ਨੂੰ ਪਤਾ ਸੀ ਕਿ ਭਾਰਤ ਵਿਚ ਵੀ ਕੋਰੋਨਾ ਦੀ ਦੂਜੀ ਲਹਿਰ ਆਵੇਗੀ। ਅੱਜ ਦੇ ਹਾਲਾਤ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੋਵੇਂ ਜ਼ਿੰਮੇਵਾਰ ਹਨ। ਸਰਕਾਰ ਨੂੰ ਅਪਣੀ ਗ਼ਲਤੀ ਮੰਨਣੀ ਚਾਹੀਦੀ ਹੈ ਕਿ ਸਾਡੀ ਲਾਪਰਵਾਹੀ ਕਾਰਨ ਕੋਰੋਨਾ ਇੰਨਾ ਵੱਧ ਫੈਲਿਆ। ਕੇਂਦਰ ਸਰਕਾਰ ਨੂੰ ਹੁਣ ਜ਼ਰੂਰੀ ਕਦਮ ਚੁਕਣੇ ਚਾਹੀਦੇ ਹਨ।
ਕੇਂਦਰ ਸਰਕਾਰ ਕੋਲ ਸਾਰੀਆਂ ਸ਼ਕਤੀਆਂ ਹਨ। ਸੂਬਾ ਸਰਕਾਰਾਂ ਬਗ਼ੈਰ ਮਨਜ਼ੂਰੀ, ਦਵਾਈਆਂ, ਆਕਸੀਜਨ ਤੇ ਵੈਕਸੀਨ ਨਹੀਂ ਖ਼ਰੀਦ ਸਕਦੀਆਂ। ਪੰਜਾਬ ਲਈ ਆਕਸੀਜਨ ਦਾ ਕੋਟਾ ਤੈਅ ਕਰਨ ਲਈ ਸਾਨੂੰ ਕੇਂਦਰ ਸਰਕਾਰ ਨਾਲ ਲੜਾਈ ਲੜਨੀ ਪਈ ਅਤੇ ਕਾਮਯਾਬ ਵੀ ਹੋਏ। ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਆਕਸੀਜਨ ਦੀ ਸਪਲਾਈ ਨੂੰ ਬੋਕਾਰੋ ਦੀ ਬਜਾਏ ਕਿਸੇ ਨੇੜਲੀ ਥਾਂ ਤੋਂ ਸਪਲਾਈ ਕਰਨ ਦੀ ਮਨਜ਼ੂਰੀ ਦਿਤੀ ਜਾਵੇ।
ਸਵਾਲ : ਪਿੰਡਾਂ ਵਿਚ ਕੋਰੋਨਾ ਦੀ ਦੂਜੀ ਲਹਿਰ ਬਹੁਤ ਤੇਜ਼ੀ ਨਾਲ ਫੈਲੀ ਹੈ। ਪਿੰਡਾਂ ਵਿਚ ਲੋਕਾਂ ਨੂੰ ਬਚਾਉਣ ਲਈ ਕਿੰਨੀ ਕੁ ਤਿਆਰੀ ਹੈ?
ਜਵਾਬ : ਕੋਰੋਨਾ ਤੋਂ ਪਹਿਲਾਂ ਪਿੰਡ ਵਾਲੇ ਕੋਈ ਗੰਭੀਰ ਬੀਮਾਰੀ ਹੋਣ ’ਤੇ ਹੀ ਸ਼ਹਿਰਾਂ ਦੇ ਹਸਪਤਾਲਾਂ ਵਿਚ ਜਾਂਦੇ ਸਨ। ਪਰ ਕੋਰੋਨਾ ਕਾਰਨ ਹੁਣ ਸਰਕਾਰਾਂ ਨੂੰ ਇਸ ਵੱਲ ਸੋਚਣਾ ਚਾਹੀਦਾ ਹੈ ਕਿ ਪਿੰਡਾਂ ਵਿਚ ਵੀ ਪੁਖ਼ਤਾ ਸਿਹਤ ਸਹੂਲਤਾਂ ਹੋਣੀਆਂ ਜ਼ਰੂਰੀ ਹਨ। ਹੁਣ ਅਸੀਂ ਆਕਸੀਜਨ ਪਲਾਂਟਾਂ ਦਾ ਵੱਡੀ ਗਿਣਤੀ ਵਿਚ ਪ੍ਰਬੰਧ ਕਰ ਰਹੇ ਹਾਂ, ਜਿਵੇਂ ਰਾਜਪੁਰਾ, ਨਾਭਾ, ਪਾਤੜਾਂ। ਇਸ ਨਾਲ ਛੇਤੀ ਆਕਸੀਜਨ ਦਾ ਪ੍ਰਬੰਧ ਕੀਤਾ ਜਾ ਸਕੇਗਾ। ਮੌਜੂਦਾ ਸਮੇਂ ਇਸ ਕਰ ਕੇ ਜ਼ਿਆਦਾ ਹਾਲਾਤ ਖ਼ਰਾਬ ਹਨ ਕਿਉਂਕਿ ਲੋਕ ਗੰਭੀਰ ਬੀਮਾਰ ਹੋਣ ਮਗਰੋਂ ਹੀ ਹਸਪਤਾਲ ਪਹੁੰਚ ਰਹੇ ਹਨ।
Captain Amarinder Singh
ਸਵਾਲ : ਝਾਰਖੰਡ ਜਿਹੇ ਸੂਬੇ ਵਿਚ ਕਰੋਸੀਨ ਗੋਲੀ ਵੀ ਖ਼ਰੀਦ ਕੇ ਖਾਣੀ ਪੈ ਰਹੀ ਹੈ। ਪੰਜਾਬ ਵਿਚ ਕੀ ਹਾਲਾਤ ਹਨ?
ਜਵਾਬ : ਪੰਜਾਬ ਵਿਚ ਕਾਂਗਰਸ ਸਰਕਾਰ ਨੇ ਮਿਸ਼ਨ ਫ਼ਤਿਹ ਮੁਹਿੰਮ ਚਲਾਈ ਹੋਈ ਹੈ ਜਿਸ ਦਾ ਵਧੀਆ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਸਮੇਂ ਸੱਭ ਤੋਂ ਵੱਧ ਜ਼ਰੂਰੀ ਚੀਜ਼ 100 ਫ਼ੀ ਸਦੀ ਵੈਕਸੀਨੇਸ਼ਨ ਹੈ। ਪੰਜਾਬ ਸਰਕਾਰ ਇਸ ਟੀਚੇ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਜੇ ਸਾਰੇ ਲੋਕ ਮਾਸਕ ਪਾਉਣ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕਰਨ ਤਾਂ ਇਸ ਬੀਮਾਰੀ ਨੂੰ ਕਾਫ਼ੀ ਹੱਦ ਤਕ ਕਾਬੂ ਕੀਤਾ ਜਾ ਸਕਦਾ ਹੈ।
ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ, ਕਮਿਸ਼ਨ, ਨੋਡਲ ਅਫ਼ਸਰ ਪਿੰਡ-ਪਿੰਡ ਦਾ ਦੌਰਾ ਕਰ ਰਹੇ ਹਨ ਅਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਹਰ ਨਾਗਰਿਕਾਂ ਨੂੰ ਇਸ ਲੜਾਈ ਵਿਚ ਇਕਜੁਟ ਹੋ ਕੇ ਲੜਨਾ ਚਾਹੀਦਾ ਹੈ। ਲੋਕਾਂ ਵਿਚ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਜੇ ਤੁਸੀਂ ਹਸਪਤਾਲ ਜਾਉਗੇ ਤਾਂ ਤੁਹਾਡੀ ਲਾਸ਼ ਹੀ ਵਾਪਸ ਆਵੇਗੀ। ਇਹ ਗ਼ਲਤ ਗੱਲ ਹੈ। 48 ਫ਼ੀ ਸਦੀ ਲੋਕ ਬਹੁਤ ਦੇਰੀ ਨਾਲ ਹਸਪਤਾਲ ਪਹੁੰਚ ਰਹੇ ਹਨ। ਮੁੱਖ ਮੰਤਰੀ ਦਾ ਸ਼ਹਿਰ ਹੋਣ ਕਾਰਨ ਪਟਿਆਲਾ ਹਸਪਤਾਲ ਬਾਰੇ ਕੁੱਝ ਸ਼ਰਾਰਤੀ ਲੋਕਾਂ ਵਲੋਂ ਜਾਣ-ਬੁੱਝ ਕੇ ਗਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ।
ਅਜਿਹੇ ਲੋਕਾਂ ਵਲੋਂ ਮਰੀਜ਼ਾਂ ਦੇ ਰਿਸ਼ਤੇਦਾਰਾਂ ਤੋਂ ਜਾਣ-ਬੁੱਝ ਕੇ ਭੜਕਾਊ ਬਿਆਨ ਲਏ ਜਾਂਦੇ ਹਨ ਅਤੇ ਇਨ੍ਹਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਕੀਤਾ ਜਾਂਦਾ ਹੈ। ਅਸੀਂ ਯੂਥ ਕਾਂਗਰਸ ਦੇ ਵਰਕਰਾਂ ਦੀ ਟੀਮ ਬਣਾਈ ਹੈ, ਜੋ ਮਰੀਜ਼ਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਕਰਦੇ ਹਨ ਅਤੇ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਨੂੰ ਹਸਪਤਾਲ ਪ੍ਰਸ਼ਾਸਨ ਤਕ ਪਹੁੰਚਾਉਂਦੇ ਹਨ। ਇਸ ਨਾਲ ਕਾਫ਼ੀ ਲੋਕਾਂ ਨੂੰ ਫ਼ਾਇਦਾ ਵੀ ਹੋ ਰਿਹਾ ਹੈ। ਇਹ ਟੀਮ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ।
Preneet Kaur
ਸਵਾਲ : ਕਿਸਾਨ ਪਿਛਲੇ ਲਗਭਗ 6 ਮਹੀਨੇ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਹੋਏ ਹਨ। ਠੰਢ, ਗਰਮੀ ਅਤੇ ਮੀਂਹ-ਝੱਖੜ ਦਾ ਸਾਹਮਣਾ ਕਰ ਰਹੇ ਹਨ। ਇਸ ਸੱਭ ਦੇ ਬਾਵਜੂਦ ਕੇਂਦਰ ਸਰਕਾਰ ਕਿਉਂ ਨਹੀਂ ਜ਼ਿੱਦ ਛੱਡ ਰਹੀ?
ਜਵਾਬ : ਅਸੀਂ ਪਹਿਲੇ ਦਿਨ ਤੋਂ ਕਿਸਾਨਾਂ ਨਾਲ ਜੁੜੇ ਹੋਏ ਹਾਂ ਅਤੇ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਹਾਂ। ਕਾਂਗਰਸ ਦੇ ਸਾਰੇ ਸੰਸਦ ਮੈਂਬਰਾਂ ਨੇ ਪਾਰਲੀਮੈਂਟ ਵਿਚ ਇਨ੍ਹਾਂ ਕਾਨੂੰਨਾਂ ਵਿਰੁਧ ਆਵਾਜ਼ ਚੁਕੀ ਹੈ। ਅਸੀਂ ਦਿੱਲੀ ਵਿਚ ਧਰਨੇ ਵੀ ਦਿਤੇ ਹਨ। ਇਸ ਸੱਭ ਦੇ ਬਾਵਜੂਦ ਮੋਦੀ ਸਰਕਾਰ ਸਮਝਣ ਲਈ ਤਿਆਰ ਹੀ ਨਹੀਂ ਕਿ ਇਹ ਕਾਨੂੰਨ ਕਿਸਾਨਾਂ ਦੇ ਹਿਤ ਵਿਚ ਨਹੀਂ ਹਨ। ਮੈਂ ਪ੍ਰਧਾਨ ਮੰਤਰੀ ਨੂੰ ਇਕ ਵਾਰ ਫਿਰ ਅਪੀਲ ਕਰਨਾ ਚਾਹੁੰਦੀ ਹਾਂ ਕਿ ਇਸ ਮਸਲੇ ਨੂੰ ਛੇਤੀ ਸੁਲਝਾਉਣ। ਇਹ ਕੋਈ ਬਹੁਤ ਵੱਡੀ ਸਮੱਸਿਆ ਨਹੀਂ ਹੈ, ਥੋੜ੍ਹੀ ਜਿਹੀ ਨਰਮੀ ਨਾਲ ਇਹ ਨਿਬੜ ਸਕਦੀ ਹੈ। ਕਿਸਾਨ ਅਪਣੀ ਰੋਜ਼ੀ-ਰੋਟੀ ਦੇ ਨਾਲ-ਨਾਲ ਜਾਨ ਬਚਾਉਣ ਲਈ ਵੀ ਲੜ ਰਹੇ ਹਨ, ਕਿਉਂਕਿ ਇਸ ਸਮੇਂ ਕੋਰੋਨਾ ਦਾ ਕਹਿਰ ਚਲ ਰਿਹਾ ਹੈ।
ਸਵਾਲ : ਮੀਂਹ ਕਾਰਨ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਸਰਕਾਰ ਇਸ ਸੱਭ ਦੇ ਬਾਵਜੂਦ ਸਾਰ ਨਹੀਂ ਲੈ ਰਹੀ?
ਜਵਾਬ : ਇਸ ਤੋਂ ਪਹਿਲਾਂ ਵੀ 5-6 ਵਾਰੀ ਮੀਂਹ ਪੈਣ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਹਨ ਅਤੇ ਉਨ੍ਹਾਂ ਦਾ ਸਾਰਾ ਸਾਮਾਨ ਗਿੱਲਾ ਹੋ ਗਿਆ ਸੀ। ਕਿਸਾਨਾਂ ਦੀ ਦਲੇਰੀ ਅਤੇ ਹਿੰਮਤ ਦੀ ਤਾਰੀਫ਼ ਕਰਨੀ ਬਣਦੀ ਹੈ। ਮੋਦੀ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਇਹ ਕਿਸਾਨ ਵੀ ਭਾਰਤ ਦੇ ਨਾਗਰਿਕ ਹਨ ਅਤੇ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਇਨ੍ਹਾਂ ਦੀ ਗੱਲ ਸੁਣ ਕੇ ਹੱਲ ਕਢਿਆ ਜਾਏ।