
ਪਲਾਜ਼ਮਾ ਬੈਂਕ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ‘ਚ ਸਹਾਈ ਸਾਬਤ ਹੋਵੇਗਾ : ਸੋਨੀ
ਪਟਿਆਲਾ: ਮਿਸ਼ਨ ਫਤਹਿ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ, ਪੰਜਾਬ ਓ. ਪੀ. ਸੋਨੀ ਨੇ ਅੱਜ ਸਰਕਾਰੀ ਮੈਡੀਕਲ ਕਾਲਜ/ਰਜਿੰਦਰਾ ਹਸਪਤਾਲ, ਪਟਿਆਲਾ ਵਿਖੇ ਸੂਬੇ ਦੇ ਪਹਿਲੇ ਅਤੇ ਦਿੱਲੀ ਤੋਂ ਬਾਅਦ ਦੇਸ਼ ਦੇ ਦੂਜੇ ਪਲਾਜ਼ਮਾ ਬੈਂਕ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਬਕਾਇਦਾ ਸ਼ੁਰੂਆਤ ਕੀਤੀ।
Punjab Govt
ਇਸ ਮੌਕੋ ਬੋਲਦਿਆਂ ਸੋਨੀ ਨੇ ਕਿਹਾ ਕਿ ਪਲਾਜ਼ਮਾ ਬੈਂਕ ਇਸ ਮਹਾਂਮਾਰੀ ਦੇ ਇਲਾਜ ਵਿਚ ਸਹਾਈ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਥਾਪਤ ਹੋਇਆ ਇਹ ਪਲਾਜ਼ਮਾ ਬੈਂਕ ਬਹੁਤ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਪਲਾਜ਼ਮਾ ਥੈਰੇਪੀ ਸਬੰਧੀ ਪਹਿਲਾਂ ਸੂਬੇ ਵਿਚ ਵੱਖ-ਵੱਖ ਟਰਾਇਲ ਸਫ਼ਲਤਾਪੂਰਵਕ ਕੀਤੇ ਗਏ ਹਨ, ਜਿਨ੍ਹਾਂ ਕਰਕੇ ਪਲਾਜ਼ਮਾ ਬੈਂਕ ਦੀ ਸਥਾਪਨਾ ਦਾ ਰਾਹ ਪੱਧਰਾ ਹੋਇਆ।
OP Soni
ਉਨ੍ਹਾਂ ਕਿਹਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਤੋਂ ਘੱਟ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੇ ਹਨ ਅਤੇ ਪਲਾਜ਼ਮਾ ਬੈਂਕ ਦੀ ਸ਼ੁਰੂਆਤ ਵੀ ਇਸੇ ਦਾ ਹੀ ਸਿੱਟਾ ਹੈ। ਉਨ੍ਹਾਂ ਨਵੇਂ ਬਣੇ ਪਲਾਜ਼ਮਾਂ ਬੈਂਕ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋ ਪਲਾਜ਼ਮਾ ਮਸ਼ੀਨਾਂ ਨਾਲ ਲੈਸ ਹੈ ਅਤੇ ਛੇਤੀ ਹੀ ਤੀਜੀ ਮਸ਼ੀਨ ਵੀ ਲਿਆਂਦੀ ਜਾਵੇਗੀ।
Photo
ਉਨ੍ਹਾਂ ਅੱਗੇ ਦੱਸਿਆ ਕਿ ਐਂਟੀਬਾਡੀ ਟੈਸਟਿੰਗ ਲਈ ਸਾਡੇ ਕੋਲ ਟੈਸਟਿੰਗ ਕਿੱਟਾਂ ਦੀ ਕੋਈ ਘਾਟ ਨਹੀਂ ਹੈ ਅਤੇ ਇਸ ਤੋਂ ਇਲਾਵਾ ਅਤਿ-ਆਧੁਨਿਕ ਟੈਸਟਿੰਗ ਸਾਜ਼ੋ-ਸਮਾਨ ਵੀ ਜਲਦੀ ਹੀ ਉਪਲਬਧ ਹੋਵੇਗਾ। ਉਨ੍ਹਾਂ ਸਿਹਤਯਾਬ ਹੋ ਚੁੱਕੇ ਕੋਵਿਡ ਮਰੀਜ਼ਾਂ ਨੂੰ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਇਹ ਉਪਰਾਲਾ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਹੀ ਨੇਪਰੇ ਚੜ੍ਹੇਗਾ।ਵੀਡੀਓ ਕਾਨਫਰੰਸ ਜ਼ਰੀਏ ਉਦਘਾਟਨੀ ਸਮਾਗਮ ਵਿਚ ਪਟਿਆਲਾ ਤੋਂ ਲੋਕ ਸਭਾ ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
Corona Virus
ਇਸ ਮੌਕੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਡੀ.ਕੇ. ਤਿਵਾੜੀ ਨੇ ਦੱਸਿਆ ਕਿ ਰਜਿੰਦਰਾ ਹਾਲ ਵਿਚ ਕੋਵਿਡ ਦੇ ਮਰੀਜ਼ਾਂ ਲਈ 600 ਬਿਸਤਰਿਆਂ ਵਾਲੀ ਇਕਾਂਤਵਾਸ (ਆਈਸੋਲੇਸ਼ਨ) ਸਹੂਲਤ, ਜਿਸ ਵਿਚ ਹਰੇਕ ਬੈੱਡ ਨਾਲ ਸੌ ਫੀਸਦੀ ਆਕਸੀਜਨ ਸਪਲਾਈ ਦੀ ਸੁਵਿਧਾ, ਤੋਂ ਇਲਾਵਾ ਗੰਭੀਰ ਮਰੀਜ਼ਾਂ ਲਈ 54 ਵੈਂਟੀਲੈਟਰ ਵੀ ਕਾਰਜਸ਼ੀਲ ਹਨ । ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਵੈਂਟੀਲੇਟਰਾਂ ਦੀ ਗਿਣਤੀ 100 ਤੱਕ ਪਹੁੰਚ ਜਾਵੇਗੀ।