ਸਕੋਡਾ ਆਟੋ ਇੰਡੀਆ ਅਤੇ ਟੋਯੋਟਾ ਕਿਰਲੋਸਕਰ ਮੋਟਰ ਵਰਗੇ ਹੋਰ ਨਿਰਮਾਤਾਵਾਂ ਨੇ ਵੀ ਅਕਤੂਬਰ 'ਚ ਵਿਕਰੀ ਵਿਚ ਪ੍ਰਭਾਵਸ਼ਾਲੀ ਵਾਧਾ ਕੀਤਾ ਦਰਜ
ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼ ਅਤੇ ਕੀਆ ਇੰਡੀਆ ਦੀ ਅਗਵਾਈ ਵਾਲੇ ਚੋਟੀ ਦੀਆਂ ਕਾਰ ਨਿਰਮਾਤਾਵਾਂ ਨੇ ਜੀ.ਐਸ.ਟੀ. ਦੀ ਦਰ ’ਚ ਕਟੌਤੀ ਨਾਲ ਤਿਉਹਾਰਾਂ ਦੀ ਮੰਗ ਨੂੰ ਵੇਖਦੇ ਹੋਏ ਸਨਿਚਰਵਾਰ ਨੂੰ ਘਰੇਲੂ ਬਾਜ਼ਾਰ ’ਚ ਰੀਕਾਰਡ ਵਿਕਰੀ ਦਰਜ ਕੀਤੀ ਹੈ।
ਸਕੋਡਾ ਆਟੋ ਇੰਡੀਆ ਅਤੇ ਟੋਯੋਟਾ ਕਿਰਲੋਸਕਰ ਮੋਟਰ ਵਰਗੇ ਹੋਰ ਨਿਰਮਾਤਾਵਾਂ ਨੇ ਵੀ ਅਕਤੂਬਰ ਵਿਚ ਵਿਕਰੀ ਵਿਚ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਅਧਿਕਾਰੀ (ਮਾਰਕੀਟਿੰਗ ਅਤੇ ਸੇਲਜ਼) ਪਾਰਥੋ ਬੈਨਰਜੀ ਨੇ ਪੱਤਰਕਾਰਾਂ ਨੂੰ ਕਿਹਾ, ‘‘ਅਕਤੂਬਰ ’ਚ, ਅਸੀਂ 2,42,096 ਯੂਨਿਟਾਂ ਦੀ ਵਿਕਰੀ ਕੀਤੀ, ਜੋ ਪਿਛਲੇ ਸਾਲ ਦੇ ਮੁਕਾਬਲੇ ਲਗਭਗ 20 ਫ਼ੀ ਸਦੀ ਵੱਧ ਹੈ।’’ ਇਹ ਹੁਣ ਤਕ ਦੀ ਸੱਭ ਤੋਂ ਵੱਧ ਵਿਕਰੀ ਸੀ ਜੋ ਕੰਪਨੀ ਨੇ ਅਕਤੂਬਰ ਵਿਚ ਕੀਤੀ ਸੀ।
ਉਨ੍ਹਾਂ ਕਿਹਾ ਕਿ ਨਵਰਾਤਰਿਆਂ ਤੋਂ ਸ਼ੁਰੂ ਹੋਣ ਵਾਲੇ 40 ਦਿਨਾਂ ਦੇ ਤਿਉਹਾਰਾਂ ਦੀ ਮਿਆਦ ’ਚ, ਕੰਪਨੀ ਨੇ 4.1 ਲੱਖ ਪ੍ਰਚੂਨ ਵਿਕਰੀ ਦੇ ਨਾਲ 5 ਲੱਖ ਬੁਕਿੰਗ ਕੀਤੀ ਹੈ, ‘‘ਜੋ ਪਿਛਲੇ ਸਾਲ ਨਾਲੋਂ ਲਗਭਗ ਦੁੱਗਣੀ ਹੈ।’’
ਬੈਨਰਜੀ ਨੇ ਕਿਹਾ ਕਿ ਜੀ.ਐਸ.ਟੀ. ਸੁਧਾਰਾਂ ਤੋਂ ਪਹਿਲਾਂ ਪਹਿਲੀ ਵਾਰ ਕਾਰ ਖਰੀਦਣ ਵਾਲਿਆਂ ਨੂੰ ਬਾਜ਼ਾਰ ’ਚ ਦਾਖਲ ਹੋਣ ’ਚ ਚੁਨੌਤੀਆਂ ਸਨ ਪਰ ਜੀ.ਐਸ.ਟੀ. 2.0 ਤੋਂ ਬਾਅਦ ਬਹੁਤ ਸਾਰੇ ਗਾਹਕ ਸ਼ੋਅਰੂਮ ’ਚ ਆਉਣੇ ਸ਼ੁਰੂ ਹੋ ਗਏ ਹਨ।
ਮਾਰੂਤੀ ਸੁਜ਼ੂਕੀ ਇੰਡੀਆ ਨੇ ਕਿਹਾ ਕਿ ਵਪਾਰਕ ਗੱਡੀਆਂ ਸਮੇਤ ਉਸ ਦੀ ਕੁਲ ਘਰੇਲੂ ਵਿਕਰੀ 10.75 ਫੀ ਸਦੀ ਵਧ ਕੇ 1,80,675 ਇਕਾਈ ਰਹਿ ਗਈ ਹੈ। ਘਰੇਲੂ ਮੁਸਾਫ਼ਰ ਗੱਡੀਆਂ ਦੀ ਵਿਕਰੀ ਅਕਤੂਬਰ 2024 ਵਿਚ 1,59,591 ਯੂਨਿਟ ਦੇ ਮੁਕਾਬਲੇ ਇਸ ਸਾਲ 10.48 ਫ਼ੀ ਸਦੀ ਵੱਧ ਕੇ 1,76,318 ਯੂਨਿਟ ਰਹੀ।
ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਵੀ ਘਰੇਲੂ ਮੁਸਾਫ਼ਰ ਵਾਹਨ ਬਾਜ਼ਾਰ ਵਿਚ ਅਕਤੂਬਰ ਵਿਚ ਰੀਕਾਰਡ ਐਸ.ਯੂ.ਵੀ. ਦੀ ਵਿਕਰੀ 31 ਫ਼ੀ ਸਦੀ ਵਧ ਕੇ 71,624 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ਵਿਚ 54,504 ਇਕਾਈ ਸੀ। ਆਟੋਮੋਟਿਵ ਡਿਵੀਜ਼ਨ ਦੇ ਸੀ.ਈ.ਓ. ਨਲਿਨੀਕਾਂਤ ਗੋਲਾਗੁੰਟਾ ਨੇ ਕਿਹਾ, ‘‘ਅਕਤੂਬਰ ’ਚ, ਅਸੀਂ 71,624 ਯੂਨਿਟ ਐਸ.ਯੂ.ਵੀ. ਦੀ ਵਿਕਰੀ ਕੀਤੀ, ਜੋ ਕਿ 31 ਫ਼ੀ ਸਦੀ ਦਾ ਵਾਧਾ ਹੈ, ਜੋ ਕਿ ਇਕ ਮਹੀਨੇ ਵਿਚ ਸਾਡੀ ਸੱਭ ਤੋਂ ਵੱਧ ਐਸ.ਯੂ.ਵੀ. ਵਿਕਰੀ ਹੈ।’’
ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼ ਲਿਮਟਿਡ ਨੇ ਵੀ ਅਕਤੂਬਰ ’ਚ 61,295 ਇਕਾਈ ਵਿਕਰੀ ਕੀਤੀ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 48,423 ਇਕਾਈ ਸੀ, ਜੋ 26.6 ਫੀ ਸਦੀ ਵਧੀ ਹੈ। ਟਾਟਾ ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼ ਨੇ ਇਕ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਲਗਾਤਾਰ ਦੂਜੇ ਮਹੀਨੇ ਰੀਕਾਰਡ ਤੋੜ ਮਾਸਿਕ ਥੋਕ ਵਿਕਰੀ 61,295 ਇਕਾਈ ਰਹੀ ਅਤੇ 47,000 ਤੋਂ ਵੱਧ ਇਕਾਈਆਂ ਦੀ ਵਿਕਰੀ ਹੋਈ, ਜਿਸ ਨਾਲ ਮਹੀਨਾਵਾਰ ਵਿਕਰੀ ’ਚ ਹੁਣ ਤਕ ਦੀ ਸੱਭ ਤੋਂ ਵੱਧ 77 ਫੀ ਸਦੀ ਹਿੱਸੇਦਾਰੀ ਹਾਸਲ ਕੀਤੀ ਗਈ।
ਦੂਜੇ ਪਾਸੇ, ਹੁੰਡਈ ਮੋਟਰ ਇੰਡੀਆ ਲਿਮਟਿਡ (ਐਚ.ਐਮ.ਆਈ.ਐਲ.) ਦੀ ਘਰੇਲੂ ਵਿਕਰੀ ਅਕਤੂਬਰ ਵਿਚ 3.2 ਫ਼ੀ ਸਦੀ ਘਟ ਕੇ 53,792 ਇਕਾਈ ਰਹਿ ਗਈ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਵਿਚ 55,568 ਇਕਾਈ ਸੀ। ਫਿਰ ਵੀ, ਕੰਪਨੀ ਨੇ ਮਜ਼ਬੂਤ ਮਾਰਕੀਟ ਮੰਗ ਵੇਖੀ ਹੈ, ਜਿਸ ਨਾਲ 30,119 ਯੂਨਿਟ ਦੀ ਸੰਯੁਕਤ ਵਿਕਰੀ ਦੇ ਨਾਲ ਇਸ ਦੇ ਐਸ.ਯੂ.ਵੀ. ਕ੍ਰੇਟਾ ਅਤੇ ਵੇਨਿਊ ਦੀ ਦੂਜੀ ਸੱਭ ਤੋਂ ਵੱਧ ਮਾਸਿਕ ਵਿਕਰੀ ਹੋਈ।
ਐਚ.ਐਮ.ਆਈ.ਐਲ. ਦੇ ਡਾਇਰੈਕਟਰ ਅਤੇ ਸੀ.ਓ.ਓ. ਤਰੁਣ ਗਰਗ ਨੇ ਕਿਹਾ, ‘‘ਅਕਤੂਬਰ 2025 ਦੁਸਹਿਰਾ, ਧਨਤੇਰਸ ਅਤੇ ਦੀਵਾਲੀ ਦੇ ਤਿਉਹਾਰਾਂ ਨਾਲ ਭਰਿਆ ਇਕ ਮਹੀਨਾ ਸੀ, ਜਿਸ ਵਿਚ ਜੀ.ਐੱਸ.ਟੀ. 2.0 ਸੁਧਾਰਾਂ ਦੇ ਸਕਾਰਾਤਮਕ ਪ੍ਰਭਾਵ ਦਾ ਵੀ ਪੂਰਕ ਸੀ। ਇਸ ਨਾਲ ਭਾਰਤੀ ਆਟੋਮੋਟਿਵ ਉਦਯੋਗ ਨੂੰ ਮਹੱਤਵਪੂਰਨ ਹੁਲਾਰਾ ਮਿਲਿਆ ਹੈ।’’
ਦਖਣੀ ਕੋਰੀਆ ਦੀ ਇਕ ਹੋਰ ਵਾਹਨ ਨਿਰਮਾਤਾ ਕੀਆ ਨੇ ਅਕਤੂਬਰ ਵਿਚ ਵਿਕਰੀ ਵਿਚ 30 ਫ਼ੀ ਸਦੀ ਦੇ ਵਾਧੇ ਦੀ ਰੀਪੋਰਟ ਕੀਤੀ ਹੈ, ਜੋ ਕਿ ਭਾਰਤੀ ਬਾਜ਼ਾਰ ਵਿਚ ਦਾਖਲ ਹੋਣ ਤੋਂ ਬਾਅਦ ਇਸ ਦੀ ਹੁਣ ਤਕ ਦੀ ਸੱਭ ਤੋਂ ਵਧੀਆ ਮਹੀਨਾਵਾਰ ਵਿਕਰੀ ਹੈ। ਟੋਯੋਟਾ ਕਿਰਲੋਸਕਰ ਮੋਟਰ (ਟੀਕੇਐਮ) ਦੀ ਕੁਲ ਵਿਕਰੀ ਅਕਤੂਬਰ ’ਚ 39 ਫੀ ਸਦੀ ਵਧ ਕੇ 42,892 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ’ਚ 30,845 ਇਕਾਈ ਸੀ।
ਸਕੋਡਾ ਆਟੋ ਇੰਡੀਆ ਨੇ ਵੀ ਅਕਤੂਬਰ 2025 ਵਿਚ 8,252 ਯੂਨਿਟ ਦੀ ਵਿਕਰੀ ਦਰਜ ਕੀਤੀ, ਜੋ ਕਿ ਇਸ ਦੀ ਹੁਣ ਤਕ ਦੀ ਸੱਭ ਤੋਂ ਵੱਧ ਮਾਸਿਕ ਵਿਕਰੀ ਹੈ। ਜਨਵਰੀ ਅਤੇ ਅਕਤੂਬਰ 2025 ਦੇ ਵਿਚਕਾਰ, ਕੰਪਨੀ ਨੇ 61,607 ਯੂਨਿਟ ਵੇਚੇ ਹਨ, ਜੋ ਪਹਿਲਾਂ ਹੀ ਕੈਲੰਡਰ ਸਾਲ 2022 ਵਿਚ ਵੇਚੀਆਂ ਗਈਆਂ 53,721 ਕਾਰਾਂ ਦੇ ਅਪਣੇ ਪਿਛਲੇ ਸਾਲਾਨਾ ਰੀਕਾਰਡ ਨੂੰ ਤੋੜ ਚੁੱਕਾ ਹੈ। ਨਿਸਾਨ ਮੋਟਰ ਇੰਡੀਆ ਪ੍ਰਾਈਵੇਟ ਲਿਮਟਿਡ ਨੇ ਅਕਤੂਬਰ 2025 ਵਿਚ 9,675 ਯੂਨਿਟਾਂ ਦੀ ਏਕੀਕ੍ਰਿਤ ਵਿਕਰੀ ਦੀ ਰੀਪੋਰਟ ਕੀਤੀ, ਜਿਸ ਵਿਚ ਘਰੇਲੂ ਬਾਜ਼ਾਰ ਵਿਚ 2,402 ਯੂਨਿਟ ਸ਼ਾਮਲ ਹਨ।
