
ਅਲਬਾਨੀਜ਼ ਨੇ ਅਸਾਂਜੇ ਵਿਰੁਧ ਮੁਕੱਦਮਾ ਨਾ ਚਲਾਉਣ ਦੀ ਜਨਤਕ ਬੇਨਤੀ ਕਰਨ ਤੋਂ ਕੀਤਾ ਇਨਕਾਰ
ਕੈਨਬਰਾ, 20 ਜੂਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਜਨਤਕ ਤੌਰ ’ਤੇ ਅਮਰੀਕਾ ਨੂੰ ਵਿਕੀਲੀਕਸ ਦੇ ਸੰਸਥਾਪਕ ਅਤੇ ਆਸਟ੍ਰੇਲੀਆਈ ਨਾਗਰਿਕ ਜੂਲੀਅਨ ਅਸਾਂਜੇ ਵਿਰੁਧ ਮੁਕੱਦਮਾ ਨਾ ਚਲਾਉਣ ਦੀ ਬੇਨਤੀ ਕਰਨ ਤੋਂ ਇਨਕਾਰ ਕਰ ਦਿਤਾ। ਯੂਕੇ ਸਰਕਾਰ ਨੇ ਪਿਛਲੇ ਹਫ਼ਤੇ ਜਾਸੂਸੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਸਾਂਜੇ ਨੂੰ ਅਮਰੀਕਾ ਹਵਾਲੇ ਕਰਨ ਦਾ ਹੁਕਮ ਦਿਤਾ ਸੀ। ਉਦੋਂ ਤੋਂ ਹੀ ਆਸਟ੍ਰੇਲੀਆ ’ਤੇ ਇਸ ਮਾਮਲੇ ’ਚ ਦਖਲ ਦੇਣ ਦਾ ਦਬਾਅ ਬਣਿਆ ਹੋਇਆ ਹੈ। ਅਲਬਾਨੀਜ਼ ਨੇ ਹਾਲਾਂਕਿ ਇਸ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿਤਾ ਕੀ ਉਨ੍ਹਾਂ ਨੇ ਇਸ ਸਬੰਧ ਵਿਚ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਕੋਈ ਗੱਲ ਕੀਤੀ ਸੀ। ਅਲਬਾਨੀਜ਼ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੁਝ ਲੋਕ ਸੋਚਦੇ ਹਨ ਕਿ ਜੇਕਰ ਤੁਸੀਂ ਟਵਿੱਟਰ ’ਤੇ ਵੱਡੇ ਅੱਖਰਾਂ ’ਚ ਕੁਝ ਕਹੋਗੇ ਤਾਂ ਇਸ ਨਾਲ ਉਸ ਚੀਜ਼ ਦੀ ਮਹੱਤਤਾ ਵਧ ਜਾਵੇਗੀ ਪਰ ਅਜਿਹਾ ਨਹੀਂ ਹੈ। ਉਥੇ ਅਟਾਰਨੀ ਜਨਰਲ ਮਾਰਕ ਡਰੇਫਸ ਅਤੇ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਬ੍ਰਿਟਿਸ਼ ਸਰਕਾਰ ਦੇ ਫ਼ੈਸਲੇ ’ਤੇ ਕਿਹਾ ਕਿ ਅਸਾਂਜੇ ਦਾ ਮਾਮਲਾ ਬਹੁਤ ਲੰਬਾ ਖਿੱਚ ਗਿਆ ਹੈ ਅਤੇ ਹੁਣ ਇਸ ਨੂੰ ਖ਼ਤਮ ਕਰ ਦੇਣਾ ਚਾਹੀਦਾ ਹੈ। (ਏਜੰਸੀ)