
ਕੈਪਟਨ ਅਮਰਿੰਦਰ ਸਿੰਘ ਦਾ ਸੁਖਬੀਰ ਬਾਦਲ 'ਤੇ ਪਲਟਵਾਰ
ਚੰਡੀਗੜ੍ਹ (ਨੀਲ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਕਾਂਗਰਸ ਸਰਕਾਰ ਵਿਰੁਧ ਕੋਰਾ ਝੂਠ ਬੋਲੇ ਜਾਣ ਨੂੰ ਸਾਹਮਣੇ ਦਿਸਦੀ ਹਾਰ ਕਾਰਨ ਬੁਖਲਾਹਟ ਦੀ ਨਿਸ਼ਾਨੀ ਦਸਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਸੂਬੇ ਵਿਚ ਭਲਕੇ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਵਿਚ ਵੋਟਰਾਂ ਹੱਥੋਂ ਇਕ ਹੋਰ ਹਾਰ ਸਹਿਣ ਲਈ ਤਿਆਰ ਰਹਿਣ ਵਾਸਤੇ ਆਖਿਆ।
Shiromani Akali Dal
ਮੁੱਖ ਮੰਤਰੀ ਨੇ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਇਕ ਹੋਰ ਹੂੰਝਾ ਫੇਰ ਜਿੱਤ ਦਾ ਭਰੋਸਾ ਜ਼ਾਹਰ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੀ ਤਾਜ਼ਾ ਟਿਪਣੀ ਦਾ ਮਜ਼ਾਕ ਉਡਾਉਂਦਿਆਂ ਆਖਿਆ ਕਿ ਅਕਾਲੀ ਲੀਡਰ ਪੂਰੀ ਤਰ੍ਹਾਂ ਬੁਖਲਾਇਆ ਹੋਇਆ ਹੈ। ਸੂਬੇ ਵਿਚ ਕਾਂਗਰਸ ਸਰਕਾਰ ਦੌਰਾਨ ਕੋਈ ਵਿਕਾਸ ਕਾਰਜ ਨਾ ਹੋਣ ਬਾਰੇ ਸੁਖਬੀਰ ਬਾਦਲ ਵਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਆਖਿਆ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਅਕਾਲੀਆਂ ਨੇ ਅਪਣੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਪੰਜਾਬ ਦਾ ਬੇੜਾ ਗਰਕ ਕਰਨ ਤੋਂ ਬਿਨਾਂ ਹੋਰ ਕੱਖ ਨਹੀਂ ਕੀਤਾ।
Congress
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ''ਤੁਹਾਨੂੰ (ਸੁਖਬੀਰ ਬਾਦਲ) ਤਾਂ ਵਿਕਾਸ ਦਾ ਮਤਲਬ ਵੀ ਪਤਾ ਨਹੀਂ ਹੋਣਾ।'' ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਢਾਈ ਸਾਲਾਂ ਵਿਚ ਅਕਾਲੀ-ਭਾਜਪਾ ਗੱਠਜੋੜ ਦੇ ਇਕ ਦਹਾਕੇ ਦੇ ਕਾਰਜਕਾਲ ਨਾਲੋਂ ਵੱਧ ਕੰਮ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਬਾਦਲ ਅਪਣੀ ਪਾਰਟੀ ਦੀ ਸਰਕਾਰ ਵੇਲੇ ਦੀਆਂ ਨਾਕਾਮੀਆਂ 'ਤੇ ਪਰਦਾ ਪਾਉਣ ਲਈ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਮੌਜੂਦਾ ਸਰਕਾਰ ਬਾਰੇ ਝੂਠ ਫ਼ੈਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਦੇ ਇਸ ਝੂਠ ਦੇ ਪੁਲੰਦੇ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਰੱਦ ਕਰ ਦਿਤਾ ਸੀ ਤੇ ਉਸ ਤੋਂ ਬਾਅਦ ਹੋਈਆਂ ਚੋਣਾਂ ਵਿਚ ਵੀ ਇਨ੍ਹਾਂ ਨੂੰ ਬੁਰੀ ਤਰ੍ਹਾਂ ਨਕਾਰਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।