ਇਲੈਕਟ੍ਰੋਨਿਕਸ ਅਤੇ ਸੈਮੀ-ਕੰਡਕਟਰਾਂ ਲਈ ਹੈ ਮਹੱਤਵਪੂਰਨ
Rare metal Discovered in Sutlej: ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ), ਰੋਪੜ ਦੇ ਖੋਜਕਰਤਾਵਾਂ ਦੀ ਇਕ ਟੀਮ ਨੇ ਪੰਜਾਬ ਵਿਚ ਸਤਲੁਜ ਦਰਿਆ ਦੀ ਰੇਤ ਵਿਚ ਇਲੈਕਟ੍ਰਾਨਿਕ ਪੁਰਜ਼ਿਆਂ ਦੇ ਨਿਰਮਾਣ ਵਿਚ ਵਰਤੀ ਜਾਂਦੀ ਇਕ ਦੁਰਲੱਭ ਧਾਤ ਟੈਂਟਲਮ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ। ਇਹ ਖੋਜ ਸੰਸਥਾ ਦੇ ਸਿਵਲ ਇੰਜਨੀਅਰਿੰਗ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਡਾ. ਰੇਸਮੀ ਸੇਬੇਸਟੀਅਨ ਦੀ ਅਗਵਾਈ ਵਾਲੀ ਟੀਮ ਨੇ ਕੀਤੀ। ਇੰਡੀਅਨ ਐਕਸਪ੍ਰੈਸ ਦੀ ਰੀਪੋਰਟ ਮੁਤਾਬਕ ਡਾਕਟਰ ਸੇਬੇਸਟੀਅਨ ਨੇ ਦਸਿਆ ਕਿ ਖੋਜਕਰਤਾ ਇਕ ਗੈਰ-ਸੰਬੰਧਿਤ ਪ੍ਰਾਜੈਕਟ 'ਤੇ ਕੰਮ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਸਤਲੁਜ ਬੇਸਿਨ ਤੋਂ ਇਕੱਠੇ ਕੀਤੇ ਨਮੂਨਿਆਂ ਵਿਚ ਮੌਜੂਦ ਧਾਤ ਨੂੰ ਦੇਖਿਆ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਕ ਖੋਜ ਵਿਦਿਆਰਥੀ ਨੇ ਸਤਲੁਜ ਵਿਚ ਪਾਈਆਂ ਗਈਆਂ ਧਾਤਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਲੱਛਣਾਂ 'ਤੇ ਪ੍ਰਯੋਗ ਕਰਦੇ ਹੋਏ ਟੈਂਟਲਮ ਦੀ ਮੌਜੂਦਗੀ ਦਾ ਪਤਾ ਲਗਾਇਆ। ਡਾਕਟਰ ਸੇਬੇਸਟੀਅਨ ਨੇ ਕਿਹਾ ਕਿ ਪ੍ਰਯੋਗਾਂ ਦਾ ਉਦੇਸ਼ ਮੂਲ ਰੂਪ ਵਿਚ ਮਿੱਟੀ ਅਤੇ ਚੱਟਾਨਾਂ ਦੇ ਗਤੀਸ਼ੀਲ ਗੁਣਾਂ ਦਾ ਅਧਿਐਨ ਕਰਨਾ ਸੀ ਅਤੇ ਭੂਚਾਲ ਦੀ ਸਥਿਤੀ ਵਿਚ ਉਨ੍ਹਾਂ ਦੇ ਕੀ ਪ੍ਰਭਾਵ ਹੋਣਗੇ। ਅਜਿਹੀਆਂ ਦੁਰਲੱਭ ਧਾਤਾਂ ਦੀ ਖੁਦਾਈ ਦੀ ਆਰਥਿਕ ਸੰਭਾਵਨਾ ਰਾਜ ਦੇ ਹਿੱਤ ਵਿਚ ਹੋ ਸਕਦੀ ਹੈ।
ਇਲੈਕਟ੍ਰੋਨਿਕਸ ਅਤੇ ਸੈਮੀ-ਕੰਡਕਟਰਾਂ ਵਿਚ ਹੁੰਦੀ ਹੈ ਵਰਤੋਂ
ਪੰਜਾਬ ਮਾਈਨਿੰਗ ਅਤੇ ਭੂ-ਵਿਗਿਆਨ ਵਿਭਾਗ ਦੇ ਡਾਇਰੈਕਟਰ ਅਭਿਜੀਤ ਕਪਲਿਸ਼ ਨੇ ਕਿਹਾ ਕਿ ਸਤਲੁਜ ਵਿਚ ਟੈਂਟਲਮ ਦੀ ਖੋਜ ਨਾ ਸਿਰਫ਼ ਪੰਜਾਬ ਲਈ ਸਗੋਂ ਭਾਰਤ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਸ ਦੀ ਇਲੈਕਟ੍ਰੋਨਿਕਸ ਅਤੇ ਸੈਮੀ-ਕੰਡਕਟਰਾਂ ਵਿਚ ਵਰਤੋਂ ਦੇ ਲਿਹਾਜ਼ ਨਾਲ ਇਹ ਮਹੱਤਵ ਹੈ। ਉਹ ਹੁਣ ਨਦੀ ਵਿਚ ਧਾਤੂ ਦੀ ਮਾਤਰਾ ਜਾਣਨ ਲਈ ਉਤਸੁਕ ਹਨ। ਵਿਸਥਾਰ ਨਾਲ ਅਧਿਐਨ ਕਰਨ 'ਤੇ ਇਸ ਬਾਰੇ ਹੋਰ ਜਾਣਕਾਰੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਜੁਲਾਈ 2021 ਵਿਚ ਡਾਕਟਰ ਸੇਬੇਸਟਿਅਨ ਦੀ ਟੀਮ ਦੁਆਰਾ ਪ੍ਰਯੋਗਾਂ ਤੋਂ ਬਾਅਦ, ਇਸ ਸਾਲ ਜਨਵਰੀ ਵਿਚ ਇਕ ਖੋਜ ਪੱਤਰ ਪ੍ਰਕਾਸ਼ਿਤ ਕੀਤੀ ਗਈ ਸੀ। ਟੈਂਟਲਮ ਦੀ ਮੌਜੂਦਗੀ ਦੀ ਪੁਸ਼ਟੀ ਕਰਨ ਵਾਲੀਆਂ ਖੋਜਾਂ ਆਈਆਈਟੀ-ਰੋਪੜ ਦੁਆਰਾ ਦਰਿਆਈ ਰੇਤ ਦੀ ਖੁਦਾਈ ਲਈ ਸਮਾਜਿਕ-ਵਾਤਾਵਰਣ ਸਥਿਰਤਾ ਬਾਰੇ ਪੰਜਾਬ ਸਰਕਾਰ ਨੂੰ ਦਿਤੇ ਪ੍ਰਸਤਾਵ ਵਿਚ ਸ਼ਾਮਲ ਹਨ। ਇਹ ਪ੍ਰਸਤਾਵ ਪੰਜਾਬ ਦੇ ਵੱਖ-ਵੱਖ ਸਥਾਨਾਂ 'ਤੇ ਸਤਲੁਜ ਵਿਚ ਮੌਜੂਦ ਦੁਰਲੱਭ ਧਾਤਾਂ ਅਤੇ ਹੋਰ ਤੱਤਾਂ ਦੀ ਪਛਾਣ ਦਾ ਹਵਾਲਾ ਦਿੰਦੇ ਹੋਏ ਟੈਂਟਲਮ ਦੀ ਮੌਜੂਦਗੀ ਨੂੰ ਉਜਾਗਰ ਕਰਦਾ ਹੈ, ਜੋ ਕਿ ਸਰਕਾਰ ਅਤੇ ਸਬੰਧਤ ਉਦਯੋਗਾਂ ਲਈ ਦਿਲਚਸਪੀ ਦਾ ਖੇਤਰ ਹੈ।
125 ਥਾਵਾਂ ਤੋਂ ਲਏ ਜਾਣ ਸੈਂਪਲ
ਇਹ ਪ੍ਰਸਤਾਵ ਡਾ. ਰੀਤ ਕਮਲ ਤਿਵਾੜੀ ਦੀ ਅਗਵਾਈ ਵਾਲੀ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਕਿ ਸੰਸਥਾ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਵੀ ਹਨ। ਇਸ ਟੀਮ ਵਿਚ ਡਾਕਟਰ ਸੇਬੇਸਟੀਅਨ ਵੀ ਸ਼ਾਮਲ ਹਨ। ਉਨ੍ਹਾਂ ਨੇ ਦੁਰਲੱਭ ਤੱਤਾਂ ਦੀ ਪਛਾਣ ਕਰਨ ਲਈ ਘੱਟੋ-ਘੱਟ 125 ਥਾਵਾਂ ਤੋਂ ਸਤਲੁਜ ਦਰਿਆ ਦੇ ਨਮੂਨੇ ਇਕੱਠੇ ਕਰਨ ਦੀ ਤਜਵੀਜ਼ ਰੱਖੀ ਹੈ। ਪੰਜਾਬ ਸਰਕਾਰ ਦੁਆਰਾ ਮੈਪ ਕੀਤੀਆਂ 300 ਤੋਂ ਵੱਧ ਸਾਈਟਾਂ ਦੀ ਖੋਜ ਕੀਤੀ ਜਾ ਸਕਦੀ ਹੈ।
ਟੈਂਟਲਮ ਇਕ ਸਖ਼ਤ, ਚਮਕਦਾਰ ਪਰਿਵਰਤਨ ਧਾਤ ਹੈ ਜੋ ਬਹੁਤ ਜ਼ਿਆਦਾ ਖੋਰ ਰੋਧਕ ਹੈ। ਕੇਂਦਰੀ ਖਾਨ ਮੰਤਰਾਲੇ ਦੀ 2020-21 ਦੀ ਸਾਲਾਨਾ ਰੀਪੋਰਟ ਨੇ ਇਸ ਦੀ ਪਛਾਣ "12 ਨਾਜ਼ੁਕ ਅਤੇ ਰਣਨੀਤਕ ਖਣਿਜਾਂ ਵਿਚੋਂ ਇਕ" ਵਜੋਂ ਕੀਤੀ ਹੈ। ਹਾਲਾਂਕਿ, ਸਤਲੁਜ ਵਿਚ ਟੈਂਟਲਮ ਦਾ ਸਰੋਤ ਅਜੇ ਸਪੱਸ਼ਟ ਨਹੀਂ ਹੈ। ਇਹ ਹਿਮਾਲੀਅਨ ਖੇਤਰ ਵਿਚ ਟੈਕਟੋਨਿਕ ਪਲੇਟਾਂ ਦੀ ਗਤੀ ਦੇ ਕਾਰਨ ਹੋ ਸਕਦਾ ਹੈ ਜਿਸ ਵਿਚ ਦੁਰਲੱਭ ਧਾਤਾਂ ਹੋਣ ਦੀ ਸੰਭਾਵਨਾ ਹੈ।
ਇਸ ਦਾ ਸਰੋਤ ਕੀ ਹੋ ਸਕਦਾ ਹੈ?
ਹਾਲਾਂਕਿ ਸਤਲੁਜ ਵਿਚ ਟੈਂਟਲਮ ਦਾ ਸਰੋਤ ਅਜੇ ਸਪੱਸ਼ਟ ਨਹੀਂ ਹੈ, ਡਾਕਟਰ ਸੇਬੇਸਟੀਅਨ ਨੇ ਕਿਹਾ ਕਿ ਇਹ ਹਿਮਾਲੀਅਨ ਖੇਤਰ ਵਿਚ ਟੈਕਟੋਨਿਕ ਪਲੇਟਾਂ ਦੀ ਗਤੀ ਦੇ ਕਾਰਨ ਹੋ ਸਕਦਾ ਹੈ ਜਿਸ ਵਿਚ ਦੁਰਲੱਭ ਧਾਤ ਹੋਣ ਦੀ ਸੰਭਾਵਨਾ ਹੈ।