
7 ਮਹੀਨੇ ਪਹਿਲਾਂ NDPS ਐਕਟ ਤਹਿਤ ਹੋਈ ਸੀ ਗ੍ਰਿਫ਼ਤਾਰ
ਕਪੂਰਥਲਾ : ਕਪੂਰਥਲਾ ਦੀ ਮਾਡਰਨ ਜੇਲ੍ਹ 'ਚ NDPS ਐਕਟ ਦੇ ਮਾਮਲੇ 'ਚ ਬੰਦ ਹਵਾਲਾਤੀ ਦੀ ਮੌਤ ਹੋ ਗਈ। ਬੰਦੀ ਕਈ ਬਿਮਾਰੀਆਂ ਤੋਂ ਪੀੜਤ ਸੀ। ਮ੍ਰਿਤਕ ਦੀ ਪਛਾਣ ਕੁਲਦੀਪ ਵਾਸੀ ਡੇਰਾ ਜੱਗੂਸ਼ਾਹ ਕਪੂਰਥਲਾ ਵਜੋਂ ਹੋਈ ਹੈ।
ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਨੇ ਦੱਸਿਆ ਕਿ ਹਿਰਾਸਤ 'ਚ ਬੰਦ ਕੁਲਦੀਪ ਕਾਫੀ ਸਮੇਂ ਤੋਂ ਬਿਮਾਰ ਸੀ, ਜਿਸ ਦਾ ਜੇਲ੍ਹ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਸ ਦੀ ਬਿਮਾਰੀ ਦੇ ਮੱਦੇਨਜ਼ਰ ਉਸ ਦਾ ਕਈ ਵਾਰ ਮਾਹਰ ਡਾਕਟਰ ਤੋਂ ਇਲਾਜ ਵੀ ਕਰਵਾਇਆ ਗਿਆ। ਕੁਲਦੀਪ ਨੂੰ ਵੀ ਇਲਾਜ ਲਈ 18 ਮਾਰਚ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਭੇਜਿਆ ਗਿਆ ਸੀ, ਜਿੱਥੋਂ ਉਹ ਕੱਲ੍ਹ ਸ਼ਾਮ ਵਾਪਸ ਆ ਗਿਆ।
ਇਹ ਵੀ ਪੜ੍ਹੋ: ਸਿੱਖ ਮੁੱਦਿਆਂ ਨੂੰ ਲੈ ਕੇ ਹਰ ਹਾਈਂ ਮਾਈਂ ਨੂੰ ਅੰਦੋਲਨ ਤੇ ਸੰਘਰਸ਼ ਛੇੜਨ ਦਾ ਹੱਕ ਨਾ ਦਿਉ!
ਜਾਣਕਾਰੀ ਅਨੁਸਾਰ 29 ਸਾਲਾ ਕੁਲਦੀਪ ਐਨਡੀਪੀਐਸ ਐਕਟ ਤਹਿਤ ਦਰਜ ਇੱਕ ਕੇਸ ਦੇ ਸਬੰਧ ਵਿੱਚ ਪਿਛਲੇ 7-8 ਮਹੀਨਿਆਂ ਤੋਂ ਜੇਲ੍ਹ ਵਿੱਚ ਸੀ। ਅੱਜ ਸਵੇਰੇ ਉਸ ਦੀ ਤਬੀਅਤ ਅਚਾਨਕ ਵਿਗੜਨ ’ਤੇ ਉਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ। ਜਿੱਥੇ ਪਹੁੰਚ ਕੇ ਡਿਊਟੀ 'ਤੇ ਮੌਜੂਦ ਡਾਕਟਰ ਰਮਨਪ੍ਰੀਤ ਕੌਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਕੁਲਦੀਪ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਗਿਆ ਹੈ ਅਤੇ ਥਾਣਾ ਸਦਰ ਤੋਂ ਕਾਰਵਾਈ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੂੰ ਕੱਲ੍ਹ ਦੱਸਿਆ ਗਿਆ ਸੀ ਕਿ ਕੁਲਦੀਪ ਨੂੰ ਇਲਾਜ ਲਈ ਅੰਮ੍ਰਿਤਸਰ ਲਿਜਾਇਆ ਜਾ ਰਿਹਾ ਹੈ। ਉਸ ਨੂੰ ਉੱਥੇ ਲਿਜਾਣ ਦੀ ਬਜਾਏ ਵਾਪਸ ਜੇਲ੍ਹ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਅੱਜ ਉਸ ਦੀ ਮੌਤ ਦੀ ਖਬਰ ਆਈ ਹੈ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।