
ਮੁੱਖ ਮੰਤਰੀ ਨੇ ਮੁੱਕੇਬਾਜ਼ ਸਿਮਰਨਜੀਤ ਕੌਰ ਚੱਕਰ ਨੂੰ ਦਿਤੀ ਮੁਬਾਰਕਬਾਦ
ਚੰਡੀਗੜ੍ਹ, 20 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਕਲੋਨ (ਜਰਮਨੀ) ਵਿਖੇ ਮੁੱਕੇਬਾਜ਼ੀ ਵਿਸ਼ਵ ਕੱਪ ਵਿਚ ਸੋਨ ਤਮਗ਼ਾ ਜਿੱਤਣ ਵਾਲੀ ਮੁੱਕੇਬਾਜ਼ ਸਿਮਰਨਜੀਤ ਕੌਰ ਚਕਰ ਨੂੰ ਮੁਬਾਰਕਬਾਦ ਦਿਤੀ।
ਸਿਮਰਨਜੀਤ ਨੂੰ ਪੰਜਾਬ ਦੀ ਮਾਣਮੱਤੀ ਧੀ ਦਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁੱਕੇਬਾਜ਼ੀ ਖੇਡ ਦੇ ਇਸ ਵੱਕਾਰੀ ਤੇ ਵੱਡੇ ਮੁਕਾਬਲੇ ਵਿਚ ਉਸ ਦੀ ਇਹ ਪ੍ਰਾਪਤੀ ਨਾ ਸਿਰਫ਼ ਪੰਜਾਬ ਬਲਕਿ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਹੁਣ ਮਹਿਲਾ ਮੁੱਕੇਬਾਜ਼ੀ ਦੇ ਗੜ੍ਹ ਵਜੋਂ ਜਾਣਿਆ ਜਾਣ ਲੱਗਾ ਹੈ ਜਿਸ ਲਈ ਸਿਮਰਨਜੀਤ, ਉਸ ਦੇ ਮਾਪੇ ਅਤੇ ਕੋਚ ਵਧਾਈ ਦੇ ਪਾਤਰ ਹਨ। ਕਲੋਨ ਵਿਖੇ ਮੁੱਕੇਬਾਜ਼ੀ ਵਿਸ਼ਵ ਕੱਪ ਵਿਚ ਮਹਿਲਾ ਵਰਗ ਦੇ 60 ਕਿਲੋ ਭਾਰ ਵਰਗ ਵਿਚ ਸਿਮਰਨਜੀਤ ਨੇ ਫ਼ਾਈਨਲ ਵਿਚ ਜਰਮਨੀ ਦੀ ਮਾਇਆ ਕਲੇਨਹਾਂਸ ਨੂੰ 4-1 ਨਾਲ ਹਰਾਇਆ। ਇਸ ਤੋਂ ਪਹਿਲਾ ਸੈਮੀ ਫ਼ਾਈਨਲ ਵਿਚ ਸਿਮਰਨਜੀਤ ਨੇ ਯੂਕਰੇਨ ਦੀ ਮਾਰੀਅੰਨਾ ਬਸਾਨੇਤਸ ਨੂੰ ਵੀ 4-1 ਨਾਲ ਹਰਾਇਆ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਮਹੀਨੇ ਸਿਮਰਨਜੀਤ ਕੌਰ ਵਲੋਂ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਹੋਣ ਉਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਮਰਨਜੀਤ ਅਤੇ ਉਸ ਦੇ ਪਰਵਾਰ ਨੂੰ ਨਿਜੀ ਤੌਰ ਉਤੇ ਮਿਲ ਕੇ ਵਧਾਈ ਦਿਤੀ ਸੀ ਅਤੇ ਪੰਜ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਸੀ।
ਇਸ ਤੋਂ ਬਾਅਦ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਤਰਫ਼ੋਂ ਸਿਮਰਨਜੀਤ ਕੌਰ ਨੂੰ ਪੰਜ ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਸੀ। ਮੁੱਕੇਬਾਜੀ ਵਿਸ਼ਵ ਕੱਪ ਵਿਚ ਭਾਰਤੀ ਟੀਮ (ਪੁਰਸ ਤੇ ਮਹਿਲਾ) ਨੇ ਕੁਲ 9 ਤਮਗ਼ੇ ਜਿੱਤੇ ਹਨ, ਜਿਨ੍ਹਾਂ ਵਿਚ 3 ਸੋਨੇ, 2 ਚਾਂਦੀ ਤੇ 4 ਕਾਂਸੀ ਦੇ ਤਮਗ਼ੇ ਸ਼ਾਮਲ ਹਨ।
image