
532 ਕਿਲੋਗ੍ਰਾਮ ਹੈਰੋਇਨ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ ਗੁਰਪਿੰਦਰ ਸਿੰਘ
ਚੰਡੀਗੜ੍ਹ : ਅਟਾਰੀ ਸਰਹੱਦ 'ਤੇ ਲੂਣ ਵਿਚ ਲੁਕਾ ਕੇ ਭਾਰਤ ਭੇਜੀ 532 ਕਿਲੋਗ੍ਰਾਮ ਹੈਰੋਇਨ ਮਾਮਲੇ 'ਚ ਗ੍ਰਿਫ਼ਤਾਰ ਗੁਰਪਿੰਦਰ ਸਿੰਘ ਦੀ ਪੁਲਿਸ ਹਿਰਾਸਤ ਵਿਚ ਮੌਤ ਪਿੱਛੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਕੈਪਟਨ ਨੇ ਕਾਰਜਕਾਰੀ ਜ਼ਿਲ੍ਹਾ ਮੈਜਿਸਟ੍ਰੇਟ ਹਿਮਾਂਸ਼ੂ ਅਗਰਵਾਲ ਨੂੰ ਗੁਰਪਿੰਦਰ ਸਿੰਘ ਦੀ ਹਸਪਤਾਲ 'ਚ ਹੋਈ ਮੌਤ ਦੀ ਪੂਰੀ ਜਾਂਚ ਰਿਪੋਰਟ ਛੇਤੀ ਤੋਂ ਛੇਤੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਹਰ ਪਹਿਲੂ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇ।
Death
ਮੈਜਿਸਟ੍ਰੇਟੀ ਜਾਂਚ ਤਹਿਤ ਗੁਰਪਿੰਦਰ ਸਿੰਘ ਦੇ ਪੋਸਟਮਾਰਟਮ ਲਈ ਡਾਕਟਰਾਂ ਦੇ ਉੱਚ ਪਧਰੀ ਬੋਰਡ ਦਾ ਗਠਨ ਕੀਤਾ ਗਿਆ ਹੈ ਅਤੇ ਸੀਆਰਪੀਸੀ ਦੀ ਧਾਰਾ ਅਧੀਨ ਜਾਂਚ ਚੱਲ ਰਹੀ ਹੈ। ਉਧਰ ਮ੍ਰਿਤਕ ਦੀ ਮਾਂ ਨੇ ਪੁਲਿਸ ਉਤੇ ਗੰਭੀਰ ਦੋਸ਼ ਲਾਏ ਹਨ। ਮਾਂ ਦਾ ਕਹਿਣਾ ਹੈ ਕਿ ਉਸ ਦੇ ਪੁੱਤ ਦਾ ਕੋਈ ਕਸੂਰ ਨਹੀਂ। ਉਸ ਨੂੰ ਪਾਕਿਸਤਾਨ ਤੋਂ ਆਏ ਸਾਮਾਨ ਵਿਚ ਨਸ਼ੇ ਬਾਰੇ ਕੋਈ ਜਾਣਕਾਰੀ ਨਹੀਂ ਸੀ। ਜਦੋਂ ਸਾਮਾਨ ਵਿਚੋਂ ਨਸ਼ਾ ਮਿਲਣ ਉਤੇ ਪੁਲਿਸ ਨੇ ਉਸ ਨੂੰ ਬੁਲਾਇਆ ਸੀ ਤਾਂ ਉਹ ਉਸੇ ਸਮੇਂ ਚਲਾ ਗਿਆ ਸੀ। ਜੇ ਉਸ ਦੇ ਮਨ ਵਿਚ ਚੋਰ ਹੁੰਦਾ ਤਾਂ ਉਹ ਪੁਲਿਸ ਕੋਲ ਜਾਂਦਾ ਹੀ ਕਿਉਂ।
Heroin
ਗੁਰਪਿੰਦਰ ਦੀ ਮਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ਤੋਂ ਆਇਆ ਮਾਲ ਤਿੰਨ ਦਿਨ ਸਰਹੱਦ ਉਤੇ ਪਿਆ ਰਿਹਾ। ਚੌਥੇ ਦਿਨ ਪੁਲਿਸ ਨੇ ਸਾਮਾਨ ਵਿਚੋਂ ਨਸ਼ਾ ਬਰਾਮਦ ਕਰਨ ਦਾ ਦਾਅਵਾ ਕਰ ਦਿੱਤਾ। ਉਸ ਨੇ ਕਿਹਾ ਕਿ ਪੁਲਿਸ ਨੇ ਉਸ ਦੇ ਦੋਵੇਂ ਪੁੱਤਰਾਂ ਨੂੰ ਹਿਰਾਸਤ ਵਿਚ ਲਿਆ ਹੋਇਆ ਸੀ। ਜਿਸ ਵਿਚੋਂ ਇਕ ਦੀ ਮੌਤ ਹੋ ਗਈ ਅਤੇ ਦੂਜਾ ਅਜੇ ਵੀ ਪੁਲਿਸ ਦੀ ਹਿਰਾਸਤ ਵਿਚ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਮੁੰਡੇ ਦੀ ਮੌਤ ਹੋਣ ਦੇ ਬਾਵਜੂਦ ਇਸ ਨੂੰ ਸਿਰਫ਼ ਇਹੀ ਦੱਸਿਆ ਗਿਆ ਕਿ ਉਹ ਬਿਮਾਰ ਹੈ।
Heroin
ਜ਼ਿਕਰਯੋਗ ਹੈ ਕਿ ਕਸਟਮ ਵਿਭਾਗ ਵਲੋਂ ਇੰਟੀਗ੍ਰੇਟਿਡ ਚੈੱਕ ਪੋਸਟ (ਆਈ.ਪੀ.ਸੀ.) ਅਟਾਰੀ 'ਤੇ ਇਕ ਟਰੱਕ 'ਚੋਂ 2700 ਕਰੋੜ ਰੁਪਏ ਦੀ (532 ਕਿਲੋਗ੍ਰਾਮ) ਹੈਰੋਇਨ ਬਰਾਮਦ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਲੂਣ ਵਪਾਰੀ ਗੁਰਪਿੰਦਰ ਸਿੰਘ ਬੱਬਰ (29) ਦੀ ਅੱਜ ਬੀਮਾਰੀ ਕਾਰਨ ਸਿਵਲ ਹਸਪਤਾਲ 'ਚ ਮੌਤ ਹੋ ਗਈ। ਗੁਰਪਿੰਦਰ ਸਿੰਘ ਪਾਕਿਸਤਾਨ ਤੋਂ ਸਾਮਾਨ ਦੀ ਦਰਾਮਦ ਕਰਨ ਦਾ ਲਾਈਸੰਸ ਧਾਰਕ ਸੀ। ਕੌਮਾਂਤਰੀ ਬਾਜ਼ਾਰ ਵਿਚ ਨਸ਼ੇ ਦੀ ਇਸ ਵੱਡੀ ਖੇਪ ਦੀ ਕੀਮਤ 2700 ਕਰੋੜ ਤੋਂ ਵੀ ਵੱਧ ਦੱਸੀ ਗਈ ਸੀ। ਇਸ ਲੂਣ ਦਾ ਆਰਡਰ ਗੁਰਪਿੰਦਰ ਸਿੰਘ ਦੀ ਕੰਪਨੀ ਕਨਿਸ਼ਕ ਇੰਟਰਪ੍ਰਾਈਜ਼ਸ ਤੋਂ ਹੀ ਕੀਤਾ ਗਿਆ ਸੀ। ਪਾਕਿਸਤਾਨੀ ਲੂਣ ਦੇ 600 ਥੈਲਿਆਂ ਵਿਚ ਹੈਰੋਇਨ ਤੋਂ ਇਲਾਵਾ ਲੁਕਾ ਕੇ ਰੱਖੇ 52 ਕਿਲੋਗ੍ਰਾਮ ਹੋਰ ਰਲਵੇਂ-ਮਿਲਵੇਂ ਨਸ਼ੀਲੇ ਪਦਾਰਥ ਵੀ ਫੜੇ ਗਏ ਸਨ।