ਇਤਿਹਾਸਕ ਘੜੀ ਨੂੰ UK ’ਚ ਕਰਵਾਇਆ ਗਿਆ ਠੀਕ, ਘੜੀ ਨੂੰ ਠੀਕ ਕਰਨ ’ਤੇ ਖ਼ਰਚ ਆਏ 96 ਲੱਖ ਰੁਪਏ
ਅੰਮ੍ਰਿਤਸਰ : ਦਹਾਕਿਆਂ ਤੋਂ 10.08 'ਤੇ ਖੜ੍ਹੀ ਘੜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਨੂੰ ਇਕ ਹੀ ਸਮਾਂ ਦੱਸਦੀ ਰਹਿੰਦੀ ਸੀ ਪਰ ਹੁਣ 123 ਸਾਲ ਪੁਰਾਣੀ ਇਹ ਕਰਜ਼ਨ ਘੜੀ ਫਿਰ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਟਿਕ-ਟਿਕ ਕਰਦੀ ਹੋਈ ਦਿਖਾਈ ਦੇਵੇਗੀ। ਬਰਮਿੰਘਮ ’ਚ ਦੋ ਸਾਲ ਦੀ ਮੁਰੰਮਤ ਮਗਰੋਂ ਇਹ ਘੜੀ ਜਨਵਰੀ 2026 ’ਚ ਮੁੜ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜ਼ੇਗੀ।
ਬਰਮਿੰਘਮ ਸਥਿਤ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਦੇ ਪ੍ਰਤੀਨਿਧੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਘੜੀ ਨੂੰ ਠੀਕ ਕਰਨ ’ਤੇ ਲਗਭਗ 96 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਇਹ ਜਨਵਰੀ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਮੁੜ ਸਥਾਪਤ ਹੋਣ ਲਈ ਤਿਆਰ ਹੈ।
ਲਾਰਡ ਕਰਜ਼ਨ ਜੋ 1899 ਤੋਂ 1905 ਤੱਕ ਭਾਰਤ ਦੇ ਵਾਇਸਰਾਏ ਸਨ ਅਤੇ ਉਨ੍ਹਾਂ ਦੀ ਪਤਨੀ 9 ਅਪ੍ਰੈਲ, 1900 ਨੂੰ ਹਰਿਮੰਦਰ ਸਾਹਿਬ ਵਿਖੇ ਆਏ ਸਨ । ਸਮਕਾਲੀ ਰਿਕਾਰਡ ਦੱਸਦੇ ਹਨ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਲਟਕਦੀ ਇੱਕ ਆਮ ਕੰਧ ਘੜੀ ਦੀ ਸਾਧਾਰਨ ਦਿੱਖ ਤੋਂ ਹੈਰਾਨ ਸਨ। ਕਰਜ਼ਨ ਨੇ ਇਸ ਨੂੰ ਇੱਕ ਹੋਰ "ਢੁਕਵੀਂ ਘੜੀ" ਨਾਲ ਬਦਲਣ ਦੀ ਇੱਛਾ ਪ੍ਰਗਟ ਕੀਤੀ, ਜੋ ਵਿਸ਼ੇਸ਼ ਤੌਰ 'ਤੇ ਸਿੱਖ ਧਾਰਮਿਕ ਸਥਾਨ ਦੀ ਪਵਿੱਤਰਤਾ ਨਾਲ ਮੇਲ ਖਾਂਦੀ ਹੋਵੇ। ਬਰਮਿੰਘਮ ਸਥਿਤ ਐਲਕਿੰਗਟਨ ਐਂਡ ਕੰਪਨੀ ਲਿਮਟਿਡ ਨੂੰ ਵਿਸ਼ੇਸ਼ ਤੌਰ 'ਤੇ ਘੜੀ ਬਣਾਉਣ ਲਈ ਕਿਹਾ ਅਤੇ ਇਸ ਨੂੰ ਭਾਰਤ ਭੇਜਣ ਵਿੱਚ ਦੋ ਸਾਲਾਂ ਤੋਂ ਵੱਧ ਦ ਸਮਾਂ ਲੱਗਿਆ।
ਚਮਕਦਾਰ ਪਿੱਤਲ ਦੀ ਇਹ ਘੜੀ 31 ਅਕਤੂਬਰ 1902 ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ 'ਤੇ ਸ੍ਰੀ ਦਰਬਾਰ ਸਾਹਿਬ ਵਿਖੇ ਉਸ ਸਮੇਂ ਦੇ ਲਾਹੌਰ ਕਮਿਸ਼ਨਰ ਰਾਹੀਂ ਭੇਟ ਕੀਤੀ ਗਈ ਸੀ। ਇਸ ਉੱਤੇ ਲਿਖਿਆ ਸੀ ਕਿ ਇਹ ਘੜੀ ਅਪ੍ਰੈਲ 1900 ਵਿੱਚ ਭਾਰਤ ਦੇ ਵਾਇਸਰਾਏ ਅਤੇ ਗਵਰਨਰ ਜਨਰਲ ਲਾਰਡ ਕਰਜ਼ਨ ਦੁਆਰਾ ਆਪਣੀ ਪਹਿਲੀ ਸਰਕਾਰੀ ਫੇਰੀ ਦੇ ਮੌਕੇ 'ਤੇ ਅੰਮ੍ਰਿਤਸਰ ਦੇ ਸੁਨਹਿਰੀ ਮੰਦਿਰ (ਹਰਿਮੰਦਰ ਸਾਹਿਬ) ਨੂੰ ਭੇਟ ਕੀਤੀ ਗਈ ਸੀ।
2023 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਮੰਦਰ ਸਾਹਿਬ ਦੇ ਕੰਧ-ਚਿੱਤਰਾਂ ਅਤੇ ਸੁਨਹਿਰੀ ਪਲੇਟਾਂ ਦੀ ਬਹਾਲੀ ਅਤੇ ਸੰਭਾਲ ਭਾਈ ਮਹਿੰਦਰ ਸਿੰਘ ਨੂੰ ਸੌਂਪੀ ਗਈ । 2023 ਦੇ ਅਖੀਰ ਵਿੱਚ ਸੰਭਾਲ ਦੇ ਕੰਮ ਦੌਰਾਨ ਉੱਤਰ-ਪੂਰਬੀ ਪਾਸੇ ਦੇ ਪ੍ਰਵੇਸ਼ ਦੁਆਰ 'ਤੇ ਇੱਕ ਆਧੁਨਿਕ ਘੜੀ ਦੇ ਹੇਠਾਂ ਛੁਪੀ ਹੋਈ ਇਤਿਹਾਸਕ ਘੜੀ ਮਿਲੀ। ਐਸ.ਜੀ.ਪੀ.ਸੀ. ਦੀ ਪ੍ਰਵਾਨਗੀ ਨਾਲ ਇਸ ਘੜੀ ਨੂੰ ਯੂ.ਕੇ. ਲਿਜਾਇਆ ਗਿਆ ਅਤੇ ਬਰਮਿੰਘਮ ਦੇ ਭੁਪਿੰਦਰ ਸਿੰਘ ਮਿਨਹਾਸ ਨੇ ਇਸ ਨੂੰ ਠੀਕ ਕਰਨ ਦਾ ਕੰਮ ਸੰਭਾਲਿਆ।
ਭਾਈ ਮਹਿੰਦਰ ਸਿੰਘ ਨਵੰਬਰ ਵਿੱਚ ਮੁਰੰਮਤ ਤੋਂ ਬਾਅਦ ਇਸ ਨੂੰ ਭਾਰਤ ਵਾਪਸ ਲੈ ਆਏ ਸਨ । ਇਹ ਹੁਣ ਪੂਰੀ ਤਰ੍ਹਾਂ ਕਾਰਜਸ਼ੀਲ ਹੈ। ਅਸੀਂ ਇਸ ਨੂੰ ਉਸੇ ਥਾਂ 'ਤੇ ਦੁਬਾਰਾ ਸਥਾਪਿਤ ਕਰਾਂਗੇ । ਫਰਮ ਨੇ ਇਸ ਦੀ ਸਫਾਈ ਲਈ ਵਿਸ਼ੇਸ਼ ਬੁਰਸ਼ ਸਪਲਾਈ ਕੀਤੇ ਹਨ। ਇੰਦਰਜੀਤ ਸਿੰਘ ਨੇ ਦੱਸਿਆ ਕਿ ਹੱਥ ਨਾਲ ਪੇਂਟ ਕੀਤੇ ਪੰਜਾਬੀ ਅੰਕਾਂ ਵਾਲੇ ਐਲੂਮੀਨੀਅਮ ਦੇ ਚਿਹਰੇ ਨੂੰ ਪਿੱਤਲ ਦੇ ਚਿਹਰੇ ਅਤੇ ਰੋਮਨ ਅੰਕਾਂ ਨਾਲ ਬਦਲ ਦਿੱਤਾ ਗਿਆ ਹੈ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਹ ਲਾਰਡ ਕਰਜ਼ਨ ਵੱਲੋਂ ਇਸ ਨੂੰ ਸੌਂਪੇ ਜਾਣ ਵੇਲੇ ਸਨ।
