
ਚੌਲਾਂ ਦੀ ਕੀਮਤ 32 ਲੱਖ ਰੁਪਏ ਦੱਸੀ ਜਾ ਰਹੀ ਹੈ।
ਖੰਨਾ: ਖੰਨਾ ਪੁਲਿਸ ਨੇ 350 ਕੁਇੰਟਲ ਬਾਸਮਤੀ ਚੌਲਾਂ ਨਾਲ ਭਰੇ ਟਰਾਲੇ ਸਮੇਤ ਫ਼ਰਾਰ ਹੋਏ ਤਿੰਨ ਕਥਿਤ ਮੁਲਜ਼ਮਾਂ ਵਿਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਵਿਅਕਤੀ ਦੇ ਕਬਜ਼ੇ ’ਚੋਂ ਚੌਲਾਂ ਦੀਆਂ 700 ਬੋਰੀਆਂ ਬਰਾਮਦ ਹੋਈਆਂ ਹਨ। ਦਸਿਆ ਜਾ ਰਿਹਾ ਹੈ ਕਿ ਇਹ ਘਟਨਾ 1 ਮਈ 2023 ਨੂੰ ਵਾਪਰੀ ਸੀ, ਜਿਸ ਸਬੰਧੀ ਥਾਣਾ ਮਾਛੀਵਾੜਾ ਸਾਹਿਬ ਵਿਖੇ 8 ਮਈ ਨੂੰ ਮੁਕੱਦਮਾ ਦਰਜ ਕੀਤਾ ਗਿਆ। ਇਨ੍ਹਾਂ ਚੌਲਾਂ ਦੀ ਕੀਮਤ 32 ਲੱਖ ਰੁਪਏ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ: ਦਿੱਲੀ ਹਵਾਈ ਅੱਡਾ-ਲੁਧਿਆਣਾ ਵਾਲਵੋ ਬੱਸ 'ਚ ਟਿਕਟਾਂ ਦੀ ਚੋਰੀ ਫੜੀ, ਕੰਡਕਟਰ ਨੌਕਰੀ ਤੋਂ ਫ਼ਾਰਗ
ਇਸ ਸਬੰਧੀ ਐਸ.ਐਸ.ਪੀ. ਖੰਨਾ ਅਮਨੀਤ ਕੌਂਡਲ ਨੇ ਦਸਿਆ ਕਿ ਮਾੜੇ ਅਨਸਰਾਂ ਵਿਰੁਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਟੀਮ ਨੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦਸਿਆ ਕਿ ਮੁਲਜ਼ਮਾਂ ਨੇ ਰਾਹੋਂ ਰੋਡ ਸਥਿਤ ਲਕਸ਼ਮੀ ਰਾਈਸ ਮਿੱਲ ਨਾਲ ਧੋਖਾਧੜੀ ਕਰਕੇ 700 ਬੋਰੀਆਂ ਚੋਰੀ ਕੀਤੀਆਂ ਸਨ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਨੇ ਨਿਊ ਜੰਮੂ-ਕਸ਼ਮੀਰ ਮੋਰਟਰਜ਼ ਦੇ ਮਾਲਕ ਹਰਜਿੰਦਰ ਸਿੰਘ ਉਰਫ਼ ਹੈਪੀ ਨੂੰ ਜਾਂਚ ਵਿਚ ਸ਼ਾਮਲ ਕੀਤਾ ਗਿਆ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸੁਰੱਖਿਆ ਸਬੰਧੀ ਪਟੀਸ਼ਨ ’ਤੇ ਹਾਈ ਕੋਰਟ ਨੇ ਫ਼ੈਸਲਾ ਰਖਿਆ ਸੁਰੱਖਿਅਤ
ਤਕਨੀਕੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਟਰਾਲਾ ਚਾਲਕ ਦਾ ਅਸਲੀ ਨਾਂਅ ਸ਼ਰਾਫ਼ਤ ਅਲੀ ਉਰਫ਼ ਬਚੀ ਨਿਵਾਸੀ ਥਰੀਆ ਜ਼ਿਲ੍ਹਾ ਸੋਨੀਪਤ (ਹਰਿਆਣਾ) ਹੈ। ਮੁਲਜ਼ਮਾਂ ਨੇ ਟਰਾਲੇ ਦਾ ਨੰਬਰ HR 63D 0656 ਵੀ ਜਾਅਲੀ ਲਗਾਇਆ ਹੋਇਆ ਸੀ। ਜਦਕਿ ਅਸਲੀ ਨੰਬਰ HP 38G 8919 ਹੈ। ਜਦ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਕੋਲੋਂ ਚੌਲਾਂ ਦੀਆਂ ਕੁੱਲ 700 ਬੋਰੀਆਂ ਵੀ ਬਰਾਮਦ ਹੋਈਆਂ ਹਨ। ਸ਼ਰਾਫਤ ਅਲੀ 'ਤੇ ਪਹਿਲਾਂ ਵੀ ਸੋਨੀਪਤ ਦੇ ਦੋ ਥਾਣਿਆਂ 'ਚ ਵੱਖ-ਵੱਖ ਮਾਮਲੇ ਦਰਜ ਹਨ।