
ਐਸਐਸਪੀ ਅਤੇ ਮੋਹਨ ਭਗਵਤ ਦੀਆਂ ਅਰਥੀਆਂ ਸਾੜਨ ਦਾ ਐਲਾਨ!
ਸੰਗਰੂਰ 20 ਅਕਤੂਬਰ (ਬਲਵਿੰਦਰ ਸਿੰਘ ਭੁੱਲਰ) : ਅੱਜ ਗਦਰ ਮੈਮੋਰੀਅਲ ਭਵਨ ਸੰਗਰੂਰ ਵਿਖੇ ਜਨਤਕ ਜਮਹੂਰੀ ਜੱਥੇਬੰਦੀਆਂ ਦੀ ਮੀਟਿੰਗ ਜਮੀਨ ਪ੍ਰਾਪਤੀ ਸੰਘਰਸ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਅਤੇ ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਚੌਂਦਾ ਨੇ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਵੱਲੋਂ 5 ਅਕਤੂਬਰ ਨੂੰ ਸੰਗਰੂਰ ਵਿਖੇ ਆਰ ਐਸ ਐਸ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਗ੍ਰਿਫ਼ਤਾਰ ਕੀਤੇ ਦੋ ਆਗੂਆਂ ਨੂੰ ਰਿਹਾ ਕਰਨ ਦੇ ਵਾਅਦੇ 'ਤੇ ਟਾਲ-ਮਟੋਲ ਕਰ ਰਹੀ ਹੈ। ਆਗੂਆਂ ਦੋਸ਼ ਲਾਇਆ ਕਿ ਸੰਗਰੂਰ ਪੁਲਿਸ
ਪ੍ਰਸ਼ਾਸਨ ਦਾ ਰਵੱਈਆ ਪੱਖਪਾਤੀ ਹੈ। ਇੱਕ ਪਾਸੇ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਉੱਪਰ ਭਾਜਪਾ ਆਗੂਆਂ ਦੇ ਇਸ਼ਾਰੇ ਤੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ ਦੂਸਰੇ ਪਾਸੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਸਿਰਫ ਡੀ ਡੀ ਆਰ ਕਰਕੇ ਤਫਤੀਸ਼ ਦੇ ਨਾਮ ਤੇ ਪਰਚਾ ਦਰਜ ਕਰਨ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਆਰ ਐਸ.ਐਸ. ਦੇ ਆਗੂਆਂ ਤੇ ਪਰਚਾ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ,25 ਅਕਤੂਬਰ ਨੂੰ ਆਰ.ਐਸ.ਐਸ. ਦੁਆਰਾ ਕੀਤੀ ਜਾ ਰਹੀ ਹੱਥਿਆਰਾ ਦੀ ਪੂਜਾ ਤੇ ਪਾਬੰਦੀ ਲਾਈ ਜਾਵੇ, ਗ੍ਰਿਫ਼ਤਾਰ ਕੀਤੇ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਦੋ ਕਾਰਕੁਨਾ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਆਗੂਆਂ ਨੇ ਇਹ ਵੀ ਕਿਹਾ ਕਿ ਪੱਖਪਾਤੀ ਰਵੱਈਆ ਰੱਖਣ ਵਾਲੇ ਸੰਗਰੂਰ ਦੇ ਐਸ ਐਸ ਪੀ ਵਿਵੇਕਸੀਲ ਸੋਨੀ ਅਤੇ ਆਰ.ਐਸ ਐਸ ਦੇ ਸਬੰਧਾ ਦੀ ਜਾਂਚ ਲਈ ਇਕ ਵਫਦ ਜਲਦੀ ਹੀ ਪੰਜਾਬ ਸਰਕਾਰ ਨੂੰ ਮਿਲੇਗਾ। ਇਸ ਤੋਂ ਇਲਾਵਾ ਇਹਨਾਂ ਮੰਗਾ ਦੀ ਪੂਰਤੀ ਲਈ 25 ਅਕਤੂਬਰ ਤੱਕ ਵੱਖ ਵੱਖ ਥਾਵਾਂ ਤੇ ਆਰ ਐਸ.ਐਸ ਅਤੇ ਸੰਗਰੂਰ ਦੇ ਐਸ ਐਸ ਪੀ ਵਿਵੇਕਸੀਲ ਸੋਨੀ ਦੇ ਪੁਤਲੇ ਫੁੱਕੇ ਜਾਣਗੇ। ਉਹਨਾਂ ਕਿਹਾ ਕਿ ਜੇਕਰ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ 25 ਤੋਂ ਬਾਅਦ ਸੰਗਰੂਰ ਵਿਖੇ ਅਗਲੇ ਵੱਡੇ ਐਕਸਨ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਜਮੀਨ ਪ੍ਰਾਪਤੀ ਸੰਘਰਸ ਕਮੇਟੀ ਦੀ ਆਗੂ ਪਰਮਜੀਤ ਕੌਰ, ਬਿੱਕਰ ਸਿੰਘ ਹੱਥੋਆ, ਨੌਜਵਾਨ ਭਾਰਤ ਸਭਾ ਦੇ ਆਗੂ ਗੁਰਧਿਆਨ ਸਿੰਘ,ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਜਸਪ੍ਰੀਤ ਕੌਰ, ਡੈਮੋਕਰੇਟਿਕ ਟੀਚਰ ਫੈਡਰੇਸ਼ਨ ਦੇ ਆਗੂ ਕੁਲਦੀਪ ਸਿੰਘ ਅਤੇ ਡੈਮੋਕਰੇਟਿਕ ਲਾਇਰਜ ਐਸੋਸੀਏਸ਼ਨ ਦੇ ਆਗੂ ਐਡਵੋਕੇਟ ਜਸਬੀਰ ਸਿੰਘ ਆਦਿ ਹਾਜ਼ਰ ਸਨ।
.ਫੋਟੋ ਨੰ: 20 ਐਸਐਨਜੀ 1image8