
ਅੰਮ੍ਰਿਤਸਰ ਯੂਨੀਵਰਸਿਟੀ ਵਲੋਂ 'ਦੇਹਿ ਸ਼ਿਵਾ ਬਰ ਮੋਹਿ ਇਹੈ' ਵਾਲਾ ਥੀਮ ਗੀਤ ਬਦਲਣ ਮਗਰੋਂ ਲਿਆ ਫ਼ੈਸਲਾ
ਅੰਮ੍ਰਿਤਸਰ : ਚੰਗੀ ਲੀਡਰਸ਼ਿਪ ਦੀ ਅਣਹੋਂਦ ਕਾਰਨ ਸਿੱਖਾਂ ਦੀਆਂ ਮੁਸ਼ਕਲਾਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਆਏ ਦਿਨ ਸਿੱਖੀ ਦੀ ਨਿਆਰੀ ਸੋਚ ਨੂੰ ਖੋਰਾ ਲਾਉਣ ਲਈ ਕਈ ਤਾਕਤਾਂ ਸਰਗਰਮ ਰਹਿੰਦੀਆਂ ਹਨ। ਪਿਛਲੇ ਕੁੱਝ ਦਿਨਾਂ ਦੀਆਂ ਖ਼ਬਰਾਂ ਨੇ ਹਰ ਸਿੱਖ ਚਿੰਤਕ ਦੀ ਨੀਦ ਉਡਾ ਦਿਤੀ ਹੈ। ਸਿੱਖਾਂ ਦੀ ਮਾਰਸ਼ਲ ਖੇਡ ਵਜੋਂ ਜਾਣਿਆ ਜਾਂਦਾ ਗਤਕਾ ਕਿਸੇ ਧਨਾਢ ਨੇ ਪੇਟੈਂਟ ਕਰਵਾ ਲਿਆ। ਇਸ ਖ਼ਬਰ ਦੀ ਹਾਲੇ ਸਿਆਹੀ ਵੀ ਨਹੀਂ ਸੀ ਸੁਕੀ ਕਿ ਅੰਮ੍ਰਿਤਸਰ ਦੀ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਪਣੇ ਸਮਾਗਮਾਂ ਲਈ ਹੁਣ ਉਘੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀ ਕਵਿਤਾ ''ਸਦਾ ਸਦਾ ਪੁਰਨੂਰ ਰਹੇ ਗੁਰ ਨਾਨਕ ਦੇਵ ਵਿਸ਼ਵ ਵਿਦਿਆਲਾ'' ਗਾਉਣਾ ਸ਼ੁਰੂ ਕਰ ਦਿਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਯੂਨੀਵਰਸਿਟੀ ਦਾ ਅਪਣਾ ਗੀਤ ਹੈ ਜਿਸ ਨੂੰ ਹਰ ਆਮ ਖ਼ਾਸ ਮੌਕੇ 'ਤੇ ਗਾਇਆ ਜਾਵੇਗਾ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਵਿਚ 'ਦੇਹਿ ਸ਼ਿਵਾ ਬਰ ਮੋਹਿ ਇਹੈ' ਗਾਇਆ ਜਾਂਦਾ ਸੀ। ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਕਰਨਜੀਤ ਸਿੰਘ ਕਾਹਲੋਂ ਨੇ ਇਕ ਪ੍ਰੈੱਸ ਨੋਟ ਜਾਰੀ ਕਰ ਕੇ ਕਿਹਾ ਹੈ ਕਿ ਦੇਹਿ ਸ਼ਿਵਾ ਬਰ ਮੋਹਿ ਇਹੈ ਨੂੰ ਬਦਲਿਆ ਨਹੀ ਜਾ ਰਿਹਾ, ਹਰ ਖ਼ਾਸ ਮੌਕੇ 'ਤੇ ਇਹ ਸ਼ਬਦ ਜ਼ਰੂਰ ਗਾਇਨ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ 'ਸਦਾ ਸਦਾ ਪੁਰਨੂਰ ਰਹੇ ਗੁਰ ਨਾਨਕ ਦੇਵ ਵਿਸ਼ਵ ਵਿਦਿਆਲਾ' ਨੂੰ ਯੂਨੀਵਰਸਿਟੀ ਦਾ ਥੀਮ ਗੀਤ ਬਣਾਉਣ ਦਾ ਫ਼ੈਸਲਾ ਗਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਹ ਗੀਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਇਸ ਪਿਛੇ ਤਰਕ ਦਿਤਾ ਜਾ ਰਿਹਾ ਹੈ ਕਿ ਹਰ ਯੂਨੀਵਸਿਟੀ ਦਾ ਆਪੋ ਅਪਣਾ ਇਕ ਥੀਮ ਗੀਤ ਹੈ ਜੋ ਹਰ ਮੌਕੇ ਗਾਇਨ ਕੀਤਾ ਜਾਂਦਾ ਹੈ।
pic
ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਸਸਿਟੀ ਨੇ ਵੀ ਅਪਣਾ ਇਕ ਵਿਸ਼ੇਸ਼ ਗੀਤ ਤਿਆਰ ਕਰਵਾਇਆ ਹੈ ਜਿਸ ਨੂੰ ਸੁਰਜੀਤ ਪਾਤਰ ਨੇ ਲਿਖਿਆ ਹੈ ਤੇ ਇਸ ਨੂੰ ਲਿਖਣ ਦੇ ਸ੍ਰੀ ਪਾਤਰ ਨੇ ਲਿਖਣ ਦਾ ਕੋਈ ਪੈਸਾ ਨਹੀ ਲਿਆ। ਇਸ ਗੀਤ ਨੂੰ ਇਕ ਨਿਜੀ ਚੈਨਲ 'ਤੇ ਕਰਵਾਏ ਗਏ ਗਾਇਕ ਮੁਕਾਬਲੇ ਦੇ ਸ਼ੋਅ ਦੌਰਾਨ ਜੇਤੂ ਰਹੇ ਦਵਿੰਦਰ ਸਿੰਘ ਨੇ ਗਾਇਆ ਹੈ। ਯੂਨੀਵਰਸਿਟੀ ਇਹ ਵੀ ਦਾਅਵਾ ਕਰ ਰਹੀ ਹੈ ਕਿ ਗਾਇਕ ਨੇ ਇਸ ਗੀਤ ਦੇ ਗਾਇਨ ਦਾ ਵੀ ਕੁੱਝ ਨਹੀਂ ਲਿਆ। ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇਹ ਦਾਅਵਾ ਕੀਤਾ ਹੈ ਕਿ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚੋਂ ਇਕੱਲੀ ਗੁਰੂ ਨਾਨਕ ਦੇਵ ਯੂਨੀਵਸਸਿਟੀ ਹੀ ਇਕ ਅਜਿਹੀ ਯੂਨੀਵਸਸਿਟੀ ਹੈ ਜਿਸ ਦਾ ਅਪਣਾ ਗੀਤ ਹੈ। ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦਾ ਵੀ ਅਪਣਾ ਇਕ ਥੀਮ ਗੀਤ ਹੈ।
ਸ੍ਰੀ ਗੁਰੂ ਨਾਨਕ ਦੇਵ ਯੂਲੀਵਰਸਿਟੀ ਦੀ ਇਸ ਕਾਰਵਾਈ ਦਾ ਸਿੱਖ ਹਲਕਿਆਂ ਵਿਚ ਵਿਰੋਧ ਹੋਣਾ ਸੁਭਾਵਿਕ ਹੈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਇਸ ਕਾਰਵਾਈ ਦੀ ਡਟਵੀਂ ਵਿਰੋਧਤਾ ਕੀਤੀ ਹੈ। ਉਧਰ ਦੂਜੇ ਪਾਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਨੇ ਵੀ ਕਿਹਾ ਹੈ ਕਿ ਦੇਹਿ ਸ਼ਿਵਾ ਬਰ ਮੋਹਿ ਇਹੈ ਬੰਦ ਕਰਨ ਦਾ ਫ਼ੈਸਲਾ ਨਹੀ ਹੋਇਆ ਬਲਕਿ ਹਰ ਸਮਾਗਮ ਦੀ ਸ਼ੁਰੂਆਤ ਇਸ ਸ਼ਬਦ ਤੋਂ ਹੋਵੇਗੀ ਤੇ ਸਮਾਗਮ ਦੀ ਸਮਾਪਤੀ 'ਤੇ ''ਸਦਾ ਸਦਾ ਪੁਰਨੂਰ ਰਹੇ ਗੁਰ ਨਾਨਕ ਦੇਵ ਵਿਸ਼ਵ ਵਿਦਿਆਲਾ'' ਗਾਇਆ ਜਾਵੇਗਾ। ਇਹ ਗੀਤ ਯੂਨੀਵਰਸਿਟੀ ਦੀ ਵੈਬਸਾਈਟ 'ਤੇ ਵੀ ਪਾਇਆ ਗਿਆ ਹੈ।
ਉਧਰ ਇਕ ਹੋਰ ਦੁਖਦਾਈ ਖ਼ਬਰ ਇਹ ਵੀ ਆਈ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਭਾਈ ਕਾਹਨ ਸਿੰਘ ਨਾਭਾ ਦਆਰਾ ਲਿਖਤ ਮਹਾਨ ਕੋਸ਼ ਨੂੰ ਵੀ ਮੁੜ ਪ੍ਰਕਾਸ਼ਿਤ ਨਾ ਕਰਨ ਦਾ ਫ਼ੈਸਲਾ ਲਿਆ ਹੈ। ਪੰਜਾਬੀ ਯੂਨੀਵਰਸਿਟੀ ਨੇ ਮਹਾਨ ਕੋਸ਼ ਸਾਲ 2017 ਵਿਚ ਹਿੰਦੀ ਅਤੇ ਅੰਗਰੇਜ਼ੀ ਵਿਚ ਤਰਜਮਾ ਕਰਵਾ ਕੇ ਪ੍ਰਕਾਸ਼ਿਤ ਕੀਤਾ ਸੀ ਜਿਸ ਵਿਚ ਗ਼ਲਤੀਆਂ ਦੀ ਭਰਮਾਰ ਹੋਣ ਕਾਰਨ ਇਸ ਨੂੰ ਵਾਪਸ ਲੈ ਲਿਆ ਸੀ।