
ਦੋਵੇਂ ਬਿਲ ਕਿਸਾਨਾਂ ਲਈ ‘ਡੈੱਥ ਵਾਰੰਟ ਹਨ : ਪ੍ਰਤਾਪ ਸਿੰਘ ਬਾਜਵਾ
ਕਿਹਾ, ਦੇਸ਼ ਦੇ ਕਿਸਾਨ ਹੁਣ ਅਨਪੜ੍ਹ ਨਹੀਂ, ਉਹ ਸਰਕਾਰ ਦੇ ਫ਼ੈਸਲੇ ਸਮਝਦੇ ਹਨ
ਨਵੀਂ ਦਿੱਲੀ, 20 ਸਤੰਬਰ : ਰਾਜ ਸਭਾ ’ਚ ਐਤਵਾਰ ਨੂੰ ਕਾਂਗਰਸ ਨੇ ਸਰਕਾਰ ’ਤੇ ਦੋਸ਼ ਲਗਾਇਆ ਕਿ ਉਹ ਘੱਟੋਂ ਘੱਟ ਸਮਰਥਨ ਮੁੱਲ (ਐਮਐਸਪੀ) ਖ਼ਤਮ ਕਰਨ ਅਤੇ ਕਾਰਪੋਰੇਟ ਖੇਤਰ ਨੂੰ ਫ਼ਾਇਦਾ ਪਹੁੰਚਾਉਣ ਲਈ ਦੋਵੇਂ ਨਵੇਂ ਖੇਤੀਬਾੜੀ ਬਿਲ ਲੈ ਕੇ ਆਈ ਹੈ। ਹਾਲਾਂਕਿ ਸਕਰਾਰ ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਬਾਜ਼ਾਰ ਦਾ ਵਿਕਲਪ ਅਤੇ ਉਸ ਦੀਆਂ ਫ਼ਸਲਾਂ ਨੂੰ ਬਿਹਤਰ ਕੀਮਤ ਦਿਵਾਉਣ ਦੇ ਉਦੇਸ਼ ਨਾਲ ਇਹ ਬਿਲ ਲੈ ਕੇ ਆਏ ਹਨ।
ਰਾਜ ਸਭਾ ’ਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਦੋਸ਼ ਲਗਾਇਆ ਕਿ ਦੋਵੇਂ ਬਿਲ ਕਿਸਾਨਾਂ ਦੀ ਆਤਮਾ ’ਤੇ ਸੱਟ ਹਨ, ਇਹ ਗ਼ਲਤ ਢੰਗ ਨਾਲ ਤਿਆਰ ਕੀਤੇ ਗਏ ਹਨ ਅਤੇ ਗ਼ਲਤ ਸਮੇਂ ’ਤੇ ਪੇਸ਼ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਾਲੇ ਹਰ ਦਿਨ ਕੋਰੋਨਾ ਵਾਇਰਸ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਸਰਹੱਦ ’ਤੇ ਚੀਨ ਨਾਲ ਤਣਾਅ ਹੈ।
ਬਾਜਵਾ ਨੇ ਦੋਸ਼ ਲਗਾਇਆ ਕਿ ਸਰਕਾਰ ਦਾ ਇਰਾਦਾ ਐਮਐਸਪੀ ਨੂੰ ਖ਼ਤਮ ਕਰਨ ਦਾ ਅਤੇ ਕਾਰਪੋਰੇਟ ਖੇਤਰ ਨੂੰ ਉਤਸ਼ਾਹਤ ਕਰਨ ਦਾ ਹੈ।
ਉਨ੍ਹਾਂ ਸਵਾਲ ਕੀਤਾ ਕਿ ਕੀ ਸਰਕਾਰ ਨੇ ਨਵੇਂ ਕਦਮ ਚੁੱਕਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕੀਤੀ ਸੀ? ਉਨ੍ਹਾਂ ਦੋਸ਼ ਲਗਾਇਆ ਕਿ ਦੋਨੇ ਬਿੱਲ ਦੇਸ਼ ਦੇ ਸੰਘੀ ਢਾਂਚੇ ਦੇ ਨਾਲ ਖਿਲਵਾੜ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਤੁਸੀਂ ਫਾਇਦਾ ਦੇਣਾ ਚਾਹੁੰਦੇ ਹੋ, ਉਹ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹਨ। ਅਜਿਹੇ ’ਚ ਨਵੇਂ ਕਾਨੂੰਨਾਂ ਦੀ ਲੋੜ ਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਹੁਣ ਅਨਪੜ੍ਹ ਨਹੀਂ ਹਨ ਅਤੇ ਉਹ ਸਰਕਾਰ ਦੇ ਫ਼ੈਸਲਿਆਂ ਨੂੰ ਸਮਝਦੇ ਹਨ। ਉਨ੍ਹਾਂ ਕਿਹਾ ਅਸੀਂ ਕਿਸਾਨਾਂ ਦੇ ‘ਡੇਥ ਵਾਰੰਟ’ ’ਤੇ ਹਸਤਾਖ਼ਰ ਨਹੀਂ ਕਰਾਂਗੇ।
ਬਾਜਵਾ ਨੇ ਸਵਾਲ ਕੀਤਾ ਕਿ ਜੇਕਰ ਸਰਕਾਰ ਦੇ ਫ਼ੈਸਲੇ ਕਿਸਾਨਾਂ ਦੇ ਹੱਕ ਵਿਚ ਹਨ ਤਾਂ ਭਾਜਪਾ ਦੀ ਸੱਭ ਤੋਂ ਪੁਰਾਣੀ ਸਹਿਯੋਗੀ ਪਾਰਟੀ ਅਕਾਲੀ ਦਲ ਕਿਉਂ ਇਸਦਾ ਵਿਰੋਧ ਕਰ ਰਹੀ ਹੈ? ਉਨ੍ਹਾਂ ਕਿਹਾ ਕਿ ਸਰਕਾਰ ਦੇ ਨਵੇਂ ਫ਼ੈਸਲੇ ਨਾਲ ਪੰਜਾਬ, ਹਰਿਆਣਾ ਅਤੇ ਪਛਮੀ ਉਤਰ ਪ੍ਰਦੇਸ਼ ਦੇ ਕਿਸਾਨਾਂ ਦਾ ਸੱਭ ਤੋਂ ਵੱਧ ਨਕੁਸਾਨ ਹੋਵੇਗਾ। (ਪੀਟੀਆਈ)
image