
ਬਠਿੰਡਾ 'ਚ ਹੱਦਬੰਦੀ ਕਰਜ਼ੇ ਦੇ ਪੈਦਾ ਹੋਏ ਰੇੜਕੇ ਨੇ ਕਿਸਾਨਾਂ ਨੂੰ ਰਗੜ ਦਿਤਾ ਹੈ। ਸਹਿਕਾਰੀ ਬੈਂਕ ਦੇ ਪ੍ਰਬੰਧਕਾਂ ਵਲੋਂ ਨਾਬਾਰਡ ਦੀ ਸਿਫ਼ਾਰਸ਼ ਦੇ ਉਲਟ ਕਿਸਾਨਾਂ ...
ਬਠਿੰਡਾ, 21 ਮਈ (ਸੁਖਜਿੰਦਰ ਮਾਨ): ਬਠਿੰਡਾ 'ਚ ਹੱਦਬੰਦੀ ਕਰਜ਼ੇ ਦੇ ਪੈਦਾ ਹੋਏ ਰੇੜਕੇ ਨੇ ਕਿਸਾਨਾਂ ਨੂੰ ਰਗੜ ਦਿਤਾ ਹੈ। ਸਹਿਕਾਰੀ ਬੈਂਕ ਦੇ ਪ੍ਰਬੰਧਕਾਂ ਵਲੋਂ ਨਾਬਾਰਡ ਦੀ ਸਿਫ਼ਾਰਸ਼ ਦੇ ਉਲਟ ਕਿਸਾਨਾਂ ਨੂੰ 14 ਹਜ਼ਾਰ ਦੀ ਬਜਾਏ 10 ਹਜ਼ਾਰ ਨਕਦੀ ਦੇਣ ਦਾ ਫ਼ੈਸਲੇ ਲਿਆ ਹੈ। ਇਸ ਫ਼ੈਸਲੇ ਵਿਰੁਧ ਕਿਸਾਨਾਂ ਨੇ ਸਹਿਕਾਰੀ ਮੁਲਾਜ਼ਮਾਂ ਨਾਲ ਮਿਲ ਕੇ ਬੈਂਕਾਂ ਦੀ ਤਾਲਾਬੰਦੀ ਕਰ ਦਿਤੀ ਹੈ।
ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਕਿਸਾਨ ਯੂਨੀਅਨਾਂ ਨਾਲ ਮਿਲ ਕੇ ਅੱਜ ਜ਼ਿਲ੍ਹੇ ਦੀਆਂ ਸਾਰੀਆਂ 37 ਸਹਿਕਾਰੀ ਬੈਂਕਾਂ ਦੀ ਤਾਲਾਬੰਦੀ ਕਰ ਦਿਤੀ। ਕਈ ਥਾਂ ਸਥਿਤੀ ਤਣਾਅਪੂਰਨ ਹੋਣ ਕਾਰਨ ਪੁਲਿਸ ਵੀ ਬੁਲਾਉਣੀ ਪਈ। ਸੂਤਰਾਂ ਅਨੁਸਾਰ ਪਿਛਲੇ ਇਕ ਹਫ਼ਤੇ ਤੋਂ ਪਏ ਇਸ ਰੇੜਕੇ ਕਾਰਨ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਾਂੋ ਕਰਜ਼ੇ ਮਿਲਣੇ ਬੰਦ ਹੋ ਗਏ ਹਨ।
ਇਸ ਤਾਲਾਬੰਦੀ ਕਾਰਨ ਫ਼ਸਲੀ ਕਰਜ਼ੇ ਜਾਰੀ ਕਰਨ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ। ਬੈਂਕ ਪ੍ਰਬੰਧਕਾਂ ਨੇ ਦਾਅਵਾ ਕੀਤਾ ਹੈ ਕਿ ਨਾਬਾਰਡ ਵਲੋਂ ਲਿਮਟ ਘਟਾਉਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਦੂਜੇ ਪਾਸੇ ਸਹਿਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਪਿਛਲੇ ਸਮਿਆਂ ਦੌਰਾਨ ਬੈਂਕਾਂ 'ਚ ਹੋਏ ਕਰੋੜਾਂ ਦੇ ਘਪਲਿਆਂ ਕਾਰਨ ਇਹ ਲਿਮਟ ਘਟੀ ਹੈ।
Corperation Bank
ਬੈਂਕ ਦੀ ਜ਼ਿਲ੍ਹਾ ਮੈਨੇਜਰ ਗੀਤਿਕਾ ਮਨੀ ਮੁਤਾਬਕ ਪਿਛਲੇ ਸਾਲ ਕਿਸਾਨਾਂ ਨੂੰ ਦਿਤੇ 429 ਕਰੋੜ ਫ਼ਸਲੀ ਕਰਜ਼ੇ ਦੇ ਮੁਕਾਬਲੇ ਨਾਬਾਰਡ ਵਲੋਂ 234 ਕਰੋੜ ਦੀ ਲਿਮਟ ਜਾਰੀ ਕੀਤੀ ਹੈ ਜਿਸ ਦੇ ਚਲਦੇ ਬੈਂਕ ਨੂੰ ਅਪਣੇ ਨੂੰ ਫ਼ੰਡਾਂ ਵਿਚੋਂ 195 ਕਰੋੜ ਰੁਪਇਆ ਫ਼ਸਲੀ ਕਰਜ਼ੇ ਲਈ ਦੇਣਾ ਪਿਆ। ਲੰਘੀ 17 ਮਈ ਨੂੰ ਬੈਂਕ ਪ੍ਰਬੰਧਕਾਂ ਦੀ ਹੋਈ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਵੱਧ ਤੋਂ ਵੱਧ ਪ੍ਰਤੀ ਏਕੜ 10 ਹਜ਼ਾਰ ਰੁਪਏ ਦੇ ਹਿਸਾਬ ਨਾਲ ਨਕਦ ਦੇਣ ਦਾ ਫ਼ੈਸਲਾ ਕੀਤਾ ਗਿਆ।
ਸੂਤਰਾਂ ਮੁਤਾਬਕ ਹੁਣ ਤਕ 47 ਕਰੋੜ ਦੀ ਅਡਵਾਂਸਮੈਂਟ ਵੀ ਕੀਤੀ ਜਾ ਚੁੱਕੀ ਹੈ। ਉਧਰ ਸਹਿਕਾਰੀ ਕਰਮਚਾਰੀਆਂ ਮੁਤਾਬਕ ਨਾਬਾਰਡ ਵਲੋਂ ਇਕੱਲੇ ਬਠਿੰਡਾ 'ਚ ਹੀ ਇਹ ਲਿਮਟ ਪਿਛਲੇ ਸਮੇਂ ਦੌਰਾਨ ਹੋਏ ਕਰੋੜਾਂ ਦੇ ਘਪਲਿਆਂ ਕਾਰਨ ਘੱਟ ਕੀਤੀ ਹੈ ਜਿਸ ਲਈ ਕਿਸਾਨ ਨਹੀਂ ਬੈਂਕ ਅਧਿਕਾਰੀ ਜ਼ਿੰਮੇਵਾਰ ਹਨ। ਯੂਨੀਅਨ ਦੀ ਫ਼ਿਰੋਜ਼ਪੁਰ ਡਵੀਜ਼ਨ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਨੇ ਮੰਗ ਕੀਤੀ ਕਿ ਪਿਛਲੇ ਸਮੇਂ ਦੌਰਾਨ ਹੋਏ ਬੈਂਕ ਘਪਲਿਆਂ ਦੀ ਉਚ ਪਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਘਪਲਿਆਂ ਵਿਚ ਸ਼ਾਮਲ ਕਥਿਤ ਦੋਸ਼ੀਆਂ ਨੂੰ ਬਚਾਉਣ ਦੇ ਮਾਮਲੇ 'ਚ ਬੈਂਕ ਦੇ ਮੁੱਖ ਪ੍ਰਬੰਧਕ ਉਪਰ ਵੀ ਉਂਗਲ ਚੁਕੀ।