ਪੁਲਿਸ ਨੇ ਚੋਰੀ ਦੇ ਕੁੱਲ 53 ਮੋਬਾਈਲਾਂ ਸਮੇਤ ਕਾਬੂ ਕੀਤਾ ਸੀ ਮੁਲਜ਼ਮ
ਅੰਮ੍ਰਿਤਸਰ: ਬਿਆਸ ਥਾਣੇ ਦੀ ਹਵਾਲਾਤ ਵਿਚ ਬੰਦ ਇਕ ਚੋਰੀ ਦੇ ਮੁਲਜ਼ਮ ਨੇ ਪਜਾਮੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸ ਦੇਈਏ ਕਿ ਪੁਲਿਸ ਨੇ ਬੀਤੇ ਦਿਨੀਂ ਮੁਲਜ਼ਮ ਗਗਨਦੀਪ ਸਿੰਘ ਨੂੰ ਲੁੱਟੇ ਹੋਏ 53 ਮੋਬਾਈਲਾਂ ਸਮੇਤ ਕਾਬੂ ਕੀਤਾ ਸੀ। ਘਟਨਾ ਮਗਰੋਂ ਡੀ.ਐਸ.ਪੀ. ਸੁਖਵਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚੇ। ਫਿਲਹਾਲ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਦੇਹ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿਤੀ ਗਈ ਹੈ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਨੇੜੇ 29.26 ਕਿਲੋ ਹੈਰੋਇਨ ਸਣੇ 2 ਪਾਕਿਸਤਾਨੀ ਤਸਕਰ ਕਾਬੂ
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਗਨਦੀਪ ਸਿੰਘ ਗੁਰੂ ਨਾਨਕ ਪੁਰਾ ਅਤੇ ਸਤਨਾਮ ਸਿੰਘ ਸੱਤੂ ਵਾਸੀ ਪਿੰਡ ਦੌਲੋ ਨੰਗਲ ਨਸ਼ੇ ਦੇ ਆਦੀ ਸਨ। ਉਨ੍ਹਾਂ ਵਿਰੁਧ ਪਹਿਲਾਂ ਵੀ ਲੁੱਟ-ਖੋਹ ਦੇ ਕੇਸ ਦਰਜ ਹਨ। ਪੁਲਿਸ ਨੇ ਦੋਵਾਂ ਨੂੰ ਲੁੱਟ-ਖੋਹ ਦੇ ਮਾਮਲੇ ਵਿਚ ਚੋਰੀ ਦੇ ਕੁੱਲ 53 ਮੋਬਾਈਲਾਂ ਸਮੇਤ ਕਾਬੂ ਕੀਤਾ ਸੀ। ਅਦਾਲਤ ਵਿਚ ਪੇਸ਼ ਕਰਨ 'ਤੇ ਦੋਵਾਂ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਗਿਆ। ਬੀਤੇ ਦਿਨ ਥਾਣਾ ਬਿਆਸ ਦੀ ਪੁਲਿਸ ਨੇ ਐਤਵਾਰ ਸ਼ਾਮ ਨੂੰ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨਾ ਸੀ। ਇਸ ਤੋਂ ਪਹਿਲਾਂ ਹੀ ਗਗਨਦੀਪ ਸਿੰਘ ਨੇ ਬਾਥਰੂਮ ਲਈ ਪਿਛਲੇ ਹਿੱਸੇ ਵਿਚ ਬਣੇ ਪਖਾਨੇ ਵਿਚ ਫਾਹਾ ਲੈ ਲਿਆ।