
ਸੋਹਣਾ ਸ਼ਹਿਰ ਚੰਡੀਗੜ੍ਹ ਅੱਜ ਚੌਥੇ ਕੌਮਾਂਤਰੀ ਯੋਗਾ ਦਿਵਸ ਦੇ ਰੰਗਾਂ 'ਚ ਰੰਗਿਆ ਗਿਆ......
ਚੰਡੀਗੜ੍ਹ : ਸੋਹਣਾ ਸ਼ਹਿਰ ਚੰਡੀਗੜ੍ਹ ਅੱਜ ਚੌਥੇ ਕੌਮਾਂਤਰੀ ਯੋਗਾ ਦਿਵਸ ਦੇ ਰੰਗਾਂ 'ਚ ਰੰਗਿਆ ਗਿਆ। ਪ੍ਰਸ਼ਾਸਨ ਅਤੇ ਨਗਰ ਨਿਗਮ ਵਲੋਂ ਸਾਂਝੇ ਤੌਰ 'ਤੇ ਕਰਵਾਇਆ ਮੁੱਖ ਸਮਾਗਮ ਸੈਕਟਰ-17 ਦੇ ਪਲਾਜ਼ਾ 'ਚ ਸਵੇਰੇ 6 ਵਜੇ ਸ਼ੁਰੂ ਹੋਇਆ। ਇਸ ਸਮਾਗਮ ਵਿਚ ਹਿੱਸਾ ਲੈਣ ਲਈ ਲੋਕ ਸਵੇਰੇ 5 ਵਜੇ ਪੁਜਣੇ ਸ਼ੁਰੂ ਹੋ ਗਏ ਅਤੇ ਲਗਭਗ ਚਾਰ ਹਜ਼ਾਰ ਦੇ ਕਰੀਬ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 6:15 ਲਾਈਵ ਭਾਸ਼ਨ ਮਗਰੋਂ 7 ਵਜੇ ਤੋਂ 8 ਵਜੇ ਤਕ 21 ਯੋਗਾ ਆਸਨ ਕੀਤੇ। ਇਸ ਮੌਕੇ ਕੇਂਦਰੀ ਕਪੜਾ ਮੰਤਰੀ ਸਮਰਿਤੀ ਜੂਬਿਨ ਇਰਾਨੀ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਹਿੱਸਾ ਲੈਣ ਲਈ ਦੇਰ ਰਾਤੀ ਚੰਡੀਗੜ੍ਹ ਪੁੱਜੀ।
ਉਨ੍ਹਾਂ ਰਾਜ ਭਵਨ ਗਵਰਨਰ ਤੇ ਸੰਸਦ ਮੈਂਬਰ ਕਿਰਨ ਖੇਰ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਬਦਨੌਰ ਨੇ ਕਿਹਾ ਕਿ ਚੰਗੀ ਸਿਹਤ ਤੇ ਤੰਦਰੁਸਤੀ ਲਈ ਯੋਗਾ ਸਾਧਨ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ। ਇਸ ਮੌਕੇ ਸਲਾਹਕਾਰ ਪ੍ਰੀਮਲ ਰਾਏ, ਗ੍ਰਹਿ ਸਕੱਤਰ ਅਰੁਣ ਕੁਮਾਰ ਗੁਪਤਾ, ਸੰਸਦ ਮੈਂਬਰ ਕਿਰਨ ਖੇਰ, ਡਿਪਟੀ ਕਮਿਸ਼ਨਰ ਅਜੀਤ ਬਾਲਾਜੀ ਜੋਸ਼ੀ, ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ, ਮੇਅਰ ਦਿਵੇਸ਼ ਮੋਦਗਿਲ ਆਦਿ ਹਾਜ਼ਰ ਸਨ।
ਇਸ ਮੌਕੇ ਭਾਜਪਾ ਪ੍ਰਧਾਨ ਸੰਜੇ ਟੰਡਨ ਅਪਣੀ ਪਤਨੀ ਪ੍ਰਿਆ ਟੰਡਨ ਅਤੇ ਹੋਰ ਪਰਵਾਰਕ ਮੈਂਬਰਾਂ ਨਾਲ ਪੁੱਜੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਭਰ 'ਚ ਯੋਗਾ ਦਿਵਸ 'ਚ ਹਿੱਸਾ ਲੈਣ ਵਾਲਿਆਂ ਨੂੰ ਵਧਾਈ ਦਿਤੀ। ਇਸ ਦੌਰਾਨ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਵਿਚ ਲੱਗੇ ਯੋਗਾ ਕੈਂਪਾਂ ਵਿਚ ਰਿਹਾਇਸ਼ੀ ਵੈਲਫ਼ੇਅਰ ਸੰਸਥਾਵਾਂ, ਯੋਗਾ ਸੈਂਟਰਾਂ ਅਤੇ ਵਿਦਿਅਕ ਅਦਾਰਿਆਂ ਦੇ
ਸਾਂਝੇ ਸਹਿਯੋਗ ਨਾਲ 50 ਤੋਂ ਵੱਧ ਥਾਵਾਂ 'ਤੇ 8 ਹਜ਼ਾਰ ਤੋਂ 10 ਹਜ਼ਾਰ ਦੇ ਕਰੀਬ ਲੋਕਾਂ ਨੇ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੇਂਦਰੀ ਆਯੂਸ਼ ਮੰਤਰਾਲੇ ਵਲੋਂ ਦੇਸ਼ ਭਰ 'ਚ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਚੰਡੀਗੜ੍ਹ ਪ੍ਰਸ਼ਾਸਨ ਵਲੋਂ ਵੀ ਵਿਸ਼ੇਸ਼ ਸੁਰੱਖਿਆ ਪ੍ਰਬੰਧਕ ਕੀਤੇ ਗਏ।
ਚੰਡੀਗੜ੍ਹ (ਬਠਲਾਣਾ): ਕੌਮਾਂਤਰੀ ਯੋਗਾ ਦਿਵਸ ਅੱਜ ਪੰਜਾਬ ਯੂਨੀਵਰਸਟੀ 'ਚ ਵੀ ਧੂਮ-ਧਾਮ ਨਾਲ ਮਨਾਇਆ ਗਿਆ ਜਿਥੇ ਵਿਦਿਆਰਥੀਆਂ, ਐਨ.ਐਸ.ਐਸ. ਵਲੰਟੀਅਰਾਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ, ਜਿਨ੍ਹਾਂ ਦੀ ਗਿਣਤੀ 500 ਦੱਸੀ ਗਈ। ਜਿਮਨੇਜ਼ੀਅਮ ਹਾਲ ਵਿਚ ਕਰਵਾਏ ਇਸ ਯੋਗਾ ਸ਼ੋਅ ਵਿਚ ਮੁੱਖ ਮਹਿੰਮਾਨ ਵਜੋਂ ਡਾ. ਵਿਨੇ ਕੁਮਾਰ ਅਲੋਕ ਹਾਜ਼ਰ ਸਨ। ਯੂਨੀਵਰਸਟੀ ਦੇ ਖੇਡ ਵਿਭਾਗ ਨੇ ਪ੍ਰਧਾਨ ਮੰਤਰੀ ਦੇ ਯੋਗਾ ਸ਼ੋਅ ਦਾ ਟੀ.ਵੀ. ਤੋਂ ਪ੍ਰਸ਼ਾਸਨ ਕਰਨ ਦਾ ਪ੍ਰਬੰਧ ਕੀਤਾ।
ਡੀ.ਯੂ.ਆਈ. ਪ੍ਰੋ. ਸ਼ੰਕਰ ਝਾਅ, ਖੇਡ ਨਿਰਦੇਸ਼ਕ ਡਾ. ਪਰਮਿੰਦਰ ਸਿੰਘ ਵੀ ਹਾਜ਼ਰ ਸਨ। ਸਵਾਮੀ ਵਿਵੇਕਾਨੰਦ ਅਧਿਐਨ ਕੇਂਦਰ ਵਲੋਂ ਵੀ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ, ਜਿਥੇ ਇੰਦੂ ਅਗਰਵਾਲ, ਨਿਰਦੇਸ਼ਿਕਾ ਦਿਸ਼ਾ ਨੇ ਯੋਗਾ ਬਾਰੇ ਦਸਿਆ।
ਐਸ.ਏ.ਐਸ. ਨਗਰ (ਚਰਨਜੀਤ ਕੌਰ): ਇੰਡੋਂ ਗਲੋਬਲ ਗਰੁੱਪ ਆਫ਼ ਕਾਲਜਿਜ਼ ਦੇ ਕੈਂਪਸ ਵਿੱਚ ਵਿਸ਼ਵ ਯੋਗ ਦਿਵਸ ਮੌਕੇ ਯੋਗਾ ਅਤੇ ਮੈਡੀਟੇਸ਼ਨ ਕੈਂਪ ਲਗਾਇਆ ਗਿਆ। ਅੱਜ ਦੀ ਦੌੜ ਭੱਜ ਅਤੇ ਤਣਾਉ ਭਰੀ ਜ਼ਿੰਦਗੀ ਵਿਚ ਤਨ ਅਤੇ ਮਨ ਨੂੰ ਤੰਦਰੁਸਤ ਰੱਖਣ ਵਾਲੇ ਇਸ ਯੋਗਾ ਕੈਂਪ ਦੀ ਅਗਵਾਈ ਯੋਗਾ ਸਿਖਿਅਕ ਵਲੋਂ ਕੀਤੀ ਗਈ। ਇਸ ਯੋਗ ਕੈਂਪ ਵਿਚ ਸਟਾਫ਼ ਅਤੇ ਵਿਦਿਆਰਥੀਆਂ ਦੋਹਾਂ ਨੇ ਹਿੱਸਾ ਲੈ ਕੇ ਯੋਗ ਦੇ ਕਈ ਆਸਣ ਕੀਤੇ। ਇਸ ਦੇ ਨਾਲ ਹੀ ਯੋਗਾ ਸਿਖਿਅਕ ਚੇਤਨ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਕਿਹਾ
ਕਿ ਜੇ ਉਹ ਨਿਰੋਗ ਅਤੇ ਤੰਦਰੁਸਤੀ ਭਰੀ ਜ਼ਿੰਦਗੀ ਜਿਊਣਾ ਚਾਹੁੰਦੇ ਹਨ ਤਾਂ ਰੋਜ਼ਾਨਾ ਅੱਧਾ ਘੰਟਾ ਯੋਗਾ ਕਰਨ ਅਤੇ ਅਪਣਾ ਕੰਮ ਆਪਣੇ ਹੱਥੀ ਕਰਨ ਦੀ ਆਦਤ ਪਾਉਣ। ਉਨ੍ਹਾਂ ਅੱਗੇ ਕਿਹਾ ਯੋਗਾ ਦੇ ਹਰ ਆਸਣ ਦੀ ਆਪਣੀ ਵੱਖਰੀ ਹੋਂਦ ਹੈ। ਕੋਈ ਆਸਣ ਪਾਚਨ ਕਿਰਿਆ ਵਧਾਉਂਦਾ ਹੈ, ਕੋਈ ਆਸਣ ਸਰੀਰ ਦੇ ਖ਼ੂਨ ਤੇ ਬਹਾਉ ਨੂੰ ਠੀਕ ਕਰਦਾ ਹੈ ਅਤੇ ਕੋਈ ਆਸਣ ਸਾਡੇ ਲੀਵਰ ਅਤੇ ਦਿਲ ਲਈ ਚੰਗਾ ਹੁੰਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਭ ਨੂੰ ਯੋਗਾ ਸਹੀ ਤਰੀਕੇ ਨਾਲ ਸਿਖਲਾਈ ਲੈ ਕੇ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਗਲਤ ਤਰੀਕੇ ਨਾਲ ਕੀਤਾ
ਯੋਗਾ ਫ਼ਾਇਦੇ ਦੀ ਥਾਂ ਨੁਕਸਾਨ ਪਹੁੰਚਾ ਸਕਦਾ ਹੈ। ਇਸ ਮੌਕੇ ਇੰਡੋਂ ਗਲੋਬਲ ਗਰੁੱਪ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਦੀ ਸ਼ੁਰੂਆਤ ਸਾਡੇ ਲਈ ਮਾਣ ਦੀ ਗੱਲ ਹੈ। ਅੱਜ ਜਿਸ ਤਰਾਂ ਵਿਸ਼ਵ ਪੱਧਰ ਤੇ ਭਾਰਤ ਦੇ ਮਾਣ ਯੋਗਾ ਨੂੰ ਜੋ ਸਤਿਕਾਰ ਮਿਲ ਰਿਹਾ ਹੈ ਉਹ ਆਪਣੇ ਆਪ ਵਿਚ ਇਸ ਵੱਖਰੀ ਮਿਸਾਲ ਹੈ।
ਮੋਰਿੰਡਾ (ਮੋਹਨ ਸਿੰਘ ਅਰੋੜਾ) : ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਖ਼ਾਲਸਾ ਕਾਲਜ ਮੋਰਿੰਡਾ ਵਿਖੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਕੌਰ ਦੀ ਅਗਵਾਈ ਵਿਚ ਕਾਲਜ ਦੇ ਐਨ.ਐਸ.ਐਸ. ਵਿਭਾਗ ਅਤੇ ਰੈੱਡ ਰਿਬਨ ਕਲੱਬ ਦੁਆਰਾ ਯੋਗਾ ਦਿਵਸ ਮਨਾਇਆ ਗਿਆ। ਇਸ ਮੋਕੇ ਪਰੋਗਰਾਮ ਅਫ਼ਸਰ ਪ੍ਰੋ. ਮਨਜੀਤ ਕੌਰ ਨੇ ਤਣਾਅ ਭਰਪੁਰ ਜ਼ਿੰਦਗੀ ਵਿਚ ਯੋਗਾ ਦੀ ਮਹੱਤਤਾ ਬਾਰੇ ਦਸਿਆ
ਅਤੇ ਪ੍ਰੋ. ਰੁਪਿੰਦਰ ਕੌਰ ਵਲੋਂ ਯੋਗ ਆਸਣ ਕਰਵਾਏ ਗਏ। ਸਮੂਹ ਸਟਾਫ਼ ਅਤੇ ਕਾਲਜ ਦੇ ਵਿਦਿਆਰਥੀਆਂ ਵਲੋਂ ਯੋਗ ਨੂੰ ਅਪਣੀ ਜ਼ਿੰਦਗੀ ਦਾ ਅਹਿਮ ਹਿਸਾ ਬਣਾਉਣ ਲਈ ਪ੍ਰਣ ਕੀਤਾ। ਇਸ ਮੋਕੇ ਪ੍ਰੋ: ਹਰਬੰਸ ਕੌਰ, ਪ੍ਰੋ: ਰੇਣੂ ਬਾਲਾ, ਨਵਜੋਤ ਕੌਰ, ਸੁਖਦੀਪ ਕੌਰ,ਰਾਜਦੀਪ ਕੌਰ, ਗੁਰਪ੍ਰੀਤ ਕੌਰ ਰਾਜ ਵਿੰਦਰ ਕੌਰ, ਜਸਪ੍ਰੀਤ ਕੌਰ, ਮੈਡਮ ਨੇਹਾ ਆਦਿ ਹਾਜ਼ਰ ਸਨ।