
Sri Muktsar Sahib News : ਜਤਿਨ ਨੇ ਆਲ ਇੰਡੀਆ ਰੈਂਕ 7191 ਅਤੇ SC ਕੈਟੇਗਰੀ ’ਚ 170ਵਾਂ ਰੈਂਕ ਕੀਤਾ ਹਾਸਲ
Sri Muktsar Sahib News in Punjabi : ਮਲੋਟ ਦੇ ਗੁਰੂ ਰਵਿਦਾਸ ਨਗਰ ਵਿੱਚ ਰਹਿੰਦੇ ਜਤਿਨ ਨੇ 'ਨੈਂਸ਼ਨਲ ਇਲੀਜੀਬਿਲਿਟੀ ਕਮ ਐਂਟਰੈਂਸ ਟੈਸਟ' NEET-UGC ਵਿੱਚ ਆਲ ਇੰਡੀਆ ਰੈਂਕ 7191 ਅਤੇ ਐੱਸਸੀ (SC) ਕੈਟੇਗਰੀ ਵਿੱਚ 170ਵਾਂ ਰੈਂਕ ਹਾਸਲ ਕੀਤਾ ਹੈ। ਇਹ ਰਿਜ਼ਲਟ 14 ਜੂਨ ਨੂੰ ਆਇਆ ਸੀ। ਜੁੱਤੀਆਂ ਬਣਾਉਣ ਦਾ ਕੰਮ ਕਰਦੇ ਜਤਿਨ ਦੇ ਪਿਤਾ ਧਰਮਵੀਰ ਤੇ ਉਨ੍ਹਾਂ ਦੇ ਮਾਤਾ ਸੁਮਨ ਰਾਣੀ ਕੋਲੋਂ ਆਪਣੀ ਖੁਸ਼ੀ ਸੰਭਾਲੀ ਨਹੀਂ ਜਾ ਰਹੀ ਹੈ।
ਜਤਿਨ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਜਵਾਹਰ ਨਵੋਦਿਆ ਵਿਦਿਆਲਾ ਮੁਕਤਸਰ ਸਾਹਿਬ ਤੋਂ ਕੀਤੀ ਹੈ। ਦਸਵੀਂ ਵਿੱਚ ਉਨ੍ਹਾਂ ਦੇ 91 ਫੀਸਦ ਅਤੇ 12ਵੀਂ ਵਿੱਚ 92 ਫੀਸਦੀ ਅੰਕ ਹਾਸਲ ਕੀਤੇ। ਪੰਜਵੀਂ ਤੱਕ ਦੀ ਪੜ੍ਹਾਈ ਉਨ੍ਹਾਂ ਨੇ ਆਪਣੇ ਇਲਾਕੇ ਵਿਚਲੇ ਹੀ ਇੱਕ ਪ੍ਰਾਈਵੇਟ ਸਕੂਲ ਤੋਂ ਕੀਤੀ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਨਵੋਦਿਆ ਵਿਦਿਆਲੇ ਵਿੱਚ ਦਾਖ਼ਲੇ ਲਈ ਪੇਪਰ ਦਿੱਤਾ ਤੇ ਉਨ੍ਹਾਂ ਦਾ ਦਾਖਲਾ ਹੋ ਗਿਆ। ਉਨ੍ਹਾਂ ਨੇ 10ਵੀਂ ਕਲਾਸ ਵਿੱਚ ਨੀਟ ਦਾ ਪੇਪਰ ਦੇਣ ਬਾਰੇ ਸੋਚਿਆ ਸੀ। ਬਾਰ੍ਹਵੀਂ ਮਗਰੋਂ ਉਨ੍ਹਾਂ ਦੀ ਦਕਸ਼ਿਣਾ ਫਾਊਂਡੇਸ਼ਨ, ਪੁਣੇ ਵਿੱਚ ਪੜ੍ਹਾਈ ਲਈ ਚੋਣ ਹੋ ਗਈ। ਦਕਸ਼ਿਣਾ ਫਾਉਂਡੇਸ਼ਨ ਵਲੋਂ ਗਰੀਬ ਬੱਚਿਆਂ ਦੀ ਪੜ੍ਹਾਈ ਲਈ ਸਹਾਇਤਾ ਕੀਤੀ ਜਾਂਦੀ ਹੈ।
ਬਿਨ੍ਹਾਂ ਪਲਸਤਰ ਵਾਲੇ ਉਨ੍ਹਾਂ ਦੇ ਘਰ ਵਿੱਚ ਅੱਜ ਰੌਣਕਾਂ ਲੱਗੀਆਂ ਹੋਈਆਂ ਹਨ, ਢੋਲ ਵੱਜ ਰਹੇ ਹਨ ਤੇ ਮੂੰਹ ਮਿੱਠੇ ਕਰਵਾਏ ਜਾ ਰਹੇ ਹਨ। ਜਤਿਨ ਦੇ ਪਿਤਾ ਨੂੰ ਪੰਜਾਬੀ ਜੁੱਤੀਆਂ ਬਣਾਉਣ ਦੇ ਕੰਮ ਤੋਂ ਕਰੀਬ 300 ਰੁਪਏ ਦਿਹਾੜੀ ਬਣਦੀ ਹੈ।
ਪਿਤਾ ਨੇ ਦੱਸਿਆ ਕਿ ਜਦੋਂ ਮੇਰਾ ਪੁੱਤ ਛੋਟਾ ਸੀ ਤਾਂ ਮੈਂ ਆਪਣੇ ਪੁੱਤ ਨੂੰ ਸਮਝਾਉਂਦਾ ਸੀ ਕਿ ਪੁੱਤ ਆਪਣੇ ਪਰਿਵਾਰ ਵਿੱਚ ਅੱਜ ਤੱਕ ਕੋਈ ਸਰਕਾਰੀ ਨੌਕਰੀ ਤੱਕ ਨਹੀਂ ਪਹੁੰਚਿਆ, ਕੋਈ ਪੜ੍ਹਿਆ ਲਿਖਿਆ ਨਹੀਂ ਹੈ।" "ਇਸ ਲਈ ਮੈਂ ਚਾਹੁੰਦਾ ਸੀ ਕਿ ਦਿਹਾੜੀ ਕਰਕੇ ਕਿਸੇ ਤਰ੍ਹਾਂ ਬੱਚੇ ਨੂੰ ਅੱਗੇ ਲੈ ਕੇ ਜਾਵਾਂਗਾ।" ਇਹ ਬੋਲ ਉਸ ਪਿਤਾ ਦੇ ਹਨ, ਜਿਨ੍ਹਾਂ ਦੇ ਪੁੱਤ ਦੀ ਅੱਤ ਦੀ ਗਰੀਬੀ ਨਾਲ ਜੂਝਦਿਆਂ ਕੀਤੀ ਮਿਹਨਤ ਰੰਗ ਲਿਆਈ ਹੈ।
(For more news apart from Shoemaker's son tops NEET News in Punjabi, stay tuned to Rozana Spokesman)