
ਅਬ ਪਛਤਾਏ ਕਿਆ ਹੋਤ ਹੈ ਜਬ ਚਿੜੀਆ ਚੁਗ ਗਈ ਖੇਤ : ਲਾਲ ਸਿੰਘ
ਚੰਡੀਗੜ੍ਹ, 20 ਸਤੰਬਰ (ਤੇਜਿੰਦਰ ਫ਼ਤਿਹਪੁਰ) : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਕਾਂਗਰਸੀ ਆਗੂ ਲਾਲ ਸਿੰਘ ਨੇ ਕਿਹਾ ਕਿ ਬਾਦਲਾਂ ਨੂੰ ਮੌਕਾ ਖੁੰਝ ਜਾਣ ਤੋਂ ਬਾਅਦ ਹੋਸ਼ ਆਈ ਅਤੇ ਹੁਣ ਕਿਸਾਨ ਹਿਤੈਸ਼ੀ ਹੋਣ ਦਾ ਡਰਾਮਾ ਕਰ ਰਹੇ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਕਿਸਾਨ ਤੇ ਪੰਥ ਵਿਰੋਧੀ ਚਿਹਰਾ ਪਹਿਲਾਂ ਹੀ ਨੰਗਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਦੇ ਕਿਸਾਨ ਵਿਰੋਧੀ ਬਿੱਲ ਵਿਰੁਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਬ ਪਾਰਟੀ ਮੀਟਿੰਗ ਸੱਦੀ ਗਈ ਸੀ ਤਾਂ ਉਸ ਵੇਲੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਬਜਾਏ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂ ਅਖ਼ਬਾਰਾਂ ਤੇ ਚੈਨਲਾਂ ਵਿਚ ਬਿਆਨ ਦੇ ਕੇ ਇਹ ਸਾਬਤ ਕਰਨ ਲਈ ਤਰਲੋਮੱਛੀ ਹੋ ਰਹੇ ਸਨ ਕਿ ਕੇਂਦਰ ਸਰਕਾਰ ਵਲੋਂ ਖੇਤੀ ਨਾਲ ਸਬੰਧਤ ਲਿਆਂਦੇ 3 ਆਰਡੀਨੈਂਸ ਕਿਸਾਨਾਂ ਦੇ ਹਿੱਤ ਵਿਚ ਹਨ ਅਤੇ ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਬਾਦਲਾਂ ਵਲੋਂ ਬੀਬਾ ਹਰਸਿਮਰਤ ਕੌਰ ਬਾਦਲ ਕੋਲੋਂ ਵਜ਼ਾਰਤ ਤੋਂ ਅਸਤੀਫ਼ਾ ਦਿਵਾ ਕੇ ‘ਯੂ-ਟਰਨ’ ਲਿਆ ਗਿਆ ਹੈ। ਉਨ੍ਹਾਂ ਬਾਦਲਾਂ ’ਤੇ ਤੰਜ ਕਸਦਿਆਂ ਸ਼ਾਇਰਾਨਾ ਅੰਦਾਜ਼ ਵਿਚ ਕਿਹਾ ਕਿ ‘ਅਬ ਪਛਤਾਏ ਕਿਆ ਹੋਤ ਹੈ ਜਬ ਚਿੜੀਆ ਚੁਗ ਗਈ ਖੇਤ’। ਲਾਲ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨ ਵਿਰੋਧੀ ਬਿੱਲ ਪਾਸ ਕਰਨ ਨਾਲ ਕਿਸਾਨਾਂ ਤੋਂ ਇਲਾਵਾ ਪੰਜਾਬ ਦਾ 4000 ਕਰੋੜ ਰੁਪਏ ਸਾਲਾਨਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਮੰਡੀਬੋਰਡ ਰਾਹੀਂ ਸਾਲ ਬੀਤੇ ਵਰ੍ਹੇ ਪੰਜਾਬ ਸਰਕਾਰ ਨੂੰ 3626 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਹੈ। ਪੰਜਾਬ ਵਿਚ ਮੰਡੀ ਬੋਰਡ ਵਲੋਂ 71 ਹਜ਼ਾਰ ਕਿਲੋਮੀਟਰ ਸੜਕਾਂ ਦਾ ਜਾਲ ਵਿਛਾਇਆ ਗਿਆ ਹੈ ਅਤੇ ਇਨ੍ਹਾਂ ਸੜਕਾਂ ਦੀ ਹਰ 6 ਸਾਲ ਬਾਅਦ ਮੁਰੰਮਤ ਕੀਤੀ ਜਾਂਦੀ ਹੈ ਤੇ ਉਸੇ ਮੰਡੀਬੋਰਡ ਨੂੰ ਮੋਦੀ ਸਰਕਾਰ ਸਮਾਪਤ ਕਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਗ਼ਲਤ ਨੀਤੀਆਂ ਦੇ ਕਾਰਨ ਭਵਿੱਖ ’ਚ ਪੰਜਾਬ ਦਾ ਕਿਸਾਨ ਬਿਹਾਰ ਵਿਚ ਜਾ ਕੇ ਮਜ਼ਦੂਰੀ ਕਰਨ ਨੂੰ ਵੀ ਮਜਬੂਰ ਹੋ ਸਕਦਾ ਹੈ। image