
ਤਾਲਿਬਾਨ 31 ਅਗੱਸਤ ਦੀ ਕਰ ਰਿਹੈ ਉਡੀਕ ਕਿਉਂ ਜੋ ਅਮਰੀਕੀ ਫ਼ੌਜਾਂ ਦੀ ਵਾਪਸੀ ਹੋ ਜਾਵੇਗੀ
ਕਾਬੁਲ, 20 ਅਗੱਸਤ : ਤਾਲਿਬਾਨ ਨਾਲ ਹੋਈ ਗੱਲਬਾਤ ਦੀ ਜਾਣਕਾਰੀ ਰੱਖਣ ਵਾਲੇ ਇਕ ਅਫ਼ਗ਼ਾਨੀ ਅਧਿਕਾਰੀ ਨੇ ਕਿਹਾ ਕਿ ਸਮੂਹ ਦੀ ਆਗਾਮੀ ਸਰਕਾਰ ਦੇ ਬਾਰੇ ’ਚ ਕੋਈ ਵੀ ਫ਼ੈਸਲਾ ਕਰਨ ਜਾਂ ਐਲਾਨ ਕਰਨ ਦੇ ਬਾਰੇ ’ਚ 31 ਅਗੱਸਤ ਤਕ ਕੋਈ ਯੋਜਨਾ ਨਹੀਂ ਹੈ। ਇਹ ਤਾਰੀਖ਼ ਅਮਰੀਕੀ ਫ਼ੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰੀ ਜੋਅ ਬਾਈਡੇਨ ਨੇ ਅਪਣੇ ਫ਼ੌਜੀਆਂ ਦੀ ਵਾਪਸੀ ਲਈ 31 ਅਗੱਸਤ ਤਕ ਦੀ ਸਮਾਂ ਮਿਆਦ ਤੈਅ ਕੀਤੀ ਹੋਈ ਹੈ।
ਮੀਡੀਆ ਨੂੰ ਜਾਣਕਾਰੀ ਦੇਣ ਲਈ ਇਹ ਅਧਿਕਾਰੀ ਅਧਿਕਾਰਿਤ ਨਹੀਂ ਹੈ ਅਤੇ ਇਸ ਲਈ ਨਾਮ ਨਾ ਦੱਸਣ ਦੀ ਸ਼ਰਤ ’ਤੇ ਉਨ੍ਹਾਂ ਕਿਹਾ ਕਿ ਤਾਲਿਬਾਨ ਦੇ ਮੁੱਖ ਬੁਲਾਰੇ ਅਨਸ ਹੱਕਾਨੀ ਨੇ ਅਪਣੀ ਪਿਛਲੀ ਸਰਕਾਰ ਦੇ ਬੁਲਾਰਿਆਂ ਤੋਂ ਕਿਹਾ ਹੈ ਕਿ ਸਮੂਹ ਦਾ ਅਮਰੀਕਾ ਨਾਲ ਸਮਝੌਤਾ ਹੈ ਕਿ ਅੰਤਿਮ ਵਾਪਸੀ ਪ੍ਰਕਿਰਿਆ ਦੀ ਤਾਰੀਖ਼ ਤਕ ‘‘ਕੁੱਝ ਨਹੀਂ ਕਰਨਾ ਹੈ।’’
ਉਨ੍ਹਾਂ ਇਹ ਨਹੀਂ ਦਸਿਆ ਕਿ ਕੁੱਝ ਨਹੀਂ ਕਰਨ ਦਾ ਮਤਲਬ ਸਿਰਫ਼ ਰਾਜਨੀਤਕ ਖੇਤਰ ਦੇ ਲਈ ਹੈ। ਹੱਕਾਨੀ ਦੇ ਬਿਆਨ ਨਾਲ ਇਹ ਚਿੰਤਾ ਪੈਦਾ ਹੋ ਗਈ ਹੈ ਕਿ ਸਮੂਹ 31 ਅਗੱਸਤ ਦੇ ਬਾਅਦ ਲਈ ਕੀ ਯੋਜਨਾ ਬਣਾ ਰਿਹਾ ਹੈ ਅਤੇ ਕੀ ਉਹ ਅਗਲੀ ਸਰਕਾਰ ’ਚ ਗ਼ੈਰ ਤਾਲਿਬਾਨੀ ਅਧਿਕਾਰੀਆਂ ਨੂੰ ਸ਼ਾਮਲ ਕਰਨ ਦੇ ਵਾਅਦੇ ਨੂੰ ਪੂਰਾ ਕਰਨਗੇ। ਤਾਲਿਬਾਨ ਨੇ ਹਾਲੇ ਤਕ ਇਹ ਨਹੀਂ ਦਸਿਆ ਕਿ ਅਫ਼ਗ਼ਾਨ ਰਾਸ਼ਟਰੀ ਸੁਰੱਖਿਆ ਬਲਾਂ ਨੂੰ ਤਬਦੀਲ ਕਰਨ ਦੀ ਉਨ੍ਹਾਂ ਦੀ ਯੋਜਨਾ ਹੈ ਜਾਂ ਨਹੀਂ। (ਏਜੰਸੀ)