
ਜਿਥੇ ਇਨੀ ਦਿਨੀ ਕੋਵਿਡ 19 ਮਹਾਂਮਾਰੀ ਦੇ ਸੰਕਟ ਸਮੇਂ ਔਖੀ ਘੜੀ ’ਚ ਬੱਚਿਆ ਤੋਂ ਕਈ ਨਿੱਜੀ ਸਕੂਲ ਫੀਸਾਂ
ਮੋਹਾਲੀ, 21 ਮਈ (ਸਪੋਕਸਮੈਨ ਸਮਾਚਾਰ ਸੇਵਾ) : ਜਿਥੇ ਇਨੀ ਦਿਨੀ ਕੋਵਿਡ 19 ਮਹਾਂਮਾਰੀ ਦੇ ਸੰਕਟ ਸਮੇਂ ਔਖੀ ਘੜੀ ’ਚ ਬੱਚਿਆ ਤੋਂ ਕਈ ਨਿੱਜੀ ਸਕੂਲ ਫੀਸਾਂ ਮੰਗ ਰਹੇ ਹਨ, ਉਥੇ ਦੂਜੇ ਪਾਸੇ ਮੋਹਾਲੀ ’ਚ ਇਕ ਅਜਿਹਾ ਸਕੂਲ ਵੀ ਹੈ, ਜਿਸਨੇ ਸੰਕਟਮਈ ਸਮੇਂ ’ਚ ਵਿਲੱਖਣ ਪਹਲਿ ਕਦਮੀ ਕੀਤੀ ਹੈ। ਫੇਸ 11 ’ਚ ਸਥਿਤ ਬਰਾਈਟ ਸਪਾਰਕ ਨਾਂ ਦੇ ਇਸ ਸਕੂਲ ਦੇ ਸਟਾਫ਼ ਤੇ ਬੱਚਿਆ ਦੇ ਮਾਪਿਆਂ ਨਾਲ ਗੱਲਬਾਤ ਕਰ ਕੇ ਪਤਾ ਲੱਗਾ ਕਿ ਇਹ ਸਕੂਲ ਸ਼ਾਇਦ ਸੂਬੇ ਦਾ ਪਹਿਲਾ ਅਜਿਹਾ ਸਕੂਲ ਹੈ ਜੋ ਸੰਕਟ ਦੀ ਘੜੀ ’ਚ ਸਕੂਲ ’ਚ ਪੜ੍ਹਦੇ ਸੈਂਕੜੇ ਗ਼ਰੀਬ ਬੱਚਿਆ ਦੇ ਪ੍ਰਵਾਰਾਂ ਨੂੰ ਰਾਹਤ ਰਾਸ਼ੀ ਵੱਜੋਂ ਪੈਸੇ ਵੰਡ ਰਿਹਾ ਹੈ।
ਸਕੂਲ ਦੀ ਪ੍ਰਿੰਸੀਪਲ ਰੀਟਾ ਨੇ ਦਸਿਆ ਕਿ ਇਸ ਸਕੂਲ ਵਾਲੀ ਕਲੋਨੀ ’ਚ ਪ੍ਰਵਾਸੀ ਪ੍ਰਵਾਰ ਹੀ ਜ਼ਿਆਦਾ ਰਹਿੰਦੇ ਹਨ ਪਰ ਇਨ੍ਹਾਂ ’ਚੋਂ ਕੋਈ ਅਪਣੇ ਰਾਜ ਵਾਪਸ ਨਹੀਂ ਗਿਆ। ਸਕੂਲ ਵਲੋਂ ਪ੍ਰਤੀ ਪ੍ਰਵਾਰ 2000-2000 ਰੁਪਏ ਦੀ ਰਾਹਤ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਇਹ ਹੀ ਨਹੀਂ ਸਕੂਲ ਦੇ ਬੱਚਿਆਂ ਦੇ ਪ੍ਰਵਾਰਾਂ ਤੋਂ ਇਲਾਵਾ ਹੋਰ ਕਈ ਲੋੜਵੰਦਾਂ ਨੂੰ ਵੀ ਸਹਾਇਤਾ ਦਿਤੀ ਜਾ ਰਹੀ ਹੈ। ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਵੀ ਨਹੀਂ ਹੋਣ ਦਿਤਾ ਜਾ ਰਿਹਾ ਅਤੇ ਘਰ ਘਰ ਕਿਤਾਬਾਂ ਪਹੁੰਚਾ ਦਿਤੀਆਂ ਹਨ। ਵੱਟਸਐਪ ’ਤੇ ਬੱਚੇ ਸਕੂਲ ਦੇ ਸੰਪਰਕ ’ਚ ਹਨ। ਇਸ ਸਕੂਲ ’ਚ ਪੜ੍ਹਨ ਵਾਲੇ ਬੱਚਿਆਂ ਦੇ ਪ੍ਰਵਾਰਾ ’ਚੋਂ ਜਾਂ ਤਾਂ ਮਹਿਲਾਵਾਂ ਘਰਾਂ ’ਚ ਸਾਫ਼ ਸਫ਼ਾਈ ਕਰਦੀਆਂ ਹਨ ਜਾਂ ਪੁਰਸ਼ ਛੋਟੇ ਮੋਟੇ ਕਾਰੋਬਾਰ ਕਰਦੇ ਹਨ।
File Photo
ਜੋ ਸੰਕਟ ਦੇ ਸਮੇਂ ’ਚ ਸਰਕਾਰ ਵਲੋਂ ਵੀ ਬਾਂਹ ਨਾ ਫੜੇ ਜਾਣ ਕਾਰਨ ਪੂਰੀ ਤਰਾਂ ਕੈਸ਼ਲੈਸ ਹੋ ਚੁੱਕੇ ਸਨ ਜਿਨ੍ਹਾਂ ਨੂੰ ਸਕੂਲ ਨੇ ਸਹਾਰਾ ਦਿਤਾ ਹੈ। ਬੱਚਿਆਂ ਦੇ ਕੁੱਝ ਮਾਪਿਆਂ ਨਾਲ ਹੋਈ ਗੱਲਬਾਤ ਦੌਰਾਨ ਖੁਰਸ਼ੀਦ ਨੇ ਦਸਿਆ ਕਿ ਉਹ ਕਾਰਪੇਂਟਰ ਦਾ ਕੰਮ ਕਰਦਾ ਸੀ ਪਰ ਧੰਦਾ ਪੂਰੀ ਤਰ੍ਹਾਂ ਬੰਦ ਹੋ ਚੁੱਕਾ ਹੈ। ਉਸਦੇ ਚਾਰ ਬੱਚੇ ਹਨ ਜਿਨ੍ਹਾਂ ’ਚੋਂ ਇਕ ਇਸ ਸਕੂਲ ’ਚ ਪੜ੍ਹਦਾ ਹੈ। ਵਿਜੇ ਸਿੰਘ ਨੇ ਦਸਿਆ ਕਿ ਉਹ ਮਜ਼ਦੂਰੀ ਕਰਦਾ ਸੀ ਪਰ ਹੁਣ ਕੰਮ ਬੰਦ ਹੋਣ ਕਾਰਨ ਇਕ ਡੰਗ ਭੁੱਖੇ ਰਹਿਣ ਦੀ ਨੌਬਤ ਆ ਗਈ ਪਰ ਸਕੂਲ ਤੋਂ ਸਹਾਰਾ ਮਿਲਿਆ ਹੈ। ਤਿਆਗ ਰਾਣੀ ਨੇ ਕਿਹਾ ਕਿ ਉਹ ਘਰਾਂ ’ਚ ਬਰਤਣ ਸਾਫ਼ ਕਰ ਕੇ ਗੁਜ਼ਾਰਾ ਚਲਾਉਂਦੀ ਸੀ ਪਰ ਉਥੋਂ ਜਵਾਬ ਮਿਲ ਗਿਆ ਤੇ 6 ਪ੍ਰਵਾਰਕ ਮੈਂਬਰ ਨੂੰ ਸਕੂਲ ਨੇ ਹੀ ਕੁੱਝ ਸਹਾਰਾ ਦਿਤਾ ਹੈ।