
ਨਸ਼ਾ ਵੇਚਣ ਵਾਲਿਆਂ ’ਤੇ ਪਿੰਡ ਵਾਸੀਆਂ ਦੀ ਤਿੱਖੀ ਨਜ਼ਰ
ਪੰਜਾਬ ’ਚ ਪਿਛਲੇ ਸਾਲਾਂ ਵਿਚ ਨਸ਼ੇ ਨੇ ਪੈਰ ਪਸਾਰੇ ਹਨ। ਪਹਿਲਾਂ ਤਾਂ ਲੋਕ ਛੋਟੇ ਮੋਟੇ ਨਸ਼ੇ ਕਰਦੇ ਸਨ ਪਰ ਹੁਣ ਪੰਜਾਬ ਵਿਚ ਚਿੱਟੇ ਦਾ ਬੋਲਬਾਲਾ ਹੈ। ਪੰਜਾਬ ’ਚ ਹਰ ਇਕ ਜ਼ਿਲ੍ਹੇ ’ਚ ਹੀ ਨਹੀਂ ਹਰ ਪਿੰਡ ਤੇ ਹਰ ਘਰ ਵਿਚ ਨਸ਼ਾ ਵੜ ਗਿਆ ਹੈ। ਪੰਜਾਬ ਦੀ ਨੌਜਵਾਨੀ ਨਸ਼ੇ ਦੀ ਭੇਟ ਚੜ੍ਹ ਰਹੀ ਹੈ। ਨੌਜਵਾਨ ਖੇਡਾਂ ਜਾਂ ਕੰਮ ਕਾਰ ਛੱਡ ਕੇ ਨਸ਼ੇ ਕਰਦੇ ਹਨ ਤੇ ਸਾਰਾ ਦਿਨ ਸੁੱਤੇ ਪਏ ਰਹਿੰਦੇ ਹਨ ਤੇ ਰਾਤ ਨੂੰ ਚੋਰੀਆਂ ਡਕੈਤੀਆਂ ਕਰਦੇ ਹਨ। ਪੰਜਾਬ ਸਰਕਾਰ ਨੇ ਨਸ਼ੇ ਵਿਰੁਧ ਮੁਹਿੰਮ ਛੇੜੀ ਹੋਈ ਹੈ ਜਿਸ ਦੌਰਾਨ ਨਸ਼ਾਂ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਦੇ ਘਰ ਤੋੜੇ ਜਾ ਰਹੇ ਹਨ।
ਪਹਿਲਾਂ ਪਿੰਡਾਂ ਵਿਚ ਚੋਰਾਂ ਲਈ ਪਹਿਰੇ ਲਗਦੇ ਸੀ ਤੇ ਹੁਣ ਨਸ਼ੇੜੀਆਂ ਲਈ ਪਹਿਰੇ ਲੱਗ ਰਹੇ ਹਨ। ਇਸੇ ਤਰ੍ਹਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਸ਼ੇਰਪੁਰ ਤੇ ਖੇੜੀ ਕਲਾਂ ਦਾ ਪਹਿਰਾ ਪੰਜਾਬ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਥੇ ਨਸੇੜੀਆਂ ਵਿਰੁਧ 24 ਘੰਟੇ ਠੀਕਰੀ ਪਹਿਰਾ ਲਗਦਾ ਹੈ। ਜਿਥੇ ਦੇ ਨੌਜਵਾਨਾਂ ਨੇ ਇਕੱਠੇ ਹੋ ਕੇ ਇਕ ਕਮੇਟੀ ਬਣਾਈ ਹੈ ਜੋ ਨਸ਼ੇ ਵਿਰੁਧ ਲੜ ਰਹੇ ਹਨ, ਜਿੱਥੇ 2 ਤੋਂ 3 ਸਾਲਾਂ ਤੋਂ ਠੀਕਰੀ ਪਹਿਰਾ ਲਗਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੂੰ ਪਿੰਡ ਦੇ ਹਰ ਇਕ ਵਿਅਕਤੀ, ਬਜ਼ੁਰਗ ਆਦਿ ਦਾ ਸਹਿਯੋਗ ਮਿਲ ਰਿਹਾ ਹੈ। ਪਿੰਡ ਨੌਜਵਾਨਾਂ ਦਾ ਪੁਲਿਸ ਦੇ ਉਚ ਅਧਿਕਾਰੀ ਵੀ ਪੂਰਾ ਸਾਥ ਦੇ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਨੌਜਵਾਨ ਕਿਹਾ ਕਿ ਸਾਡੇ ਪਿੰਡ ਵਿਖੇ 25 ਅਗਸਤ 2023 ਵਿਚ ਨਸ਼ਿਆਂ ਵਿਰੁਧ ਯੁੱਧ ਸ਼ੁਰੂ ਹੋਇਆ ਸੀ। ਅਸੀਂ ਇਹ ਪਹਿਰਾ ਉਦੋਂ ਸ਼ੁਰੂ ਕੀਤਾ ਜਦੋਂ ਲੋਕ ਦਸਦੇ ਹੋਏ ਡਰਦੇ ਸੀ ਕਿ ਕੌਣ ਚਿੱਟੇ ਦਾ ਨਸ਼ਾ ਕਰਦਾ ਹੈ ਜਾਂ ਫਿਰ ਵੇਚਦਾ ਹੈ। ਪਹਿਲਾਂ ਸਾਡੇ ਪਿੰਡ ਨੂੰ ਸ਼ੇਰਪੁਰ ਥਾਣਾ ਕਿਹਾ ਜਾਂਦਾ ਸੀ ਪਰ ਫਿਰ ਇਸ ਨੂੰ ਲੋਕ ਚਿੱਟੇ ਆਲਾ ਸ਼ੇਰਪੁਰ ਆਖਣ ਲੱਗ ਪਏ ਸਨ। ਇਹ ਇਕੱਲੇ ਪੰਜਾਬ ’ਚ ਹੀ ਨਹੀਂ ਹਿਮਾਚਲ ਵਿਚ ਵੀ ਮਸ਼ਹੂਰ ਹੋ ਗਿਆ ਸੀ।
ਜਿਸ ਕਲੰਕ ਨੂੰ ਦੂਰ ਕਰਨ ਲਈ ਪਿੰਡ ਸ਼ੇਰਪੁਰ ਤੇ ਖੇੜੀ ਕਲਾਂ ਦੇ ਨੌਜਵਾਨਾਂ ਨੇ ਮਿਲ ਕੇ ਇਕ ਕਮੇਟੀ ਦਾ ਗਠਨ ਕੀਤਾ ਤੇ ਪਿੰਡ ਵਿਚ ਦੋ-ਦੋ ਘੰਟੇ ਪਹਿਰਾ ਲਾਉਣਾ ਸ਼ੁਰੂ ਕੀਤਾ। ਪਰ ਅਸੀਂ ਘੰਟੇ ਜਾਂ ਦੋ ਘੰਟੇ ਬਾਅਦ ਚਲੇ ਜਾਂਦੇ ਸੀ, ਜਿਸ ਤੋਂ ਬਾਅਦ ਨਸ਼ਾ ਵੇਚਣ ਵਾਲੇ ਫਿਰ ਆ ਜਾਂਦੇ ਸੀ। ਜਿਸ ਤੋਂ ਬਾਅਦ ਅਸੀਂ ਇਕੱਠੇ ਹੋ ਕਿ ਫ਼ੈਸਲਾ ਕੀਤਾ ਕਿ ਪਿੰਡ ਵਿਚ 24 ਘੰਟੇ ਪਹਿਰਾ ਦੇਣਾ ਪੈਣਾ ਤਾਂ ਹੀ ਅਸੀਂ ਨਸ਼ੇ ਨੂੰ ਰੋਕ ਸਕਾਂਗੇ। ਜਿਸ ਦਾ ਅਸੀਂ ਨਤੀਜਾ 3 ਮਹੀਨਿਆਂ ਬਾਅਦ ਮਿਲਣਾ ਸ਼ੁਰੂ ਹੋਇਆ। ਅਸੀਂ ਜਿਹੜੇ ਨਸ਼ੇੜੀਆਂ ਨੂੰ ਫੜਦੇ ਸੀ ਉਨ੍ਹਾਂ ਦਾ ਸਾਰਾ ਪਤਾ ਤੇ ਮੋਬਾਈਲ ਨੰਬਰ ਆਦਿ ਲਿਖ ਕੇ ਰਖ ਲੈਂਦੇ ਸੀ,
ਪਰ ਅਸੀਂ ਉਨ੍ਹਾਂ ਨੂੰ ਕਦੇ ਜਨਤਕ ਨਹੀਂ ਕੀਤਾ ਕਿਉਂਕਿ ਅਸੀਂ ਕਿਸੇ ਦੀ ਜ਼ਿੰਦਗੀ ਖ਼ਰਾਬ ਨਹੀਂ ਕਰਨਾ ਚਾਹੁੰਦੇ। ਜਦੋਂ ਅਸੀਂ ਪਹਿਰਾ ਲਗਾਇਆ ਤਾਂ ਨਸ਼ਾ ਵੇਚਣ ਵਾਲਿਆਂ ਨੇ ਸਾਨੂੰ ਰੋਕਣ ਲਈ ਪੂਰੀ ਵਾਹ ਲਾਈ, ਜਿਨ੍ਹਾਂ ਵਿਚ ਜ਼ਿਆਦਾ ਔਰਤਾਂ ਹੁੰਦੀਆਂ ਸੀ। ਪਰ ਜਦੋਂ ਸਾਡੀਆਂ ਮਾਤਾਵਾਂ ਨੇ ਸਾਡੇ ਨਾਲ ਖੜ੍ਹ ਕੇ ਸਾਡਾ ਸਾਥ ਦਿਤਾ ਤਾਂ ਇਨ੍ਹਾਂ ਨੂੰ ਡਰ ਪੈਦਾ ਹੋ ਗਿਆ ਤੇ ਨਸ਼ਾ ਵੇਚਣ ਵਾਲੀਆਂ ਔਰਤਾਂ ਪਿੱਛੇ ਹੱਟਣ ਲੱਗ ਪਈਆਂ। ਸਾਡੀਆਂ ਬੀਬੀਆਂ ਤੇ ਘੱਟੋ-ਘੱਟ 10 ਪਿੰਡਾਂ ਦੇ ਲੋਕਾਂ ਦੇ ਸਹਿਯੋਗ ਕਾਰਨ ਹੀ ਸਾਨੂੰ ਸਫ਼ਲਤਾ ਮਿਲੀ ਤੇ ਪਹਿਰਾ ਦੇਣ ਵਾਲਿਆਂ ਲਈ ਲੰਗਰ ਦੀ ਸੇਵਾ ਵੀ ਕੀਤੀ ਜਾਂਦੀ ਹੈ।
ਜਿਹੜੇ ਪਿੰਡ ਦੇ ਜਾਂ ਨੇੜੇ-ਤੇੜੇ ਦੇ ਨੌਜਵਾਨਾਂ ਨਸ਼ਾ ਛੱਡਣਾ ਚਾਹਿਆ ਅਸੀਂ ਉਨ੍ਹਾਂ ਦੀ ਮਦਦ ਕੀਤੀ ਤੇ ਕਰਦੇ ਹਾਂ ਤੇ ਉਹ ਨੌਜਵਾਨ ਨਸ਼ਾ ਛੱਡ ਕੇ ਆਪਣੇ ਕੰਮ ਕਰ ਰਹੇ ਹਨ। ਪਿੰਡ ਦੇ ਇਕ ਬਜ਼ੁਰਗ ਨੇ ਕਿਹਾ ਕਿ ਜਦੋਂ ਕੋਈ ਪਿੰਡ ਵਿਚ ਨਸ਼ਾ ਵੇਚਣ ਵਾਲਾ ਆਉਂਦਾ ਹੈ ਤਾਂ ਅਸੀਂ ਪਹਿਲਾਂ ਤਾਂ ਪਿਆਰ ਨਾਲ ਸਮਝਾਉਂਦੇ ਹਾਂ ਪਰ ਜੇ ਫਿਰ ਵੀ ਨਾ ਹਟੇ ਤਾਂ ਫਿਰ ਸਖ਼ਤੀ ਨਾਲ ਵੀ ਪੇਸ਼ ਆਉਂਦੇ ਹਾਂ। ਦੋ ਸਾਲ ਪਹਿਲਾਂ ਸਾਡੀ ਮੋਟਰਾਂ ’ਤੇ ਚੋਰੀ ਹੋ ਜਾਂਦੀ ਸੀ, ਔਰਤਾਂ ਦੀ ਵਾਲੀਆਂ ਝਪਟੀਆਂ ਜਾਂਦੀਆਂ ਸਨ, ਪਰ ਹੁਣ ਅਜਿਹੀ ਕੋਈ ਘਟਨਾ ਨਹੀਂ ਹੁੰਦੀ।
ਪੰਜਾਬ ਸਰਕਾਰ ਨਸ਼ਾ ਵੇਚਣ ਵਾਲਿਆਂ ਦੇ ਘਰ ਤੋੜ ਰਹੀ ਹੈ ਜੋ ਕਿ ਇਕ ਚੰਗਾ ਕੰਮ ਹੈ, ਪਰ ਕਿਸੇ ਬੇਕਸੂਰ ਵਿਅਕਤੀ ’ਤੇ ਗਾਜ਼ ਨਾ ਡਿੱਗੇ। ਪੰਜਾਬ ਵਿਚ ਨਸ਼ਾ ਖ਼ਤਮ ਕਰਨ ਲਈ ਸਾਨੂੰ ਪਿੰਡ ਪਿੰਡ ਪਹਿਰਾ ਲਗਾਉਣਾ ਪਵੇਗਾ ਤਾਂ ਹੀ ਅਸੀਂ ਨਸ਼ਾ ਮੁਕਤ ਹੋ ਸਕਦੇ ਹਾਂ।
ਪਿੰਡ ਦੀ ਇਕ ਔਰਤ ਨੇ ਕਿਹਾ ਕਿ ਸਾਡੇ ਪਿੰਡ ਤਾਂ ਕੋਈ ਰਿਸ਼ਤਾ ਕਰਨ ਤੋਂ ਵੀ ਹੱਟ ਗਿਆ ਸੀ। ਲੋਕ ਕੁੜੀਆਂ ਦੇ ਰਿਸ਼ਤੇ ਵੀ ਨਹੀਂ ਲੈਂਦੇ ਸੀ ਮੁੰਡਿਆਂ ਨੂੰ ਤਾਂ ਦੇਣੇ ਕੀ ਸੀ। ਹਰ ਕੋਈ ਸੋਚਦਾ ਸੀ ਕਿ ਪਿੰਡ ਦੇ ਮੁੰਡੇ ਇੰਨਾ ਨਸ਼ਾ ਕਰਦੇ ਹਨ ਕਿਤੇ ਕੁੜੀਆਂ ਵੀ ਨਸ਼ਾ ਨਾ ਕਰਦੀਆਂ ਹੋਣ।