
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਵੀਰਵਾਰ ਤੋਂ ਅਗਲੇ ਚਾਰ ਦਿਨਾਂ ਤਕ ਪੰਜਾਬ ਵਿਚ ਸੰਘਣੀ ਧੁੰਦ ਪੈ ਸਕਦੀ ਹੈ।
Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਇਨ੍ਹੀਂ ਦਿਨੀਂ ਬਹੁਤ ਠੰਢ ਪੈ ਰਹੀ ਹੈ। ਸਥਿਤੀ ਇਹ ਹੈ ਕਿ ਪੰਜਾਬ ਦੇ ਕਈ ਜ਼ਿਲ੍ਹੇ ਹਿਮਾਚਲ ਨਾਲੋਂ ਵੀ ਠੰਢੇ ਹਨ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿਚ ਇਸ ਸੀਜ਼ਨ ਵਿਚ ਪਹਿਲੀ ਵਾਰ ਲੁਧਿਆਣਾ ਵਿਚ ਪਾਰਾ 3 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ ਵਿਚ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਧੁੰਦ ਕਾਰਨ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਉਡਾਣਾਂ ਲੇਟ ਹੋਈਆਂ ਅਤੇ ਟੇਕਆਫ ਵੀ ਦੇਰੀ ਨਾਲ ਹੋਇਆ। ਆਉਣ ਵਾਲੇ ਦਿਨਾਂ 'ਚ ਪਹਾੜਾਂ 'ਤੇ ਬਰਫਬਾਰੀ ਹੋਣ ਨਾਲ ਪੰਜਾਬ 'ਚ ਠੰਡ ਹੋਰ ਵਧ ਜਾਵੇਗੀ।
ਇਸ ਤੋਂ ਪਹਿਲਾਂ ਬੁਧਵਾਰ ਨੂੰ ਫਤਿਹਗੜ੍ਹ ਸਾਹਿਬ ਸੱਭ ਤੋਂ ਠੰਢਾ ਰਿਹਾ। ਜਿਥੇ ਘੱਟੋ-ਘੱਟ ਤਾਪਮਾਨ 3.7 ਡਿਗਰੀ ਸੈਲਸੀਅਸ ਰਿਹਾ। ਜਦਕਿ ਅੰਮ੍ਰਿਤਸਰ ਵਿਚ ਘੱਟੋ-ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਲੁਧਿਆਣਾ ਅਤੇ ਗੁਰਦਾਸਪੁਰ ਵਿਚ ਘੱਟੋ-ਘੱਟ ਤਾਪਮਾਨ 5.1 ਡਿਗਰੀ ਸੈਲਸੀਅਸ, ਮੋਗਾ ਅਤੇ ਪਟਿਆਲਾ ਵਿਚ 5.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ ਕਾਂਗੜਾ ਵਿਚ ਘੱਟੋ-ਘੱਟ ਤਾਪਮਾਨ 4.4 ਡਿਗਰੀ, ਸ਼ਿਮਲਾ ਵਿਚ ਘੱਟੋ-ਘੱਟ ਤਾਪਮਾਨ 9.2 ਡਿਗਰੀ ਸੈਲਸੀਅਸ ਅਤੇ ਧਰਮਸ਼ਾਲਾ ਵਿਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਜਿਹੇ 'ਚ ਇਹ ਸਪੱਸ਼ਟ ਹੈ ਕਿ ਪੰਜਾਬ ਦੇ ਇਲਾਕੇ ਹਿਮਾਚਲ ਨਾਲੋਂ ਕਿਤੇ ਜ਼ਿਆਦਾ ਠੰਢੇ ਹਨ।
ਪਠਾਨਕੋਟ ਵਿਚ ਘੱਟੋ-ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ, ਚੰਡੀਗੜ੍ਹ ਵਿਚ 6.2 ਡਿਗਰੀ, ਬਠਿੰਡਾ ਵਿਚ 6.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਵੀਰਵਾਰ ਤੋਂ ਅਗਲੇ ਚਾਰ ਦਿਨਾਂ ਤਕ ਪੰਜਾਬ ਵਿਚ ਸੰਘਣੀ ਧੁੰਦ ਪੈ ਸਕਦੀ ਹੈ।
ਕਈ ਥਾਵਾਂ 'ਤੇ ਧੁੰਦ ਪੈਣ ਕਾਰਨ ਆਲੂ ਦੀ ਫਸਲ ਨੂੰ ਵੱਡੇ ਪੱਧਰ 'ਤੇ ਨੁਕਸਾਨ ਹੋ ਸਕਦਾ ਹੈ। ਪੰਜਾਬ ਵਿਚ 22 ਦਸੰਬਰ ਦੀ ਸ਼ਾਮ ਤੋਂ ਪੱਛਮੀ ਗੜਬੜੀ ਸਰਗਰਮ ਹੋ ਜਾਵੇਗੀ। ਜਿਸ ਦੇ ਪ੍ਰਭਾਵ ਕਾਰਨ ਕਈ ਜ਼ਿਲ੍ਹਿਆਂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 21.7 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬੁਧਵਾਰ ਸਵੇਰੇ 8.30 ਵਜੇ ਤਕ ਧੁੰਦ ਕਾਰਨ ਵਿਜ਼ੀਬਿਲਟੀ 200 ਮੀਟਰ ਤਕ ਦਰਜ ਕੀਤੀ ਗਈ, ਜੋ ਮੰਗਲਵਾਰ ਨੂੰ 500 ਮੀਟਰ ਤਕ ਸੀ।
(For more news apart from Punjab weather update today, stay tuned to Rozana Spokesman)