
ਮਨੁੱਖੀ ਸਮਗਲਿੰਗ ਅਤੇ ਟਰੈਵਲ ਏਜੰਟਾਂ ਦੀ ਧੋਖਾਧੜੀ ਵਿਰੁਧ ਸਰਕਾਰ ਪੂਰੀ ਸਖ਼ਤੀ ਵਰਤ ਰਹੀ ਹੈ ਅਤੇ ਪਿਛਲੇ ਦੋ ਸਾਲਾਂ ਵਿਚ ਵੱਖ ਵੱਖ ਧਾਰਾਵਾਂ ਅਧੀਨ 2140 ਕੇਸ ਦਰਜ ਕੀਤੇ...
ਚੰਡੀਗੜ੍ਹ : ਮਨੁੱਖੀ ਸਮਗਲਿੰਗ ਅਤੇ ਟਰੈਵਲ ਏਜੰਟਾਂ ਦੀ ਧੋਖਾਧੜੀ ਵਿਰੁਧ ਸਰਕਾਰ ਪੂਰੀ ਸਖ਼ਤੀ ਵਰਤ ਰਹੀ ਹੈ ਅਤੇ ਪਿਛਲੇ ਦੋ ਸਾਲਾਂ ਵਿਚ ਵੱਖ ਵੱਖ ਧਾਰਾਵਾਂ ਅਧੀਨ 2140 ਕੇਸ ਦਰਜ ਕੀਤੇ ਗਏ ਹਨ। ਇਹ ਜਾਣਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ਼ੋਂ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਦਿਤੀ। ਆਪ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਹਾਊਸ ਵਿਚ ਧਿਆਨ ਦਿਵਾਊ ਮਤਾ ਪੇਸ਼ ਕਰਦਿਆਂ ਕਿਹਾ ਸੀ ਕਿ ਟਰੈਵਲ ਏਜੰਟ ਪੰਜਾਬ ਦੇ ਨੌਜਵਾਨਾਂ ਨਾਲ ਠੱਗੀਆਂ ਮਾਰਦੇ ਹਨ
ਅਤੇ ਧੋਖੇ ਨਾਲ ਮੋਟੀਆਂ ਰਕਮਾਂ ਲੈ ਕੇ ਉਨ੍ਹਾਂ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਬਾਹਰਲੇ ਦੇਸ਼ਾਂ ਵਿਚ ਭੇਜਦੇ ਹਨ। ਕਈ ਤਾਂ ਰਸਤੇ ਵਿਚ ਹੀ ਫੜੇ ਜਾਂਦੇ ਹਨ ਅਤੇ ਕਈ ਹੋਰ ਹੀ ਦੇਸ਼ਾਂ ਦੀਆਂ ਜੇਲਾਂ ਵਿਚ ਪੁੱਜ ਜਾਂਦੇ ਹਨ। ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਰਕਾਰ ਨੇ ਨਿਯਮਾਂ ਵਿਚ ਵੀ ਤਬਦੀਲੀ ਕੀਤੀ ਹੈ ਤਾਂ ਜੋ ਧੋਖਾ ਕਰਨ ਵਾਲੇ ਏਜੰਟਾਂ ਨੂੰ ਲਗਾਮ ਲਗਾਈ ਜਾ ਸਕੇ। ਮੁੱਖ ਮੰਤਰੀ ਨੇ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸੀਨੀਅਰ ਪੁਲਿਸ ਅਫ਼ਸਰਾਂ ਨੂੰ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਉਹ ਨਿਯਮਾਂ ਮੁਤਾਬਕ ਠੱਗ ਟਰੈਵਲ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਕਰਨ।
ਉਨ੍ਹਾਂ ਦਸਿਆ ਕਿ ਪਿਛਲੇ ਦਿਨੀਂ ਜ਼ਿਲ੍ਹਾ ਕਪੂਰਥਲਾ ਦੇ ਚਾਰ ਨੌਜਵਾਨਾਂ ਨੂੰ ਗ਼ਲਤ ਕਾਗ਼ਜ਼ਾਂ ਨਾਲ ਕੋਈ ਏਜੰਟਾਂ ਨੇ ਮਿਲ ਕੇ ਅਰਮੀਨੀਆ ਭੇਜਿਆ। ਉਨ੍ਹਾਂ ਏਜੰਟਾਂ ਵਿਚੋਂ ਤਿੰਨ ਦੀ ਗ੍ਰਿਫ਼ਤਾਰੀ ਹੋ ਚੁਕੀ ਹੈ ਅਤੇ ਬਾਕੀ ਨੂੰ ਫੜਨ ਲਈ ਛਾਪੇਮਾਰੀ ਹੋ ਰਹੀ ਹੈ। ਬ੍ਰਹਮ ਮਹਿੰਦਰਾ ਨੇ ਦਸਆ ਕਿ ਸਰਕਾਰ ਨੇ ਬਾਕੀ ਰਹਿੰਦੇ ਏਜੰਟਾਂ ਦੀ ਗ੍ਰਿਫ਼ਤਾਰੀ 'ਲੁਕ ਆਊਟ' ਨੋਟਿਸ ਵੀ ਜਾਰੀ ਕੀਤਾ ਹੈ।
ਚਾਰੇ ਨੌਜਵਾਨ ਸੁਰੱਖਿਅਤ ਵਾਪਸ ਅਪਣੇ ਘਰ ਪੁੱਜ ਗਏ ਹਨ ਅਤੇ ਦੋਸ਼ੀ ਏਜੰਟਾਂ ਵਿਰੁਧ ਸਖ਼ਤ ਕਾਰਵਾਈ ਹੋ ਰਹੀ ਹੈ। ਉਨ੍ਹਾਂ ਕਿਆ ਕਿ ਮੁੱਖ ਮੰਤਰੀ ਨੇ ਜਨਤਾ ਨਾਲ ਇਹ ਵਾਅਦਾ ਕੀਤਾ ਹੈ ਕਿ ਧੋਖੇਬਾਜ਼ ਏਜੰਟਾਂ ਨੂੰ ਪੂਰੀ ਤਰ੍ਹਾਂ ਨੱਥ ਪਾਈ ਜਾਵੇਗੀ। ਉਨ੍ਹਾਂ ਇਹ ਵੀ ਦਸਿਆ ਕਿ ਵਿਦੇਸ਼ਾਂ ਵਿਚ ਜਿਸ ਕਿਸਮ ਦੇ ਕੰਮ ਧੰਦੇ ਹਨ, ਕੀ ਟ੍ਰੇਨਿੰਗ ਪੰਜਾਬ ਦੇ ਨੌਜਵਾਨਾਂ ਨੂੰ ਦੇਣ ਲਈ ਇਕ ਕਾਰਪੋਰੇਸ਼ਨ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ।