
ਕੋਵਿਡ ਤੋਂ ਬਚਾਅ ਦਾ ਟੀਕਾ ਲਗਾਉਣ ਲਈ ਰਣਨੀਤੀ ਬਣਾਉਣ ਵਾਸਤੇ ਮਾਹਿਰਾਂ ਦਾ ਗਰੁੱਪ ਬਣਾਇਆ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਭਰ ਵਿਚ ਪਹਿਲੀ ਮਈ ਤੋਂ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਹ ਵੀ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੂਬੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਟੀਕਿਆਂ ਦੀ ਸਪਲਾਈ ਮੁਫਤ ਕੀਤੀ ਜਾਵੇ। ਸ਼ੁਰੂਆਤ ਵਿਚ ਟੀਕਿਆਂ ਦੀ ਸੀਮਤ ਸਪਲਾਈ ਦੀ ਸੰਭਾਵਨਾ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਮਾਹਿਰਾਂ ਦਾ ਗਰੁੱਪ ਬਣਾਇਆ ਜਿਸ ਵਿਚ ਪ੍ਰਸਿੱਧ ਵਾਇਰੌਲੋਜਿਸਟ ਡਾ. ਗਗਨਦੀਪ ਕੰਗ, ਸੀ.ਐਮ.ਸੀ. ਵੈਲੋਰ ਦੇ ਕਮਿਊਨਟੀ ਹੈਲਥ ਦੇ ਪ੍ਰੋਫੈਸਰ ਡਾ.ਜੈਕਬ ਜੌਹਨ ਅਤੇ ਪੀ.ਜੀ.ਆਈ. ਦੇ ਜਨ ਸਿਹਤ ਵਿਭਾਗ ਸਕੂਲ ਦੇ ਸਾਬਕਾ ਮੁਖੀ ਡਾ. ਰਾਜੇਸ਼ ਕੁਮਾਰ ਨੂੰ ਸ਼ਾਮਲ ਕੀਤਾ ਗਿਆ। ਇਹ ਗਰੁੱਪ 18 ਤੋਂ 45 ਸਾਲ ਉਮਰ ਵਰਗ ਵਿਚ ਤਰਜੀਹਾਂ ਲਈ ਸੁਝਾਅ ਦੇਵੇਗਾ।
Capt Amrinder Singh
ਸੂਬੇ ਵਿਚ ਕੋਵਿਡ-19 ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਸੱਦੀ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਮਾਹਿਰਾਂ ਦੇ ਗਰੁੱਪ ਨੂੰ ਟੀਕਾਕਰਨ ਸਬੰਧੀ ਰਣਨੀਤੀ ਉਲੀਕਣ ਅਤੇ ਸੂਬੇ ਵਿੱਚ ਕੋਵਿਡ ਮਹਾਂਮਾਰੀ ਦੇ ਅਣਕਿਆਸੇ ਸੰਕਟ ਕਾਰਨ ਪੈਦਾ ਹੋਈਆਂ ਚੁਣੌਤੀਆਂ ਦੇ ਟਾਕਰੇ ਲਈ ਇਕ ਵਿਸਥਾਰਤ ਯੋਜਨਾ ਸੂਬਾ ਸਰਕਾਰ ਨੂੰ ਇਕ ਹਫਤੇ ਵਿੱਚ ਸੌਂਪਣ ਲਈ ਕਿਹਾ।
Capt Amrinder Singh
ਕੋਵਿਡ ਦੇ ਮੌਜੂਦਾ ਦੂਜੀ ਲਹਿਰ ਦਾ ਡਟਵਾਂ ਟਾਕਰਾ ਕਰਨ ਲਈ ਢੁੱਕਵੀਂ ਰਣਨੀਤੀ ਦੀ ਲੋੜ ਉਤੇ ਜ਼ੋਰ ਦਿੰਦਿਆਂ ਮਾਹਿਰ ਗਰੁੱਪ ਦੀ ਇਕ ਮੈਂਬਰ ਪ੍ਰਸਿੱਧ ਵਾਇਰੌਲੋਜਿਸਟ ਡਾ.ਗਗਨਦੀਪ ਕੰਗ ਜੋ ਅੱਜ ਵਿਸ਼ੇਸ਼ ਸੱਦੇ ਉਤੇ ਮੀਟਿੰਗ ਵਿੱਚ ਸ਼ਾਮਲ ਹੋਏ, ਨੇ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਮੁਹਾਲੀ ਅਤੇ ਪਟਿਆਲਾ ਵਰਗੇ ਵੱਧ ਕੇਸਾਂ ਵਾਲੇ ਸ਼ਹਿਰਾਂ ਸਬੰਧੀ ਭੂਗੋਲਿਕ ਸਥਿਤੀ ਨੂੰ ਵੀ ਆਧਾਰ ਬਣਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਮੈਡੀਕਲ ਜ਼ਰੂਰਤ (ਗੰਭੀਰ ਸਹਿ ਬਿਮਾਰੀ) ਅਤੇ ਅਧਿਆਪਕਾਂ ਆਦਿ ਵਰਗੇ ਕਿੱਤਾਮੁਖੀ ਸਮੂਹਾਂ ਨੂੰ ਆਧਾਰ ਬਣਾ ਕੇ ਤਰਜੀਹਾਂ ਮਿੱਥੀਆਂ ਜਾਣ।
Capt Amrinder Singh
ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਅੱਜ ਪੰਜਾਬ ਨੂੰ ਕੋਵੀਸ਼ੀਲਡ ਦੀਆਂ 4 ਲੱਖ ਖੁਰਾਕਾਂ ਕੇਂਦਰ ਸਰਕਾਰ ਤੋਂ ਪ੍ਰਾਪਤ ਹੋ ਚੁੱਕੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਟੀਕਾਕਰਨ ਮੁਹਿੰਮ ਦੀ ਗਤੀ ਨੂੰ ਦੇਖਦਿਆਂ ਇਹ ਦਵਾਈਆਂ ਵੀ ਮਹਿਜ਼ ਤਿੰਨ ਜਾਂ ਚਾਰ ਦਿਨਾਂ ਤੱਕ ਹੀ ਚੱਲਣਗੀਆਂ, ਇਸ ਲਈ ਉਨ੍ਹਾਂ ਸਿਹਤ ਵਿਭਾਗ ਨੂੰ ਕੋਵੈਕਸੀਨ ਦੀਆਂ ਭਰਪੂਰ ਮਾਤਰਾ ਵਿੱਚ ਲੋੜੀਂਦੀਆਂ ਖੁਰਾਕਾਂ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਕੇਂਦਰ ਸਰਕਾਰ ਕੋਲ ਚੁੱਕਣ ਲਈ ਕਿਹਾ।
Capt Amrinder Singh
ਦੇਸ਼ ਵਿੱਚ ਰੈਮਡੇਸੀਵੀਰ ਤੇ ਟੋਸਿਲੀਜ਼ੁਮਾਬ ਜਿਹੀਆਂ ਐਂਟੀ ਵਾਇਰਲ ਦਵਾਈਆਂ ਦੀ ਕਾਲਾ ਬਜ਼ਾਰੀ ਦੀਆਂ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਮਾਹਿਰਾਂ ਨੇ ਅਜਿਹੀਆਂ ਦਵਾਈਆਂ ਦੀ ਵਰਤੋਂ ਦੇ ਬਾਰੇ ਸਪੱਸ਼ਟ ਮਾਪਦੰਡ ਤੈਅ ਕੀਤੇ ਹਨ ਅਤੇ ਇਨ੍ਹਾਂ ਨੂੰ ਢੁੱਕਵੇਂ ਢੰਗ ਨਾਲ ਪ੍ਰਚਾਰਿਆ ਅਤੇ ਸਹੀ ਤਰੀਕੇ ਨਾਲ ਅਪਣਾਇਆ ਜਾਣਾ ਚਾਹੀਦਾ ਹੈ। ਸਿਹਤ ਸਲਾਹਕਾਰ ਡਾ. ਕੇ.ਕੇ. ਤਲਵਾੜ ਵੱਲੋਂ ਉਠਾਏ ਗਏ ਨੁਕਤੇ ਅਨੁਸਾਰ ਵਿਸ਼ਵ ਸਿਹਤ ਸੰਗਠਨ ਦੇ ਅਧਿਐਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਦਵਾਈਆਂ ਦਾ ਵਿਅਕਤੀ ਦੀ ਜਾਨ ਬਚਾਉਣ ਨਾਲ ਕੋਈ ਸਬੰਧ ਨਹੀਂ। ਇਸੇ ਤਰ੍ਹਾਂ ਡਾਕਟਰਾਂ ਦੇ ਮਾਹਿਰ ਗਰੁੱਰ ਵਲੋਂ ਟੋਸਿਲੀਜ਼ੁਮਾਬ ਦੇ ਬਦਲ ਅਤੇ ਗੰਭੀਰ ਮਰੀਜ਼ਾਂ ਦੇ ਪ੍ਰਬੰਧਨ ਬਾਰੇ ਪ੍ਰੋਟੋਕੋਲ ਨਿਰੰਤਰ ਸਾਂਝੇ ਕੀਤੇ ਜਾ ਰਹੇ ਹਨ।