
ਫਾਤਿਮਾ ਪੇਮੈਨ ਆਸਟ੍ਰੇਲੀਆ ਦੀ ਸੰਸਦ ’ਚ ਹਿਜਾਬ ਪਾਉਣ ਵਾਲੀ ਬਣੀ ਪਹਿਲੀ ਔਰਤ
ਕੈਨਬਰਾ, 20 ਜੂਨ : ਫਾਤਿਮਾ ਪੇਮੈਨ ਸੋਮਵਾਰ ਨੂੰ ਆਸਟ੍ਰੇਲੀਆਈ ਸੰਸਦ ਵਿਚ ਹਿਜਾਬ ਪਾਉਣ ਵਾਲੀ ਪਹਿਲੀ ਮੁਸਲਿਮ ਔਰਤ ਬਣ ਗਈ। ਏਬੀਸੀ ਨਿਊਜ਼ ਦੇ ਅਨੁਸਾਰ ਉਸਨੇ ਪੱਛਮੀ ਆਸਟ੍ਰੇਲੀਆ ਦੀ ਛੇਵੀਂ ਸੀਨੇਟ ਸੀਟ ਦਾ ਦਾਅਵਾ ਕੀਤਾ, ਜੋ ਕਿ ਲੇਬਰ ਦੇ ਹੱਕ ਚਲੀ ਗਈ, ਕਿਉਂਕਿ ਰਾਜ ਦੇ ਛੇ ਉੱਚ ਸਦਨ ਦੇ ਅਹੁਦਿਆਂ ਦੀ ਚੋਣ ਨੂੰ ਅੰਤਮ ਰੂਪ ਦਿਤਾ ਗਿਆ ਸੀ। 27 ਸਾਲਾਂ ਦੇ ਇਤਿਹਾਸ ਵਿਚ ਫਾਤਿਮਾ ਪੇਮੈਨ ਤੀਜੀ ਸਭ ਤੋਂ ਛੋਟੀ ਉਮਰ ਦੀ ਸੈਨੇਟਰ ਬਣੀ।
ਪੇਮੈਨ ਨੇ ਕਿਹਾ ਕਿ ਮੈਂ ਅਫ਼ਗ਼ਾਨ ਜਾਂ ਮੁਸਲਮਾਨ ਹੋਣ ਤੋਂ ਪਹਿਲਾਂ ਇਕ ਆਸਟ੍ਰੇਲੀਅਨ ਲੇਬਰ ਸੈਨੇਟਰ ਹਾਂ। ਸਾਰੇ ਆਸਟ੍ਰੇਲੀਅਨਾਂ ਦੀ ਨੁਮਾਇੰਦਗੀ ਕਰਦੀ ਹਾਂ ਭਾਵੇਂ ਉਨ੍ਹਾਂ ਦੇ ਵਿਸ਼ਵਾਸ, ਪਿਛੋਕੜ, ਸੱਭਿਆਚਾਰਕ ਪਛਾਣ ਜਾਂ ਜਿਨਸੀ ਰੁਝਾਨ, ਉਮਰ ਜਾਂ ਯੋਗਤਾ ਕੁਝ ਵੀ ਹੋਵੇ। ਮੈਂ ਸਾਰਿਆਂ ਦੀ ਨੁਮਾਇੰਦਗੀ ਕਰਾਂਗੀ, ਜਿਸ ਵਿਚ ਸਾਡੇ ਪਹਿਲੇ ਰਾਸ਼ਟਰ ਦੇ ਲੋਕ ਵੀ ਸ਼ਾਮਲ ਹਨ। ਏਬੀਸੀ ਨਿਊਜ਼ ਨੇ ਪੇਮੈਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਸ ਦੀਆਂ ਤਰਜੀਹਾਂ ਵਿਚ-ਵਿਭਿੰਨ ਪਿਛੋਕੜ ਵਾਲੇ ਵਧੇਰੇ ਲੋਕਾਂ ਨੂੰ ਰਾਜਨੀਤੀ ਵਿਚ ਸ਼ਾਮਲ ਕਰਨਾ, ਬਚਪਨ ਦੀ ਸ਼ੁਰੂਆਤੀ ਸਿੱਖਿਆ ਵਿਚ ਸੁਧਾਰ ਕਰਨਾ ਅਤੇ ਮੌਸਮ ਵਿਚ ਤਬਦੀਲੀ ਸ਼ਾਮਲ ਹੈ।
ਪੇਮੈਨ ਨੇ ਇਹ ਉਮੀਦ ਵੀ ਪ੍ਰਗਟਾਈ ਕਿ ਉਸ ਦੀ ਚੋਣ ਹਿਜਾਬ ਪਹਿਨਣ ਦੇ ਵਿਚਾਰ ਨੂੰ ਆਮ ਬਣਾਉਣ ਵਿਚ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਸਿਰਫ ਇਸ ਲਈ ਨਹੀਂ ਕਿ ਇਸਲਾਮਫੋਬੀਆ ਮੀਡੀਆ ਵਿਚ ਫੈਲਿਆ ਹੋਇਆ ਹੈ ਪਰ ਮੈਂ ਚਾਹੁੰਦੀ ਹਾਂ ਕਿ ਉਹ ਨੌਜਵਾਨ ਕੁੜੀਆਂ ਜੋ ਹਿਜਾਬ ਪਹਿਨਣ ਦਾ ਫ਼ੈਸਲਾ ਕਰਦੀਆਂ ਹਨ, ਅਸਲ ਵਿਚ ਇਹ ਮਾਣ ਨਾਲ ਕਰਨ, ਇਹ ਜਾਣਦੇ ਹੋਏ ਕਿ ਉਨ੍ਹਾਂ ਨੂੰ ਇਸ ਨੂੰ ਪਹਿਨਣ ਦਾ ਪੂਰਾ ਅਧਿਕਾਰ ਹੈ। ਏਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਪੇਮੈਨ ਅੱਠ ਸਾਲ ਦੀ ਉਮਰ ਵਿਚ ਆਸਟ੍ਰੇਲੀਆ ਆਈ ਸੀ, ਜੋ ਆਪਣੇ ਪਰਵਾਰ ਨਾਲ ਅਫ਼ਗ਼ਾਨਿਸਤਾਨ ਤੋਂ ਭੱਜ ਗਈ ਸੀ। (ਏਜੰਸੀ)