
ਸਰਕਾਰੀ ਮਤਾ ਸੁਖਜਿੰਦਰ ਰੰਧਾਵਾ ਨੇ ਪੇਸ਼ ਕੀਤਾ
ਚੰਡੀਗੜ੍ਹ, 21 ਫ਼ਰਵਰੀ (ਜੀ.ਸੀ.ਭਾਰਦਵਾਜ): ਵਿਧਾਨ ਸਭਾ ਸਕੱਤਰੇਤ ਵਲੋਂ ਜਾਰੀ ਪ੍ਰੋਗਰਾਮ ਤੋਂ ਹਟ ਕੇ ਅੱਜ ਗ਼ੈਰ ਸਰਕਾਰੀ ਕੰਮਕਾਜ ਵਾਲੇ ਦਿਨ, ਸਰਕਾਰ ਵਲੋਂ ਹਾਊਸ ਵਿਚ ਲਿਆਂਦੇ ਮਤੇ ਨੂੰ ਸਾਰੀਆਂ ਧਿਰਾਂ ਵਲੋਂ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ। ਅੱਜ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਉਪਰੰਤ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਨਕਾਣਾ ਸਾਹਿਬ ਦੇ ਗੁਰਦਵਾਰਾ ਤੇ ਮਹੰਤ ਨਰਾਇਣ ਦਾਸ ਦਾ ਕਬਜ਼ਾ ਛੁਡਾਉਣ ਗਏ ਸ. ਲਛਮਣ ਸਿੰਘ ਧਾਰੋਵਾਲੀ ਤੇ 6 ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਮਤਾ ਪੇਸ਼ ਕੀਤਾ।
ਲਗਭਗ ਇਕ ਘੰਟੇ ਦੀ ਚਰਚਾ ਉਪਰੰਤ ਇਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਗਿਆ ਤੇ ਮੈਂਬਰਾਂ ਨੇ 2 ਮਿੰਟ ਦਾ ਮੌਨ ਵੀ ਰਖਿਆ ਤੇ ਖੜੇ ਹੋ ਕੇ ਸਦਨ ਵਲੋਂ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ ਗਈ। 20-21 ਫ਼ਰਵਰੀ 1918 ਨੂੰ ਭਾਈ ਲਛਮਣ ਸਿੰਘ ਧਾਰੋਵਾਲੀ ਨੂੰ ਮਹੰਤ ਨਰਾਇਣ ਦਾਸ ਦੇ ਗੁੰਡਿਆਂ ਨੇ ਸਾੜ ਕੇ ਸ਼ਹੀਦ ਕਰ ਦਿਤਾ ਤੇ ਈਸ਼ਰ ਸਿੰਘ, ਮੰਗਲ ਸਿੰਘ, ਆਤਮਾ ਸਿੰਘ ਸਮੇਤ ਹੋਰ 6 ਸਿੰਘਾਂ ਨੂੰ ਵੀ ਸ਼ਹੀਦ ਕਰ ਦਿਤਾ।
ਸੁਖਜਿੰਦਰ ਰੰਧਾਵਾ ਨੇ ਮੌਜੂਦਾ ਸ਼੍ਰੋਮਣੀ ਕਮੇਟੀ ਵਲੋਂ ਨਿਭਾਈ ਜਾਂਦੀ ਭੂਮਿਕਾ ਅਤੇ ਬਾਦਲ ਪ੍ਰਵਾਰ ਦੇ ਕੰਟਰੋਲ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਦਿਤਾ। 'ਆਪ' ਦੇ ਵਿਧਾਇਕਾ ਤੇ ਅਕਾਲੀ ਵਿਧਾਇਕਾਂ ਨੇ ਵੀ ਇਸ ਮਤੇ ਦੀ ਪ੍ਰੋੜ੍ਹਤਾ ਕੀਤੀ। ਇਸ ਤੋਂ ਪਹਿਲਾਂ ਚਰਚਾ ਦੌਰਾਨ ਅਕਾਲੀ ਦਲ ਦੇ ਗੁਰਪ੍ਰਤਾਪ ਵਡਾਲਾ ਨੇ ਮੰਗ ਕੀਤੀ ਕਿ ਨਨਕਾਣਾ ਸਾਹਿਬ ਦੇ ਸਾਕੇ ਦੇ ਨਾਲ ਨਾਲ ਜੈਤੋ ਦੇ ਮੋਰਚੇ ਵਿਚ ਸ਼ਹੀਦ ਹੋਏ ਪੰਜਾ ਸਾਹਿਬ ਦੀਆਂ ਸ਼ਹਾਦਤਾਂ ਅਤੇ 1947 ਦੀ ਵੰਡ ਮੌਕੇ ਲੱਖਾਂ ਪੰਜਾਬੀਆਂ ਦੇ ਕਤਲਾਂ ਸਬੰਧੀ, ਸ਼ਰਧਾਂਜਲੀ ਮਤਾ ਪਾਸ ਕਰ ਕੇ ਵੀ ਕੁਰਬਾਨੀਆਂ ਨੂੰ ਯਾਦ ਕਰਨਾ ਬਣਦਾ ਹੈ।
ਪਰ ਸਰਕਾਰ ਨੇ ਇਹ ਮਨ੍ਹਾ ਕਰ ਦਿਤਾ। ਜ਼ਿਕਰਯੋਗ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਪਿੰਡ ਧਾਰੋਵਾਲੀ ਤੋਂ ਹਨ ਅਤੇ ਇਹ ਸਿੰਘ ਸ਼ਹੀਦ ਉਨ੍ਹਾਂ ਦੇ ਦਾਦੇ ਪੜਦਾਦਿਆਂ ਵਿਚੋਂ ਸਨ। ਅੱਜ ਇਕ ਹੋਰ ਮਤੇ ਰਾਹੀਂ ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ ਨੇ ਸੂਬੇ ਅੰਦਰ 12894 ਪ੍ਰਾਇਮਰੀ ਸਕੂਲ ਵਿਚ ਪੜ੍ਹ ਰਹੇ 11 ਲੱਖ ਬੱਚਿਆਂ ਨੂੰ ਵਧੀਆ ਮਾਹੌਲ ਦੇਣ ਦੀ ਚਰਚਾ ਛੇਤੀ।
ਅੱਧਾ ਘੰਟਾ ਇਸ ਮਤੇ 'ਤੇ ਬਹਿਸ ਹੋਈ ਜਿਸ ਵਿਚ ਤਰਸੇਮ ਸਿੰਘ ਡੀ.ਸੀ, ਆਪ ਦੇ ਕੁਲਵੰਤ ਪੰਡੋਰੀ, ਕੁਲਤਾਰ ਸੰਧਵਾਂ ਅਤੇ ਡਾ. ਸੁਖੀ ਨੇ ਵਿਚਾਰ ਦਿਤੇ ਜਿਸ ਵਿਚ ਸਰਕਾਰੀ ਸਕੂਲਾਂ ਦੀ ਮਾੜੀ ਹਾਲਤ ਬਾਰੇ ਪਰਦਾਫ਼ਾਸ਼ ਕੀਤਾ। ਕੁਲਤਾਰ ਸੰਧਵਾ ਨੇ ਸੁਝਾਅ ਦਿਤਾ ਕਿ ਵਿਧਾਨ ਸਭਾ ਇਕ ਕਾਨੂੰਨ ਬਣਾਵੇ ਕਿ ਸਰਕਾਰੀ ਖ਼ਜ਼ਾਨੇ ਵਿਚੋਂ ਤਨਖ਼ਾਹ ਲੈਣ ਵਾਲਾ ਹਰ ਇਕ ਕਰਮਚਾਰੀ ਤੇ ਅਧਿਕਾਰੀ ਅਪਣੇ ਬੱਚਿਆਂ ਨੂੰ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਹੀ ਦਾਖ਼ਲ ਕਰੇ। ਇਹ ਸੁਝਾਅ ਨਾ ਤਾਂ ਮੰਨਿਆ ਗਿਆ ਅਤੇ ਨਾ ਹੀ ਮਤਾ ਪਾਸ ਕੀਤਾ ਗਿਆ।