
ਦਿੱਲੀ ਵਿਚ ਆਕਸੀਜਨ, ਔਕਸੀਮੀਟਰ ਤੇ ਪਲਾਜ਼ਮਾ ਦੇ ਕੇ, ਕੋਰੋਨਾ ਪੀੜਤਾਂ ਦੀ ਮਦਦ ਲਈ ਡਟੀਆਂ ਸਿੱਖ ਜਥੇਬੰਦੀਆਂ
ਨਵੀਂ ਦਿੱਲੀ, 29 ਜੂਨ (ਅਮਨਦੀਪ ਸਿੰਘ): ਤਾਲਾਬੰਦੀ ਵਿਚ ਗ਼ਰੀਬ ਗ਼ੁਰਬਿਆਂ ਲਈ ਲੰਗਰ ਲਾਉਣ ਵਾਂਗ ਹੀ ਸਿੱਖ ਜਥੇਬੰਦੀਆਂ ਇਕ ਵਾਰ ਮੁੜ ਕੋਰੋਨਾ ਪੀੜਤਾਂ ਦੀ ਸੇਵਾ ਵਿਚ ਡੱਟ ਗਈਆਂ ਹਨ। ਦਿੱਲੀ ਵਿਚ ‘ਪੰਥਕ ਸਾਂਝ’ ਤੇ ‘ਗੁਰੂ ਕੀ ਲੰਗਰ ਸੇਵਾ ਗਰੁਪਖ ਨਾਂ ਦੀਆਂ ਸਿੱਖ ਜਥੇਬੰਦੀਆਂ ਵਲੋਂ ਲੋੜਵੰਦ ਕੋਰੋਨਾ ਪੀੜਤ ਮਰੀਜ਼ਾਂ ਨੂੰ ਆਕਸੀਜਨ ਦੇ ਛੋਟੇ 10 ਲੀਟਰ ਦੇ ਸਿਲੰਡਰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਜੋ ਵੇਲੇ ਸਿਰ ਮਰੀਜ਼ ਦੀ ਜਾਨ ਬਚਾਈ ਜਾ ਸਕੇ। ਮਰੀਜ਼ ਦੇ ਠੀਕ ਹੋਣ ਪਿਛੋਂ ਸਿਲੰਡਰ ਵਾਪਸ ਜਥੇਬੰਦੀ ਨੂੰ ਦੇਣਾ ਹੁੰਦਾ ਹੈ। ਹੁਣ ਔਕਸੀਮੀਟਰ ਤੇ ਸਰੀਰ ਦਾ ਤਾਪਮਾਨ ਚੈੱਕ ਕਰਨ ਦੇ ਯੰਤਰ ਵੀ ਦਿਤੇ ਜਾ ਰਹੇ ਹਨ।
ਪੰਥਕ ਸਾਂਝ ਵਲੋਂ ਵੱਟਸਐਪ ਗਰੁਪ ਰਾਹੀਂ ਵੀ ਡਾਕਟਰਾਂ ਦੀ ਟੀਮ ਤੇ ਹੋਰ ਕਾਰਕੁਨਾਂ ਵਲੋਂ ਕੋਰੋਨਾ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸਲਾਹ ਆਦਿ ਦੇ ਕੇ ਵੀ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਆਮ ਤੌਰ ’ਤੇ ਡਾਕਟਰਾਂ ਵਲੋਂ ਹਲਕੇ ਲੱਛਣ ਵਾਲੇ ਕੋਰੋਨਾ ਮਰੀਜ਼ਾਂ ਨੂੰ ਘਰਾਂ ਵਿਚ ਹੀ ਵਖਰੇ ਰਹਿ ਕੇ, ਲੋੜੀਂਦੀ ਖ਼ੁਰਾਕ ਲੈ ਕੇ, ਸਿਹਤ ਠੀਕ ਕਰਨ ਦੀ ਨਸੀਹਤ ਦਿਤੀ ਜਾਂਦੀ ਹੈ, ਇਸ ਦੇ ਉਲਟ ਕਈ ਕਰੋਨਾ ਮਰੀਜ਼ਾਂ ਜਿਨ੍ਹਾਂ ਵਿਚ ਨੌਜਵਾਨ ਤੇ ਵੱਡੀ ਉਮਰ ਦੇ ਔਰਤਾਂ ਮਰਦ ਵੀ ਹੁੰਦੇ ਹਨ, ਦੇ ਸਰੀਰ ਦਾ ਆਕਸੀਜਨ ਪੱਧਰ ਇਕਦਮ ਘੱਟ ਹੋ ਜਾਂਦਾ ਹੈ। ਜੇ ਹਸਪਤਾਲ ਲਿਜਾਉਣ ਤੋਂ ਪਹਿਲਾਂ ਵੇਲੇ ਸਿਰ ਮਰੀਜ਼ ਨੂੰ ਆਕਸੀਜਨ ਮਿਲ ਜਾਵੇ ਤਾਂ ਉਸ ਦੇ ਬਚਣ ਦੀ ਗੁੰਜਾਇਸ਼ ਵੱਧ ਜਾਂਦੀ ਹੈ। ਅਜਿਹੇ ਵਿਚ ਆਕਸੀਜਨ ਸੇਵਾ ਦੇ ਉਪਰਾਲੇ ਦੀ ਅਹਿਮੀਅਤ ਸਮਝੀ ਜਾ ਸਕਦੀ ਹੈ। ਐਤਵਾਰ ਨੂੂੰ ਹੀ ਜਥੇਬੰਦੀ ਵਲੋਂ ਪਲਾਜ਼ਮਾ ਬੈਂਕ ਕਾਇਮ ਕਰ ਦਿਤਾ ਗਿਆ ਹੈ ਜਦੋਂ ਕਿ ਕੇਜਰੀਵਾਲ ਸਰਕਾਰ ਨੇ ਸੋਮਵਾਰ ਨੂੰ ਇਕ ਦਿਨ ਬਾਅਦ ਪਲਾਜ਼ਮਾ ਬੈਂਕ ਬਣਾਉਣ ਦਾ ਐਲਾਨ ਕੀਤਾ ਹੈ।
ਪੰਥਕ ਸਾਂਝ ਨਾਲ ਜੁੜੇ ਹੋਏ ਗੁਰੂ ਕੀ ਲੰਗਰ ਸੇਵਾ ਗਰੁਪ ਦੇ ਪੁਰਾਣੇ ਸੇਵਾਦਾਰ ਸ.ਕਮਲਜੀਤ ਸਿੰਘ ਨੇ ‘ਸਪੋਕਸਮੈਨ’ ਨੂੰ ਦਸਿਆ, Tਕੋਰੋਨਾ ਵਿਚ ਕਈ ਮਰੀਜ਼ਾਂ ਦਾ ਆਕਸੀਜਨ ਪੱਧਰ ਘੱਟਣਾ ਸ਼ੁਰੂ ਹੋ ਜਾਂਦਾ ਹੈ ਜੋ 90-95 ਤੋਂ ਹੇਠਾਂ 80-85 ਤਕ ਪਹੁੰਚ ਜਾਂਦਾ ਹੈ। ਉਦੋਂ ਆਕਸੀਜਨ ਦੀ ਤੁਰਤ ਲੋੜ ਪੈਂਦੀ ਹੈ। ਕਈ ਅਜਿਹੇ ਮਾਮਲੇ ਸਾਹਮਣੇ ਆ ਚੁਕੇ ਹਨ ਜਿਨ੍ਹਾਂ ਵਿਚ ਕਿਸੇ ਨੌਜਵਾਨ ਜਾਂ ਕਿਸੇ ਹੋਰ ਰੋਗੀ ਨੂੰ ਵੇਲੇ ਸਿਰ ਆਕਸੀਜਨ ਨਹੀਂ ਮਿਲ ਸਕੀ, ਤਾਂ ਉਸ ਦੀ ਮੌਤ ਹੋ ਗਈ। ਪਰ ਇਸ ਉਪਰਾਲੇ ਨਾਲ ਘਰਾਂ ਵਿਚ ਆਕਸੀਜਨ ਦੇ ਕੇ, ਬੇਸ਼ਕੀਮਤੀ ਮਨੁੱਖੀ ਜਾਨਾਂ ਬਚਾਉਣਾ ਹੀ ਸਾਡਾ ਟੀਚਾ ਹੈ। ਹੁਣ ਤਕ ਅਸੀ 70 ਆਕਸੀਜਨ ਸਿਲੰਡਰ ਖ਼ਰੀਦ ਚੁਕੇ ਹਾਂ ਤੇ 30 ਕੋਰੋਨਾ ਮਰੀਜ਼ਾਂ ਨੂੰ ਇਸ ਦਾ ਫ਼ਾਇਦਾ ਮਿਲਿਆ ਹੈ। ਜਿਹੜੇ ਕੋਰੋਨਾ ਪੀੜਤ ਸਾਡੇ ਤੋਂ ਸਿਲੰਡਰ ਲੈਣ ਨਹੀਂ ਆ ਸਕਦੇ, ਉਨ੍ਹਾਂ ਨੂੰ ਸਾਡੇ ਕਾਰਕੁਨ ਪੀਪੀਈ ਕਿੱਟ ਪਾ ਕੇ, ਘਰ ਦੇ ਬੂਹੇ ’ਤੇ ਹੀ ਸਿਲੰਡਰ ਦੇ ਆਉਂਦੇ ਹਨ। ਬਾਜ਼ਾਰ ਵਿਚ 10 ਹਜ਼ਾਰ ਤੱਕ ਦੇ ਆਕਸੀਜਨ ਸਿਲੰਡਰ ਮਿਲਦੇ ਹਨ ਤੇ ਹਰ ਕੋਈ ਨਹੀਂ ਲੈ ਸਕਦਾ। ਹੁਣ ਤਾਂ ਕਈ ਗੁਰਦਵਾਰਾ ਕਮੇਟੀਆਂ ਤੇ ਆਰ ਡਬਲਿਊ ਏ ਵੀ ਆਕਸੀਜਨ ਸਿਲੰਡਰ ਰੱਖਣ ਬਾਰੇ ਸਾਡੇ ਤੋਂ ਪੁਛਗਿਛ ਕਰ ਰਹੇ ਹਨ।’’