
1947 ਵਿਚ ਮਾਰੇ ਗਏ 10 ਲੱਖ ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੀ ਯਾਦਗਾਰ ਢਾਹ ਦਿਤੀ
ਸ਼ੱਕ ਦੀ ਸੂਈ ਕੱਟੜਵਾਦੀ ਹਿੰਦੂਤਵ ਸੋਚ ਵਲ J ਰੀਸਰਚ ਅਕੈਡਮੀ ਵਲੋਂ ਜ਼ੋਰਦਾਰ ਰੋਸ
ਚੰਡੀਗੜ੍ਹ, 21 ਅਗੱਸਤ (ਜੀ.ਸੀ. ਭਾਰਦਵਾਜ) : ਕੇਂਦਰ ਸਰਕਾਰ ਦੀ ਸੜਕ ਉਸਾਰੀ ਏਜੰਸੀ, ਨੈਸ਼ਨਲ ਹਾਈਵੇਅ ਅਥਾਰਟੀ ਵਲੋਂ ਵਾਹਗਾ ਸਰਹੱਦ 'ਤੇ ਸਥਿਤ 1947 ਦੇ ਦੰਗਿਆਂ ਵਿਚ ਮਾਰੇ ਗਏ 10 ਲੱਖ ਪੰਜਾਬੀਆਂ ਦੀ ਯਾਦ ਵਿਚ ਉਸਾਰੀ 15 ਫੁਟ ਉਚੀ ਯਾਦਗਾਰ ਨੂੰ ਹਫ਼ਤਾ ਪਹਿਲਾਂ ਢਾਹੇ ਜਾਣ 'ਤੇ ਡਾਢਾ ਦੁੱਖ ਤੇ ਅਫ਼ਸੋਸ ਪ੍ਰਗਟ ਕਰਦਿਆਂ ਫ਼ੋਕਲੋਰ ਰਿਸਰਚ ਅਕੈਡਮੀ ਦੇ ਅਹੁਦੇਦਾਰਾਂ ਨੇ ਕਿਹਾ ਕਿ ਸ਼ੱਕ ਦੀ ਸੂਈ ਕੱਟੜਵਾਦੀ ਹਿੰਦੂਤਵ ਸੋਚ ਵਾਲੇ ਸਿਆਸੀ ਲੋਕਾਂ ਵਲ ਜਾਂਦੀ ਹੈ ਜੋ ਇਸ ਖਿਤੇ ਵਿਚ ਅਮਨ ਚੈਨ ਰਖਣ ਦੇ ਵਿਰੁਧ ਹਨ। ਅੱਜ ਇਥੇ ਕੇਂਦਰੀ ਗੁਰੂ ਸਿੰਘ ਸਭਾ ਸੈਕਟਰ-28 ਵਿਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਕੈਡਮੀ ਦੇ ਪ੍ਰਧਾਨ ਡਾ. ਤਾਰਾ ਸਿੰਘ ਸੰਧੂ ਨੇ ਸਪਸ਼ੱਟ ਤੌਰ 'ਤੇ ਦਸਿਆ ਕਿ ਨੈਸ਼ਨਲ ਹਾਈਵੇਅ ਨੰਬਰ ਇਕ 'ਤੇ ਸਥਿਤ 15 ਫੁਟ ਉਚੀ ਇਕ ਮਹਤਵਪੂਰਨ ਯਾਦਗਾਰ ਨੂੰ ਮਹਿਜ਼ ਇਕ ਸੜਕ ਨੂੰ ਚੌੜੀ ਕਰਨ ਤੇ ਮਜ਼ਬੂਤ ਕਰਨ ਦੇ ਬਹਾਨੇ ਹਿੰਦ-ਪਾਕਿ ਮਿੱਤਰਤਾ ਦੀ ਨਿਸ਼ਾਨੀ ਨੂੰ ਬਿਨਾਂ ਪੁਛੇ ਢਾਹ ਦੇਣਾ, ਇਕ ਡੂੰਘੀ ਸਾਜ਼ਸ਼ ਲਗਦੀ ਹੈ। ਡਾ. ਸੰਧੂ ਨੇ ਕਿਹਾ ਕਿ 1947 ਦੀ ਵੰਡ ਵੇਲੇ 10 ਲੱਖ ਲੋਕ ਮਾਰੇ ਗਏ, ਹੋਰ ਕਈ ਉਜੜ ਗਏ। ਦੋਹਾਂ ਮੁਲਕਾਂ ਵਿਚ ਪੀੜਤ ਲੋਕਾਂ ਦੀ ਇਹ ਯਾਦਗਾਰ ਸੀ ਜੋ 23 ਸਾਲ ਪਹਿਲਾਂ ਉਸਾਰੀ ਗਈ ਸੀ। ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਕੈਡਮੀ ਦੇ ਸਕੱਤਰ ਡਾ. ਈਸ਼ਵਰ ਦਿਆਲ ਗੌੜ ਜੋ ਪੰਜਾਬ ਯੂਨੀਵਰਸਟੀ ਵਿਚ ਇਤਿਹਾਸ ਵਿਭਾਗ ਦੇ ਪ੍ਰੋ. ਹਨ ਨੇ ਕਿਹਾ ਕਿ ਇਹ ਯਾਦਗਾਰ ਭਾਰਤੀ ਰਾਸ਼ਟਰਵਾਦ ਦਾ ਪ੍ਰਤੀਕ ਸੀ ਅਤੇ ਦੇਸ਼ ਭਗਤੀ ਤੇ ਕੁਰਬਾਨੀ ਸਮੇਤ, ਮੁਲਕ ਦੇ ਸਭਿਆਚਾਰਕ ਸਾਂਝ ਤੇ ਵਿਲੱਖਣ ਨੀਤੀ ਦਰਸਾਉਣ ਵਾਲੇ ਵੱਡੇ ਪ੍ਰਾਜੈਕਟ ਦਾ ਹਿੱਸਾ ਸੀ।
ਡਾ. ਗੌੜ ਨੇ ਕਿਹਾ ਵੱਡੀ ਤ੍ਰਾਸਦੀ ਇਹ ਹੈ ਕਿ ਬੁਲਡੋਜ਼ਰ ਨਾਲ ਇਸ ਯਾਦਗਾਰ ਨੂੰ ਹਟਾਉਣ ਤੋਂ ਪਹਿਲਾਂ ਸੜਕ ਉਸਾਰੀ ਏਜੰਸੀ ਨੇ ਨਾ ਤਾਂ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਤੇ ਨਾ ਹੀ ਵਾਹਗਾ ਸਥਿਤ ਬੀ.ਐਸ.ਐਫ਼ ਨੂੰ ਜਾਣਕਾਰੀ ਦਿਤੀ। ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੇਵਾ ਮੁਕਤ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ 28 ਅਗੱਸਤ ਦੇ ਇਕ ਦਿਨਾ ਅਸੈਂਬਲੀ ਯਾਨੀ ਪੰਜਾਬ ਵਿਧਾਨ ਸਭਾ ਸੈਸ਼ਨ ਵਿਚ ਵੀ ਸੁਆਲ ਉਠਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਭਰੋਸੇ ਵਿਚ ਲੈ ਕੇ ਮਾਮਲਾ ਕੇਂਦਰ ਕੋਲ ਗੰਭੀਰਤਾ ਨਾਲ ਉਠਾਇਆ ਜਾਵੇਗਾ।
ਇਸੇ ਅਕੈਡਮੀ ਦੇ ਇਕ ਹੋਰ ਕਾਰਜਕਰਤਾ ਤੇ ਗ਼ਰਮ ਖ਼ਿਆਲੀ ਸਿੱਖ ਸੋਚ ਦੇ ਧਾਰਨੀ ਅਜੇਪਾਲ ਸਿੰਘ ਬਰਾੜ ਤੇ ਮੀਡੀਆ ਅਧਿਆਪਕ ਜਸਪਾਲ ਸਿੱਧੂ ਨੇ ਕਿਹਾ ਕਿ ਇਹ ਯਾਦਗਾਰ ਅਚਾਨਕ ਨਹੀਂ ਤੋੜੀ ਗਈ ਬਲਕਿ ਮੁਲਕ ਵਿਚ ਕੱਟੜ ਰਾਸ਼ਟਰਵਾਦੀ ਤੇ ਹਿੰਦੂਤਵ ਸੋਚ ਦੇ ਧਾਰਨੀ ਫ਼ਿਰਕੂ ਅੱਗ ਨੂੰ ਹਵਾ ਦੇ ਰਹੇ ਹਨ ਅਤੇ ਇਸ ਖ਼ਿਤੇ ਵਿਚ ਅਮਨ ਨੂੰ ਭੰਗ ਕਰਨਾ ਚਾਹੁੰਦੇ ਹਨ। ਅਕੈਡਮੀ ਦੇ ਅਹੁਦੇਦਾਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਉਂਦੇ ਕੁੱਝ ਸਮੇਂ ਵਿਚ ਇਸ ਯਾਦਗਾਰੀ ਥਾਂ ਦੇ ਨੇੜੇ ਬਕਾਇਦਾ ਪ੍ਰਵਾਨਗੀ ਲੈ ਕੇ ਬਿਨਾਂ ਕਿਸੇ ਸਰਕਾਰੀ ਮਦਦ ਦੇ ਨਵੀਂ ਤੇ ਹੋਰ ਵਧੀਆ ਯਾਦਗਾਰ ਜ਼ਰੂਰ ਉਸਾਰੀ ਜਾਵੇਗੀ। ਵਾਹਗਾ ਸਰਹੱਦ ਨੇੜੇ ਇਸ ਯਾਦਗਾਰ 'ਤੇ 'ਰਾਜਾ ਪੋਰਸ ਹਿੰਦ-ਪਾਕਿ ਪੰਜਾਬੀ ਮਿਤਰਤਾ ਮੇਲਾ' 31 ਦਸੰਬਰ 1996 ਤੋਂ ਸ਼ੁਰੂ ਹੋ ਕੇ 16 ਸਾਲ ਚਲਦਾ ਰਿਹਾ ਜੋ 2013 ਤੋਂ ਬਾਅਦ ਬੰਦ ਹੋ ਗਿਆ ਸੀ। ਹੁਣ ਫਿਰ ਇਸ ਮੇਲੇ ਨੂੰ ਚਲਾਇਆ ਜਾਵੇਗਾ।imageimage