
ਲੁਧਿਆਣਾ ’ਚ ਵਿਰੋਧੀ ਪਾਰਟੀਆਂ ਵਲੋਂ ਜੇਤੂ ਐਲਾਨੇ ਗਏ ਉਮੀਦਵਾਰਾਂ ਦੇ ਨਾਵਾਂ ’ਤੇ ਇਤਰਾਜ਼ ਜਤਾਉਣ ਤੋਂ ਬਾਅਦ ਚੋਣ ਨਤੀਜੇ ਰੁਕ ਗਏ
ਚੰਡੀਗੜ੍ਹ : ਪੰਜਾਬ ’ਚ ਸਨਿਚਰਵਾਰ ਨੂੰ ਨਗਰ ਨਿਗਮ ਚੋਣਾਂ ਦੇ ਨਤੀਜੇ ਰਲਵੇਂ-ਮਿਲਵੇਂ ਰਹੇ। ਸੱਤਾਧਾਰੀ ਆਮ ਆਦਮੀ ਪਾਰਟੀ, ਜਿਸ ਨੇ ਪੰਜ ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ’ਚ ਪਹਿਲੀ ਵਾਰ ਚੋਣਾਂ ਲੜੀਆਂ ਸਨ, ਜਲੰਧਰ ਅਤੇ ਪਟਿਆਲਾ ਨਗਰ ਨਿਗਮਾਂ ’ਚ ਜਿੱਤ ਹਾਸਲ ਕਰਨ ’ਚ ਸਫਲ ਰਹੀ।
ਅੰਮ੍ਰਿਤਸਰ ਅਤੇ ਫਗਵਾੜਾ ’ਚ ਕਾਂਗਰਸ ਨੇ ਜਿੱਤ ਹਾਸਲ ਕੀਤੀ। ਅੰਮ੍ਰਿਤਸਰ ਦੇ ਸਾਰੇ 85 ਵਾਰਡਾਂ ਦੇ ਨਤੀਜੇ ਐਲਾਨੇ ਜਾ ਚੁਕੇ ਹਨ। ਕਾਂਗਰਸ ਨੇ 43, ਆਮ ਆਦਮੀ ਪਾਰਟੀ ਨੇ 24, ਭਾਜਪਾ ਨੇ 9, ਸ਼੍ਰੋਮਣੀ ਅਕਾਲੀ ਦਲ ਨੇ 4 ਅਤੇ ਆਜ਼ਾਦ ਉਮੀਦਵਾਰਾਂ ਨੇ 5 ਵਾਰਡ ਜਿੱਤੇ ਹਨ। ਜਦਕਿ ਫਗਵਾੜਾ ’ਚ ਸਖ਼ਤ ਮੁਕਾਬਲੇ ਤੋਂ ਬਾਅਦ ਕਾਂਗਰਸ ਨੇ 43 ਸੀਟਾਂ ਦੇ ਜਾਦੂਈ ਨਿਸ਼ਾਨ ਨੂੰ ਛੂਹ ਲਿਆ। ਫਗਵਾੜਾ ਦੇ 50 ਵਾਰਡਾਂ ਵਿਚੋਂ ਕਾਂਗਰਸ ਨੇ 22, ਆਮ ਆਦਮੀ ਪਾਰਟੀ ਨੇ 12, ਭਾਜਪਾ ਨੇ 4, ਬਸਪਾ ਨੇ 3, ਅਕਾਲੀ ਦਲ ਨੇ 3 ਅਤੇ ਆਜ਼ਾਦ ਉਮੀਦਵਾਰ ਨੇ 6 ਵਾਰਡਾਂ ਵਿਚ ਜਿੱਤ ਹਾਸਲ ਕੀਤੀ ਹੈ। ਵੋਟਿੰਗ ਦੌਰਾਨ ਕਈ ਥਾਵਾਂ ’ਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਅਤੇ ਵਰਕਰਾਂ ਵਿਚਾਲੇ ਝੜਪਾਂ ਹੋਈਆਂ।
ਲੁਧਿਆਣਾ ’ਚ ਵਿਰੋਧੀ ਪਾਰਟੀਆਂ ਵਲੋਂ ਜੇਤੂ ਐਲਾਨੇ ਗਏ ਉਮੀਦਵਾਰਾਂ ਦੇ ਨਾਵਾਂ ’ਤੇ ਇਤਰਾਜ਼ ਜਤਾਉਣ ਤੋਂ ਬਾਅਦ ਚੋਣ ਨਤੀਜੇ ਰੁਕ ਗਏ ਹਨ। ਉਂਝ ਤਾਂ ਆਮ ਆਦਮੀ ਪਾਰਟੀ ਹੁਣ ਤਕ ਵੋਟਾਂ ਦੀ ਗਿਣਤੀ ’ਚ ਅੱਗੇ ਹੈ ਪਰ ਉਸ ਨੂੰ ਬਹੁਮਤ ਨਹੀਂ ਮਿਲਿਆ ਹੈ।
ਵਿਰੋਧੀ ਪਾਰਟੀਆਂ ਨੇ ਵੋਟਾਂ ’ਚ ਹੇਰਾਫੇਰੀ ਦਾ ਦੋਸ਼ ਲਗਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਕੀਤੇ। ਪਟਿਆਲਾ ’ਚ ‘ਆਪ’ ਅਤੇ ਭਾਜਪਾ ਵਰਕਰਾਂ ਨੇ ਇਕ-ਦੂਜੇ ’ਤੇ ਇੱਟਾਂ ਅਤੇ ਪੱਥਰ ਸੁੱਟੇ। ਵਾਰਡ ਨੰਬਰ 34 ਤੋਂ ਭਾਜਪਾ ਉਮੀਦਵਾਰ ਅਨੁਜ ਖੋਸਲਾ ਦੇ ਸਿਰ ’ਤੇ ਪੱਥਰ ਲੱਗਿਆ, ਜਿਸ ਨਾਲ ਉਹ ਜ਼ਖਮੀ ਹੋ ਗਏ। ਵਾਰਡ ਨੰਬਰ 34 ਤੋਂ ਭਾਜਪਾ ਉਮੀਦਵਾਰ ਸੁਸ਼ੀਲ ਨਈਅਰ ਪਟਰੌਲ ਦੀ ਬੋਤਲ ਲੈ ਕੇ ਛੱਤ ’ਤੇ ਚੜ੍ਹ ਗਏ ਅਤੇ ‘ਆਪ‘ ’ਤੇ ਵੋਟਾਂ ਪਾਉਣ ਅਤੇ ਜਾਅਲੀ ਕਰਨ ਦਾ ਦੋਸ਼ ਲਾਇਆ।
ਵਾਰਡ ਨੰਬਰ 11 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਪਤੀ ਸੁਖਮਿੰਦਰ ਪਾਲ ਸਿੰਘ ਮਿੰਟਾ ਵੀ ਟੈਂਕੀ ’ਤੇ ਚੜ੍ਹ ਗਏ। ਪੁਲਿਸ ਨੇ ਦੋਹਾਂ ਨੂੰ ਸੁਰੱਖਿਅਤ ਹੇਠਾਂ ਲਿਆਂਦਾ। ਵਾਰਡ 15 ’ਚ ਆਪਸੀ ਟਕਰਾਅ ਕਾਰਨ ਕਈ ਵਾਹਨ ਟੁੱਟ ਗਏ।
ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਅਤੇ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਵਿਰੁਧ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਸ਼ਹਿਰ ਤੋਂ ਬਾਹਰ ਦੇ ਵੋਟਰ ਵੋਟਿੰਗ ਸਮੇਂ ਦਾਖਲ ਨਹੀਂ ਹੋ ਸਕਦੇ ਪਰ ਸਮਾਣਾ ਅਤੇ ਘਨੌਰ ਦੇ ਵਿਧਾਇਕਾਂ ਨੇ ਵਾਰਡ 40 ’ਚ ਪਹੁੰਚ ਕੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।
‘ਆਪ’ ਤੇ ਕਾਂਗਰਸੀ ਵਿਧਾਇਕਾਂ ਦੀਆਂ ਪਤਨੀਆਂ ਹਾਰੀਆਂ
ਲੁਧਿਆਣਾ ਦੇ ਚੋਣ ਨਤੀਜੇ ਸੱਤਾਧਾਰੀ ‘ਆਪ’ ਵਿਧਾਇਕਾਂ ਲਈ ਚੰਗੇ ਨਹੀਂ ਰਹੇ। ‘ਆਪ’ ਵਿਧਾਇਕਾਂ ਅਸ਼ੋਕ ਪਰਾਸ਼ਰ ਅਤੇ ਗੁਰਪ੍ਰੀਤ ਗੋਗੀ ਦੀਆਂ ਪਤਨੀਆਂ ਚੋਣ ਹਾਰ ਗਈਆਂ। ਕਾਂਗਰਸ ਵਿਧਾਇਕ ਅਤੇ ਪਾਰਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਦੀ ਪਤਨੀ ਵੀ ਚੋਣ ਜਿੱਤਣ ’ਚ ਅਸਫਲ ਰਹੀ। ਵਿਧਾਇਕ ਮਦਨ ਲਾਲ ਬੱਗਾ ਦੇ ਬੇਟੇ ਅਮਨ ਬੱਗਾ ਨੇ ਚੋਣ ਜਿੱਤੀ।
ਦੂਜੇ ਪਾਸੇ ਜਲੰਧਰ ’ਚ ਕਾਂਗਰਸ ਦੇ ਸਾਬਕਾ ਮੇਅਰ ਜਗਦੀਸ਼ ਰਾਜਾ ਅਤੇ ਉਨ੍ਹਾਂ ਦੀ ਸਾਬਕਾ ਡਿਪਟੀ ਮੇਅਰ ਪਤਨੀ ਅਨੀਤਾ ਰਾਜਾ, ਜੋ ‘ਆਪ‘ ਦੀ ਟਿਕਟ ’ਤੇ ਚੋਣ ਲੜ ਰਹੇ ਸਨ, ਚੋਣ ਹਾਰ ਗਏ। ਇਸੇ ਤਰ੍ਹਾਂ ਭਾਜਪਾ ਦੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵੀ ਚੋਣ ਹਾਰ ਗਏ। ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਾਜੇਂਦਰ ਬੇਰੀ ਦੀ ਪਤਨੀ ਉਮਾ ਬੇਰੀ ਨੇ ਚੋਣ ਜਿੱਤੀ ਹੈ।