
Jalandhar News : ਕਿਹਾ, ਜ਼ਿਲ੍ਹੇ 'ਚ ਸ਼ਾਂਤੀਪੂਰਨ ਤਰੀਕੇ ਨਾਲ ਕਰੀਬ 54.90 ਫੀਸਦੀ ਹੋਈ ਪੋਲਿੰਗ
Jalandhar News in Punjabi : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਜਿੱਥੇ ਵੋਟ ਪ੍ਰਕਿਰਿਆ ਅਤੇ ਗਿਣਤੀ ਪ੍ਰਕਿਰਿਆ ਦਾ ਜਾਇਜ਼ਾ ਲਿਆ, ਉੱਥੇ ਵੋਟਰਾਂ ਨਾਲ ਗੱਲਬਾਤ ਕਰਦਿਆਂ ਸ਼ਾਂਤੀਪੂਰਨ ਤਰੀਕੇ ਨਾਲ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ 'ਤੇ ਧੰਨਵਾਦ ਵੀ ਪ੍ਰਗਟਾਇਆ। ਇਸ ਤੋਂ ਇਲਾਵਾ ਉਨ੍ਹਾਂ ਚੋਣ ਅਮਲੇ ਦਾ ਹੌਸਲਾ ਵੀ ਵਧਾਇਆ।
ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਨਗਰ ਨਿਗਮ ਜਲੰਧਰ ਦੇ 85 ਵਾਰਡਾਂ, ਨਗਰ ਕੌਂਸਲ ਭੋਗਪੁਰ ਦੇ 13, ਨਗਰ ਕੌਂਸਲ ਗੁਰਾਇਆ ਦੇ 13, ਨਗਰ ਕੌਂਸਲ ਫਿਲੌਰ ਦੇ 1, ਨਗਰ ਪੰਚਾਇਤ ਬਿਲਗਾ ਦੇ 11 , ਨਗਰ ਪੰਚਾਇਤ ਸ਼ਾਹਕੋਟ ਦੇ 13 ਅਤੇ ਨਗਰ ਪੰਚਾਇਤ ਮਹਿਤਪੁਰ ਦੇ 1 ਵਾਰਡ ਸਮੇਤ ਕੁੱਲ 137 ਵਾਰਡਾਂ ਲਈ ਚੋਣ ਹੋਈ। ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਬਿਲਗਾ ਦੇ 13 ਵਾਰਡਾਂ ਵਿਚੋਂ 2 ਵਾਰਡਾਂ (ਵਾਰਡ ਨੰ.1 ਤੇ 3) ਵਿੱਚ ਪਹਿਲਾਂ ਹੀ ਸਰਬਸੰਮਤੀ ਹੋ ਚੁੱਕੀ ਹੈ।
ਪੋਲਿੰਗ ਬੂਥਾਂ 'ਤੇ ਚੋਣ ਅਮਲੇ ਦਾ ਉਤਸ਼ਾਹ ਵਧਾਉਂਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣਾਂ ਨਿਰਵਿਘਨ, ਨਿਰਪੱਖ ਅਤੇ ਸ਼ਾਂਤੀਪੂਰਵਕ ਨੇਪਰੇ ਚੜ੍ਹਾਉਣ ਲਈ ਚੋਣ ਅਮਲੇ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਚੋਣ ਲਈ ਕਰੀਬ 3 ਹਜ਼ਾਰ ਸਟਾਫ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸੁਰੱਖਿਆ ਦੇ ਮੱਦੇਨਜ਼ਰ 3404 ਜ਼ਿਲ੍ਹਾ ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਤਾਇਨਾਤ ਰਹੇ।
ਡਾ. ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 54.90 ਫੀਸਦੀ ਨਿਰਵਿਘਨ ਅਤੇ ਸ਼ਾਂਤੀਪੂਰਵਕ ਵੋਟ ਪੋਲ ਹੋਈ, ਜਿਸ ਵਿਚੋਂ ਨਗਰ ਨਿਗਮ ਜਲੰਧਰ ਵਿੱਚ ਕਰੀਬ 50.27 ਫੀਸਦੀ, ਨਗਰ ਕੌਂਸਲ ਭੋਗਪੁਰ ਵਿੱਚ 71.81 ਫੀਸਦੀ, ਨਗਰ ਕੌਂਸਲ ਗੁਰਾਇਆ ਵਿੱਚ 65.36 ਫੀਸਦੀ, ਨਗਰ ਕੌਂਸਲ ਫਿਲੌਰ ਵਿੱਚ 55.92 ਫੀਸਦੀ, ਨਗਰ ਪੰਚਾਇਤ ਬਿਲਗਾ ਵਿੱਚ 66.54 ਫੀਸਦੀ, ਨਗਰ ਪੰਚਾਇਤ ਸ਼ਾਹਕੋਟ ਵਿਖੇ 63.90 ਫੀਸਦੀ ਅਤੇ ਨਗਰ ਪੰਚਾਇਤ ਮਹਿਤਪੁਰ ਵਿਖੇ 61.55 ਫੀਸਦੀ ਸ਼ਾਂਤੀਪੂਰਨ ਤਰੀਕੇ ਨਾਲ ਪੋਲਿੰਗ ਹੋਈ।
(For more news apart from Deputy Commissioner visited polling booths, reviewed voting process and counting process News in Punjabi, stay tuned to Rozana Spokesman)