
ਅੰਮ੍ਰਿਤਸਰ ਵਿਚਲੀ ਰਿਹਾਇਸ਼ 'ਚ ਛਾਇਆ ਸਨਾਟਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਬਹੁ-ਚਰਚਿੱਤ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜੂਰ ਹੋਣ 'ਤੇ ਅੰਮ੍ਰਿਤਸਰੀ ਉਦਾਸ ਹਨ। ਇਥੋ ਦੇ ਸਿਆਸੀ, ਧਾਰਮਕ, ਸਮਾਜਕ ਹਲਕਿਆਂ ਅਤੇ ਆਮ ਲੋਕਾਂ ਵਿਚ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਖ਼ੂਬ ਚਰਚਾ ਰਹੀ ਜਿਨਾਂ 3 ਵਾਰੀ ਲੋਕ ਸਭਾ ਮੈਂਬਰ ਅਤੇ ਇਕ ਵਾਰੀ ਹਲਕਾ ਪੂਰਬੀ ਤੋਂ ਐਮਐਲਏ ਬਣਾਇਆ ਅਤੇ ਉਹ ਸਥਾਨਕ ਸਰਕਾਰਾਂ ਬਾਰੇ ਵਜ਼ੀਰ ਕੈਪਟਨ ਸਰਕਾਰ 'ਚ ਬਣੇ।
Navjot Sidhu and Captain Amrinder Singh
ਅੱਜ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਮਨਜ਼ੂਰ ਹੋਣ 'ਤੇ ਉਨ੍ਹਾਂ ਦੇ ਸਿਆਸੀ ਵਿਰੋਧੀ ਅਕਾਲੀ ਭਾਜਪਾ-ਗਠਜੋੜ ਦੇ ਕਾਫੀ ਆਗੂਆਂ ਨੇ ਖ਼ੁਸ਼ੀ ਦਾ ਇਜਹਾਰ ਕੀਤਾ ਜਿਨ੍ਹਾਂ ਵਿਰੁਧ ਸਿੱਧੂ ਖੁਲ੍ਹ ਕੇ ਬੋਲਦੇ ਸਨ। ਨਵਜੋਤ ਸਿੰਘ ਸਿੱਧੂ ਦੀ ਹੋਲੀ ਸਿਟੀ ਸਥਿਤ ਕੋਠੀ ਸੁੰਨਸਾਨ ਵੇਖੀ ਗਈ ਜਿਥੇ ਹਰ ਵੇਲੇ ਰੌਣਕਾਂ ਰਹਿੰਦੀਆਂ ਸਨ ਅੱਜ ਉਥੇ ਸਨਾਟਾ ਛਾਇਆ ਸੀ। ਸਿੱਧੂ ਦੀ ਕੋਠੀ 'ਤੇ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਦਸਿਆ ਕਿ ਨਵਜੋਤ ਸਿੰਘ ਸਿੱਧੂ, ਉਨ੍ਹਾਂ ਦੀ ਪਤਨੀ ਡਾ ਨਵਜੋਤ ਕੌਰ ਸਿੱਧੂ ਅਤੇ ਸਟਾਫ਼ ਕਾਫੀ ਦਿਨਾਂ ਤੋਂ ਗ਼ੈਰ ਹਾਜ਼ਰ ਹਨ।
Sidhu Couple
ਸਿੱਧੂ ਦੇ ਘਰ ਜਾਣ ਵਾਲੀ ਵੀ.ਵੀ.ਆਈ.ਪੀ. ਵਜੋ ਜਾਣੀ ਜਾਂਦੀ ਅੰਮ੍ਰਿਤਸਰ ਅਟਾਰੀ ਬਾਈਪਾਸ ਰੋਡ 'ਤੇ ਹੁਣ ਕੋਈ ਸੁਰੱਖਿਆ ਮੁਲਾਜ਼ਮ ਤਾਇਨਾਤ ਨਹੀਂ ਸੀ। ਨਵਜੋਤ ਸਿੰਘ ਸਿੱਧੂ ਦੇ ਹਲਕਾ ਪੂਰਬੀ 'ਚ ਹਮਾਇਤੀ ਬੇਹੱਦ ਪ੍ਰਸ਼ਾਨ ਸਨ। ਹਲਕਾ ਪੂਰਬੀ ਅਤੇ ਅੰਮ੍ਰਿਤਸਰ ਦੇ ਵਾਸੀਆਂ ਹਰਜੀਤ ਸਿੰਘ, ਦਿਨੇਸ਼ ਸ਼ਰਮਾ, ਜਸਵਿੰਦਰ ਸਿੰਘ, ਪਰਮਿੰਦਰ ਕੌਰ ਆਦਿ ਨੇ ਦਸਿਆ ਕਿ ਨਵਜੋਤ ਸਿੰਘ ਸਿੱਧੂ ਵਲੋਂ ਗੁਰੂ ਨਗਰੀ ਨੂੰ ਹਰ ਤਰ੍ਹਾਂ ਦੀਆਂ ਸਮੂਹ ਵਰਗਾਂ ਨੂੰ ਸਹੂਲਤਾਂ ਦੇਣ ਸਬੰਧੀ ਜੋ ਕਾਰਜ ਆਰੰਭੇ ਸਨ, ਉਹ ਹੁਣ ਪੂਰੇ ਹੋਣੇ ਅਸੰਭਵ ਹਨ।
Amritsar
ਸਿਅਸੀ ਹਲਕੇ ਦੱਸ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਨੂੰ ਹਾਲ ਦੀ ਘੜੀ ਸਿਆਸਤ 'ਚੋਂ ਆਊਟ ਕਰਨ ਵਾਲੇ ਖ਼ੁਸ਼ੀ 'ਚ ਖੀਵੇ ਹਨ। ਕੁਝ ਸਿਆਸੀ ਆਗੂਆਂ ਇਹ ਵੀ ਕਿਹਾ ਹੈ ਕਿ ਰਾਹੁਲ ਗਾਂਧੀ ਅਤੇ ਪ੍ਰੀਅੰਕਾ ਗਾਂਧੀ ਰਾਹੀਂ ਸਿੱਧੂ ਕਾਂਗਰਸ ਵਿਚ ਆਏ ਸਨ ਅਤੇ ਜਾਨ ਮਾਰ ਕੇ ਕਾਂਗਰਸ ਰੈਲੀਆਂ 'ਚ ਮੋਦੀ ਤੇ ਬਾਦਲਾਂ ਵਿਰੁਧ ਬੋਲੇ ਪਰ ਉਹ ਵੀ ਕੁਝ ਨਹੀਂ ਕਰ ਸਕੇ। ਅੱਜ ਦਾ ਅਸਤੀਫ਼ਾ ਮਨਜ਼ੂਰ ਹੋਣ ਨਾਲ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਭਵਿੱਖ ਦਾਅ 'ਤੇ ਲੱਗ ਗਿਆ ਹੈ। ਉਹ ਨੌਜੁਆਨਾਂ, ਵਿਦਿਆਰਥੀਆਂ, ਕਿਸਾਨਾਂ, ਗ਼ਰੀਬਾਂ ਤੇ ਮਿਹਨਤਕਸ਼ਾਂ 'ਚ ਇਮਾਨਦਾਰ ਵਜੋਂ ਮਸ਼ਹੂਰ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ