ਪੰਜਾਬ ਵਿਚ ਡੇਅਰੀ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਅਤੇ ਅੰਤਰਾਸ਼ਟਰੀ ਮੰਡੀਕਰਨ ਲਈ ਅਮੁਲ ਤੋਂ ਸਹਿਯੋਗ ਮੰਗਿਆ: ਕੁਲਦੀਪ ਧਾਲੀਵਾਲ
ਚੰਡੀਗੜ੍ਹ: ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਕੁਲਦੀਪ ਧਾਲੀਵਾਲ ਪੰਜਾਬ ਵਿਚ ਡੇਅਰੀ ਫਾਰਮਿੰਗ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਤਿੰਨ ਦਿਨ ਤੋਂ ਗੁਜਾਰਤ ਦੇ ਦੌਰੇ ‘ਤੇ ਹਨ, ਜਿੱਥੇ ਉਨ੍ਹਾਂ ਨੇ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਸਮੇਤ ਕਈ ਹੋਰ ਮਾਹਿਰਾਂ ਨਾਲ ਵਿਚਾਰਾਂ ਕੀਤੀਆਂ।
ਅੱਜ ਉਨ੍ਹਾਂ ਵਲੋਂ ਅਨੰਦ ਸ਼ਹਿਰ ਅਤੇ ਗਾਂਧੀਨਗਰ ਵਿਖੇ ਅਮੁਲ ਦੇ ਵੱਖ ਵੱਖ ਪਲਾਟਾਂ ਦਾ ਦੌਰਾ ਕੀਤਾ ਗਿਆ ਜਿੱਥੇ ਅਮੂਲ ਦੇ ਅਧਕਿਾਰੀਆਂ ਨਾਲ ਮੀਟਿੰਗ ਕਰਕੇ ਪੰਜਾਬ ਵਿਚ ਦੁੱਧ ਤੋਂ ਬਣਨ ਵਾਲੇ ਪਦਾਰਥਾਂ ਨੂੰ ਹੋਰ ਮਿਆਰੀ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ ਹੈ।
ਇਸ ਦੌਰੇ ਬਾਰੇ ਜਾਣਕਾਰੀ ਦਿੰਦਿਆਂ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਅਮੂਲ ਵੀ ਪੰਜਾਬ ਦੇ ਵੇਰਕਾ ਅਦਾਰੇ ਵਾਂਗ ਸਹਿਕਾਰੀ ਅਦਾਰਾ ਹੈ, ਜਿਸ ਦੇ ਡੇਅਰੀ ਪਦਾਰਥ ਵਿਸ਼ਵ ਪੱਧਰ ‘ਤੇ ਵੱਡੀ ਪਹਿਚਾਣ ਬਣੇ ਹੋਏ ਹਨ।ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਉਨ੍ਹਾਂ ਦੀ ਸਰਕਾਰ ਦਾ ਮੁੱਖ ਟੀਚਾ ਹੈ ਕਿ ਪੰਜਾਬ ਵਿਚ ਸਹਿਕਾਰਤਾ ਲਹਿਰ ਨੂੰ ਹੋਰ ਮਜਬੂਤੀ ਨਾਲ ਚਲਾਇਆ ਜਾਵੇ ਤਾਂ ਜੋ ਸਹਾਇਕ ਕਿਸਾਨੀ ਧੰਦਿਆਂ ਨਾਲ ਕਿਸਾਨਾਂ ਨੂੰ ਜੋੜ ਕੇ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ੳਨ੍ਹਾਂ ਕਿਹਾ ਕਿ ਪੰਜਾਬ ਵਿਚ ਵੇਰਕਾ ਦੇ ਰਾਹੀਂ ਸੂਬੇ ਦੇ ਬਹੁ ਗਿਣਤੀ ਪਿੰਡ ਡੇਅਰੀ ਦੇ ਸਹਿਕਾਰੀ ਧੰਦੇ ਨਾਲ ਜੁੜੇ ਹੋਏ ਹਨ ਅਤੇ ਅਗਲੇ ਪੰਜ ਸਾਲ ਵਿਚ ਸੂਬੇ ਦੇ ਸਾਰੇ ਪਿੰਡਾਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ।
ਡੇਅਰੀ ਵਿਕਾਸ ਮੰਤਰੀ ਨੇ ਕਿਹਾ ਕਿ ਹਾਲਾਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਪਰ ਸਾਡੇ ਕਿਸਾਨ ਖੇਤੀਬਾੜੀ ਦੇ ਨਾਲ ਨਾਲ ਕਿਸੇ ਨਾ ਕਿਸੇ ਰੂਪ ਵਿਚ ਪਸ਼ੂ ਪਾਲਣ ਦੇ ਧੰਦੇ ਨਾਲ ਵੀ ਜੁੜੇ ਹੋਏ ਹਨ।ਉਨ੍ਹਾਂ ਕਿਹਾ ਕਿ ਹਾਲੇ ਬਹੁਤ ਸਾਰੇ ਕਿਸਾਨ ਰਵਾਇਤੀ ਪਸ਼ੂ ਪਾਲਣ ਦੇ ਕਿੱਤੇ ਨਾਲ ਹੀ ਜੁੜੇ ਹੋਏ ਹਨ, ਪਰ ਪੰਜਾਬ ਸਰਕਾਰ ਵਲੋਂ ਪੇਸ਼ੇਵਰ ਡੇਅਰੀ ਫਾਰਮਿੰਗ ਨਾਲ ਕਿਸਾਨਾਂ ਨੂੰ ਜੋੜਨ ਲਈ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਬਾਰੇ ਸਿਖਲਾਈ ਦੇਣ ਦੇ ਨਾਲ ਨਾਲ ਸਬਸਿਡੀ ‘ਤੇ ਨਵੇਂ ਉਪਕਰਨ ਵੀ ਮੁਹੱਈਆ ਵੀ ਕਰਵਾਏ ਜਾਣਗੇ।
ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਮੁਲ ਇੱਕ ਸਹਿਕਾਰੀ ਅਦਾਰਾ ਹੈ ਜਿਸ ਦੇ ਕੰਮ ਕਾਰ ਦੀ ਜਾਣਕਾਰੀ ਹਾਸਿਲ ਕਰਨ ਲਈ ਉਨ੍ਹਾਂ ਵਲੋਂ ਇਹ ਦੌਰਾ ਕੀਤਾ ਗਿਆ ਸੀ।ਉਨਾਂ ਦੱਸਿਆ ਕਿ ਅਮੂਲ ਦੇ ਪ੍ਰਬੰਧਕਾਂ ਤੋਂ ਉਨ੍ਹਾਂ ਨੇ ਪੰਜਾਬ ਵਿਚ ਦੁੱਧ ਤੋਂ ਤਿਆਰ ਹੋਣ ਵਾਲੇ ਪਦਾਰਥਾਂ ਦੀ ਹਰ ਤਕਨੀਕੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।ਇਸ ਦੇ ਨਾਲ ਹੀ ਮੰਤਰੀ ਨੇ ਦੱਸਿਆ ਕਿ ਪੰਜਾਬ ਵਿਚ ਸਹਿਕਾਰਤਾ ਲਹਿਰ ਰਾਹੀਂ ਤਿਆਰ ਹੋਣ ਵਾਲੇ ਪਦਾਰਥਾਂ ਦੀ ਅੰਤਰਰਾਸ਼ਟਰੀ ਪੱਧਰ ਮੰਡੀਕਰਨ ਲਈ ਵੀ ਅਮੁਲ ਤੋਂ ਸਹਿਯੋਗ ਲੈਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਕੁਲਦੀਪ ਧਾਲੀਵਾਲ ਨੇ ਅਪਾਣੇ ਇਸ ਦੌਰੇ ਦੌਰਾਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਮੁੱਖ ਦਫਤਰ, ਅਮੁਲਫੇਡ, ਗਾਂਧੀਨਗਰ, ਗੁਜਰਾਤ ਡੇਅਰੀ ਪਲਾਂਟ, ਆਈਸ ਕਰੀਮ ਪਲਾਂਟ, ਡੇਅਰੀ ਪਲਾਂਟ, ਚਾਕਲੇਟ ਪਲਾਂਟ, ਬੁਲ ਬ੍ਰੀਡਿੰਗ ਫਾਰਮ, ਡਾ. ਵੀ. ਕੁਰੀਨ ਮਿਊਜ਼ੀਅਮ, ਸਰਦਾਰ ਪਟੇਲ ਅਸੈਂਬਲੀ ਹਾਲ, ਡੀ.ਸੀ.ਐੱਸ. ਸੰਦੇਸਰ ਦਾ ਦੌਰਾ ਕੀਤਾ।
ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਿਟੇਡ (ਜੀ.ਸੀ.ਐੱਮ.ਐੱਮ.ਐੱਫ.), ਆਨੰਦ ਦੇ ਐਮ.ਡੀ ਗੁਜਰਾਤ ਡਾ. ਆਰ.ਐਸ. ਸੋਢੀ, ਸੀ.ਓ.ਓ ਜੈਇਨ ਮਹਿਤਾ, ਏ.ਜੀ.ਐਮ ਐੱਚ.ਪੀ. ਰਾਠੌੜ, ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਚੇਅਰਮੈਨ ਮਨੀਸ਼ ਸ਼ਾਹ, ਕੈਰਾ ਜ਼ਿਲ੍ਹਾ ਸਹਿਕਾਰੀ ਦੁੱਧ ਉਤਪਾਦਕ ਯੂਨੀਅਨ ਲਿਮਿਟੇਡ (ਅਮੁਲ ਡੇਅਰੀ), ਆਨੰਦ, ਗੁਜਰਾਤ ਦੇ ਐਮ.ਡੀ ਅਮਿਤ ਵਿਆਸ, ਕੁਲਦੀਪ ਸਿੰਘ, ਐੱਚ.ਓ, ਕੋਆਰਡੀਨੇਟਰ ਅਮਰਜੀਤ ਸਿੰਘ ਅਤੇ ਭਾਰਤੀ ਪੇਂਡੂ ਪ੍ਰਬੰਧਨ ਸੰਸਥਾਨ, ਆਨੰਦ, ਗੁਜਰਾਤ ਦੇ ਡਾਇਰੈਕਟਰ ਉਮਾਕਾਂਤ ਦਾਸ਼ ਨਾਲ ਮੁਲਾਕਤ ਕੀਤੀ।