
'ਸੀਐੱਮ ਚਾਹੇ ਜਿਹੜੀ ਮਰਜ਼ੀ ਭਾਸ਼ਾ ਵਰਤ ਲੈਣ ਪਰ ਕੁਝ ਗ਼ੈਰ-ਸੰਵਿਧਾਨਕ ਕਰੋਗੇ ਤਾਂ ਮੈਂ ਰੋਕਾਂਗਾ'
ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਿਧਾਨ ਸਭਾ 'ਚ ਚੁੱਕੇ ਗਏ ਸਵਾਲਾਂ ਦਾ ਜਵਾਬ ਦਿਤਾ। ਰਾਜਪਾਲ ਨੇ ਕਿਹਾ ਕਿ ਜਦੋਂ ਤਕ ਉਹ ਪੰਜਾਬ 'ਚ ਰਹਿਣਗੇ ਪੰਜਾਬ ਸਰਕਾਰ ਦੇ ਹੈਲੀਕਾਪਟਰ ਦੀ ਵਰਤੋਂ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਸਿਰਫ 3-4 ਵਾਰ ਹੈਲੀਕਾਪਟਰ ਦੀ ਵਰਤੋਂ ਕੀਤੀ ਹੈ ਅਤੇ ਉਹ ਵੀ ਜਦੋਂ ਉਹ ਸਰਕਾਰੀ ਡਿਊਟੀ 'ਤੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ 'ਤੇ ਗਏ ਸਨ।
ਇਹ ਵੀ ਪੜ੍ਹੋ: ਪਾਕਿ-ਆਈਐਸਆਈ ਦੀ ਹਮਾਇਤ ਪ੍ਰਾਪਤ ਸਰਹੱਦ ਪਾਰੋਂ ਨਸ਼ਾ ਤਸਕਰੀ ਦਾ ਪਰਦਾਫਾਸ਼, ਦੋ ਪਿਸਤੌਲ ਸਮੇਤ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਕੀ ਕੋਈ ਵਿਅਕਤੀ ਇੰਨਾ ਤੰਗ ਦਿਮਾਗ ਹੋ ਸਕਦਾ ਹੈ। ਬਨਵਾਰੀਲਾਲ ਪੁਰੋਹਿਤ ਨੇ ਇਹ ਵੀ ਕਿਹਾ ਕਿ ਜਦੋਂ ਤੋਂ ਉਹ ਰਾਜਪਾਲ ਬਣੇ ਹਨ, ਉਨ੍ਹਾਂ ਨੇ ਜਿੰਨੀ ਵਾਰ ਹਵਾਈ ਯਾਤਰਾ ਕੀਤੀ ਹੈ, ਉਹ ਇਕਾਨਮੀ ਕਲਾਸ ਵਿਚ ਕੀਤੀ ਹੈ, ਜਦੋਂ ਕਿ ਉਨ੍ਹਾਂ ਨੂੰ ਬਿਜ਼ਨਸ ਕਲਾਸ ਵਿਚ ਯਾਤਰਾ ਕਰਨ ਦਾ ਅਧਿਕਾਰ ਮਿਲਿਆ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਨੇ ਸਾਰੇ ਵਿੱਦਿਅਕ ਅਦਾਰਿਆਂ 'ਚ ਹੋਲੀ ਮਨਾਉਣ 'ਤੇ ਲਗਾਈ ਪਾਬੰਦੀ
ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਮੇਰਾ ਬਹੁਤ ਮਜ਼ਾਕ ਉਡਾਇਆ। ਮੁੱਖ ਮੰਤਰੀ ਦੇ ਅਹੁਦੇ ਦੀ ਮਰਿਆਦਾ ਹੁੰਦੀ ਹੈ ਤੇ ਭਗਵੰਤ ਮਾਨ ਨੂੰ ਇਸ ਨੂੰ ਬਹਾਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਮੇਰੀਆਂ ਚਿੱਠੀਆਂ ਨੂੰ ਲਵ ਲੈਟਰ ਦੱਸ ਕੇ ਮਜ਼ਾਕ ਉਡਾਇਆ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਕੁਝ ਵੀ ਬੋਲਣ ਪਰ ਉਨ੍ਹਾਂ ਨੂੰ ਮੇਰੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ।
ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਮੇਰੇ 'ਤੇ ਪੰਜਾਬ ਯੂਨੀਵਰਸਿਟੀ ਮਾਮਲੇ 'ਚ ਹਰਿਆਣਾ ਦਾ ਪੱਖ ਪੂਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੁਪਰੀਮ ਕੋਰਟ ਦੇ ਹੁਕਮ ਤੇ ਸੰਵਿਧਾਨਕ ਤੌਰ 'ਤੇ ਜਵਾਬ ਦੇਣ ਲਈ ਪਾਬੰਦ ਹਨ। ਗਵਰਨਰ ਪੁਰੋਹਿਤ ਨੇ ਕਿਹਾ ਕਿ ਸੀਐੱਮ ਚਾਹੇ ਜਿਹੜੀ ਮਰਜ਼ੀ ਭਾਸ਼ਾ ਵਰਤ ਲੈਣ ਪਰ ਕੁਝ ਗ਼ੈਰ-ਸੰਵਿਧਾਨਕ ਕਰੋਗੇ ਤਾਂ ਮੈਂ ਰੋਕਾਂਗਾ।