
ਜ਼ਖ਼ਮੀ ਹਾਲਤ ਵਿਚ ਔਰਤ ਹਸਪਤਾਲ ਭਰਤੀ
ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਦੇ ਗਿਆਸਪੁਰਾ ਇਲਾਕੇ ਵਿਚ ਅੱਗ ਲੱਗਣ ਕਾਰਨ ਇਕ ਔਰਤ ਬੁਰੀ ਤਰ੍ਹਾਂ ਝੁਲਸ ਗਈ। ਜ਼ਖਮੀ ਔਰਤ ਦੀ ਪਛਾਣ ਸੁਮਨ ਵਜੋਂ ਹੋਈ ਹੈ। ਔਰਤ ਅਤੇ ਉਸ ਦੇ ਮਾਤਾ-ਪਿਤਾ ਦਾ ਦੋਸ਼ ਹੈ ਕਿ ਉਸ ਦੇ ਜੇਠ, ਦਿਓਰ ਅਤੇ ਜੀਜੇ ਨੇ ਉਸ 'ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਈ ਹੈ। ਔਰਤ ਦੇ ਭਰਾ ਸੰਦੀਪ ਅਨੁਸਾਰ ਉਸ ਦੀ ਭੈਣ ਦੇ ਵਿਆਹ ਨੂੰ 5 ਸਾਲ ਹੋ ਚੁੱਕੇ ਹਨ। ਉਸ ਦੇ 2 ਬੱਚੇ ਹਨ।
ਇਹ ਵੀ ਪੜ੍ਹੋ: PUBG ਗੇਮ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਨੇ ਅਪਣੀਆਂ ਹੀ ਭੈਣਾਂ ਦਾ ਕੀਤਾ ਕਤਲ
ਸੰਦੀਪ ਅਨੁਸਾਰ ਸੁਮਨ ਨੂੰ ਉਸ ਦੀ ਸੱਸ, ਜੇਠ, ਦਿਓਰ ਅਤੇ ਜੀਜਾ ਪ੍ਰੇਸ਼ਾਨ ਕਰਦੇ ਹਨ। ਉਹ ਕਈ ਵਾਰ ਆਪਣੇ ਪਤੀ ਨਾਲ ਵੀ ਲੜ ਚੁੱਕੀ ਹੈ। ਅੱਜ ਸੁਮਨ ਘਰ ਵਿਚ ਇਕੱਲੀ ਸੀ। ਮੌਕਾ ਦੇਖ ਕੇ ਜੇਠ, ਦਿਓਰ ਤੇ ਜੀਜੇ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾ ਦਿਤੀ। ਸੁਮਨ ਦੇ ਰੌਲਾ ਪਾਉਣ 'ਤੇ ਲੋਕ ਇਕੱਠੇ ਹੋ ਗਏ। ਕਿਸੇ ਤਰ੍ਹਾਂ ਭੈਣ ਨੇ ਆਪਣੇ ਆਪ ਨੂੰ ਲੱਗੀ ਅੱਗ ਨੂੰ ਪਾਣੀ ਨਾਲ ਬੁਝਾ ਦਿਤਾ।
ਇਹ ਵੀ ਪੜ੍ਹੋ: ਅਦਾਕਾਰ ਅਰਜੁਨ ਰਾਮਪਾਲ ਦੇ ਘਰ ਗੂੰਜੀਆਂ ਕਿਲਕਾਰੀਆਂ, ਪ੍ਰੇਮਿਕਾ ਨੇ ਪੁੱਤਰ ਨੂੰ ਦਿਤਾ ਜਨਮ
ਸੁਮਨ ਨੇ ਪੇਕੇ ਪਰਿਵਾਰ ਨੂੰ ਫੋਨ 'ਤੇ ਸੂਚਿਤ ਕੀਤਾ। ਸੰਦੀਪ ਅਨੁਸਾਰ ਉਹ ਆਪਣੀ ਮਾਂ ਮਾਰਤੀ ਦੇਵੀ ਕੋਲ ਵਰਧਮਾਨ ਚੌਕ ਕੋਲ ਰਹਿੰਦਾ ਹੈ। ਉਹ ਫੋਕਲ ਪੁਆਇੰਟ ਗਿਆਸਪੁਰਾ ਪਹੁੰਚਿਆ ਅਤੇ ਝੁਲਸੀ ਭੈਣ ਨੂੰ ਆਟੋ ਵਿਚ ਬਿਠਾ ਕੇ ਸਿਵਲ ਹਸਪਤਾਲ ਲੈ ਗਿਆ। ਸੁਮਨ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦੀ ਛਾਤੀ ਬੁਰੀ ਤਰ੍ਹਾਂ ਨਾਲ ਸੜ ਗਈ ਹੈ।
ਪੇਕੇ ਪਰਿਵਾਰ ਅਨੁਸਾਰ ਪਹਿਲਾਂ ਵੀ ਉਨ੍ਹਾਂ ਦੀ ਲੜਕੀ ਦੀ ਕੁੱਟਮਾਰ ਆਦਿ ਹੁੰਦੀ ਸੀ ਪਰ ਉਹ ਹਮੇਸ਼ਾ ਹੀ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਸਨ ਪਰ ਹੁਣ ਹਰ ਹੱਦ ਪਾਰ ਕਰਕੇ ਉਨ੍ਹਾਂ ਦੀ ਧੀ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ | ਉਹ ਸਿਵਲ ਹਸਪਤਾਲ ਨਾਲ ਸਬੰਧਤ ਥਾਣੇ ਵਿੱਚ ਪਹੁੰਚ ਕੇ ਬਿਆਨ ਦਰਜ ਕਰਵਾਉਣਗੇ, ਤਾਂ ਜੋ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਫਿਲਹਾਲ ਸੁਮਨ ਦੇ ਪਤੀ ਨੂੰ ਵੀ ਦੋਸ਼ੀ ਧਮਕੀਆਂ ਦੇ ਕੇ ਭਜਾ ਕੇ ਲੈ ਗਏ ਹਨ।