
3-4 ਸਾਲ ਬਾਸਮਤੀ ਲਈ ਕਿਸਾਨ ਰੁਲਦਾ ਹੈ ਅਤੇ ਇਕ ਸਾਲ ਠੀਕ ਭਾਅ ਮਿਲਦਾ ਹੈ : ਚੀਮਾ
ਚੰਡੀਗੜ੍ਹ, 21 ਜੂਨ (ਐਸ.ਐਸ. ਬਰਾੜ) : ਆੜ੍ਹਤੀਆਂ ਅਤੇ ਕਿਸਾਨ ਯੂਨੀਅਨ ਨੇ ਕਿਸਾਨਾਂ ਨੂੰ ਚੌਕਸ ਕੀਤਾ ਹੈ ਕਿ ਉਹ ਵਪਾਰੀਆਂ ਦੇ ਝਾਂਸੇ 'ਚ ਆ ਕੇ ਅੰਨ੍ਹੇਵਾਹ ਬਾਸਮਤੀ ਦੀ ਖੇਤੀ ਨਾ ਕਰਨ। ਵਪਾਰੀਆਂ ਨੇ ਨਾ ਤਾਂ ਭਾਅ ਅਤੇ ਨਾ ਹੀ ਵਧਾਈ ਕਿੰਨੀ ਮਾਤਰਾ 'ਚ ਬਾਸਮਤੀ ਦੀ ਖ਼ਰੀਦ ਕਰਨਗੇ, ਸਬੰਧੀ ਕਿਸਾਨਾਂ ਨਾਲ ਕੋਈ ਸਮਝੌਤਾ ਕੀਤਾ ਹੈ। ਪਿਛਲੇ ਕੁੱਝ ਦਿਨਾਂ ਤੋਂ ਬਾਸਮਤੀ ਬਰਾਮਦ ਕਰਨ ਵਾਲੇ ਵਪਾਰੀਆਂ ਵਲੋਂ ਇਸ਼ਤਿਹਾਰ ਦੇ ਕੇ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਕਿ ਵੱਧ ਤੋਂ ਵੱਧ ਬਾਸਮਤੀ ਦੀ ਖੇਤੀ ਕੀਤੀ ਜਾਵੇ।
ਵਪਾਰੀਆਂ ਵਲੋਂ ਕਿਸਾਨਾਂ ਨੂੰ 3000 ਰੁਪਏ ਤੋਂ ਉਪਰ ਪ੍ਰਤੀ ਕੁਇੰਟਲ ਦੇ ਭਾਅ ਦਾ ਜ਼ੁਬਾਨੀ ਕਲਾਮੀ ਝਾਂਸਾ ਦਿਤਾ ਜਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਵਪਾਰੀ ਚਾਹੁੰਦੇ ਹਨ ਕਿ ਬਾਸਮਤੀ ਦੀ ਵੱਧ ਖੇਤੀ ਹੋਵੇ ਅਤੇ ਉਹ ਮੰਡੀਆਂ ਵਿਚ ਵੱਧ ਆਮਦ ਕਾਰਨ ਤਾਕਿ ਉਹ ਸਸਤੇ ਭਾਅ ਇਸ ਦੀ ਖ਼ਰੀਦ ਕਰ ਸਕਣ। ਉਨ੍ਹਾਂ ਨੇ ਕਿਸਾਨਾਂ ਨੂੰ ਸੁਝਾਅ ਦਿਤਾ ਕਿ ਉਹ ਸੋਚ ਸਮਝ ਕੇ ਹੀ ਬਾਸਮਤੀ ਦੀ ਖੇਤੀ ਕਰਨ, ਨਾ ਤਾਂ ਇਸ ਦੇ ਭਾਅ ਦੀ ਕੋਈ ਗਾਰੰਟੀ ਹੈ ਅਤੇ ਨਾ ਹੀ ਖ਼ਰੀਦ ਦੀ।
File
ਇਹ ਵਪਾਰੀਆਂ ਦੀ ਚਾਲ ਹੈ ਅਤੇ ਕਿਸਾਨ ਇਨ੍ਹਾਂ ਦੇ ਝਾਂਸੇ 'ਚ ਨਾ ਆਉਣ। ਇਸੇ ਤਰ੍ਹਾਂ ਆੜ੍ਹਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦਾ ਕਹਿਣਾ ਹੈ ਕਿ ਤਿੰਨ ਚਾਰ ਸਾਲਾਂ ਬਾਅਦ ਬਾਸਮਤੀ ਦੇ ਭਾਅ ਇਸ ਕਰ ਕੇ ਚੜ੍ਹਦੇ ਹਨ ਕਿਉਂਕਿ ਕਿਸਾਨ ਇਸ ਦੀ ਖੇਤੀ ਘੱਟ ਕਰਨ ਲਗਦੇ ਹਨ। ਜਦ ਕਿਸਾਨ ਮੁੜ ਇਸ ਦੀ ਖੇਤੀ ਕਰਨ ਲਗਦਾ ਹੈ ਤਾਂ ਉਨ੍ਹਾਂ ਦੀ ਫ਼ਸਲ ਮੰਡੀਆਂ 'ਚ ਰੁਲਦੀ ਹੈ। ਇਸ ਲਈ ਕਿਸਾਨਾਂ ਨੂੰ ਵਪਾਰੀਆਂ ਦੇ ਝਾਂਸੇ 'ਚ ਨਹੀਂ ਆਉਣਾ ਚਾਹੀਦਾ। ਉਨ੍ਹਾਂ ਦਸਿਆ ਕਿ ਪਿਛਲੇ ਦੋ ਸਾਲਾਂ ਤੋਂ ਬਾਸਮਤੀ ਦੀ ਖੇਤੀ ਕਰਨ ਵਾਲੇ ਕਿਸਾਨ ਰੁਲ ਰਹੇ ਹਨ।
File
ਬਾਸਮਤੀ ਦਾ ਭਾਅ ਦੋ ਹਜ਼ਾਰ ਤੋਂ 22 ਸੌ ਰੁਪਏ ਤਕ ਰਿਹਾ ਹੈ। ਇਸ ਸਮੇਂ ਬਾਸਮਤੀ ਦਾ ਭਾਅ ਜ਼ਰੂਰ ਤਿੰਨ ਹਜ਼ਾਰ ਰੁਪਏ ਤੋਂ ਉਪਰ ਹੈ ਪਰ ਮੰਡੀਆਂ 'ਚ ਵੱਧ ਫ਼ਸਲ ਆਉਣ ਨਾਲ ਇਹ ਭਾਅ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਬਾਸਮਤੀ ਦੇ ਚੱਕਰ 'ਚ ਹਰ ਸਾਲ 5 ਤੋਂ 7 ਫ਼ੀ ਸਦੀ ਮਿਲਾਂ ਡੁਬਦੀਆਂ ਹਨ। ਆੜ੍ਹਤੀਆਂ ਦੀ ਰਕਮ ਵੀ ਡੁਬਦੀ ਹੈ। ਜਦ ਵਪਾਰੀ ਭੱਜ ਜਾਂਦੇ ਹਨ ਤਾਂ ਨੁਕਸਾਨ ਹੁੰਦਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਜਦ ਤਕ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ ਦੀ ਬਾਸਮਤੀ ਹੁੰਦੀ ਸੀ ਤਾਂ ਕਿਸਾਨਾਂ ਨੂੰ ਚੰਗਾ ਭਾਅ ਮਿਲਦਾ ਸੀ ਪਰ ਹੁਣ 1121 ਕਿਸਮ ਜੋ ਖਾਰੇ ਪਾਣੀ ਵਿਚ ਵੀ ਹੁੰਦੀ ਹੈ, ਦੀ ਬਿਜਾਈ ਨਾ ਸਿਰਫ਼ ਸਾਰੇ ਪੰਜਾਬ ਵਿਚ ਹੋਣ ਲੱਗੀ ਹੈ ਬਲਕਿ ਹਰਿਆਣਾ, ਉਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ 'ਚ ਵੀ ਇਸ ਦੀ ਖੇਤੀ ਹੋਣ ਲੱਗੀ ਹੈ।
ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਸੋਚ ਸਮਝ ਕੇ ਬਾਸਮਤੀ ਮਜਬੂਰੀ 'ਚ ਹੀ ਲਗਾਉਣੀ ਚਾਹੀਦੀ ਹੈ। ਸ. ਰਾਜੇਵਾਲ ਨੇ ਆਸ ਪ੍ਰਗਟ ਕੀਤੀ ਕਿ ਇਸ ਸਾਲ ਸੋਨੇ ਦੀ ਸਿੱਧੀ ਬਿਜਾਈ ਸਫ਼ਲ ਰਹਿਣ ਨਾਲ ਮਜ਼ਦੂਰਾਂ ਦੀ ਸਮੱਸਿਆ ਵੀ ਹੱਲ ਹੋ ਜਾਵੇਗੀ ਅਤੇ ਧਰਤੀ ਹੇਠਲਾ ਪਾਣੀ ਵੀ ਬਚੇਗਾ। ਭਵਿੱਖ 'ਚ ਵੱਧ ਤੋਂ ਵੱਧ ਸਿੱਧੀ ਬਿਜਾਈ ਦਾ ਰਸਤਾ ਖੁਲ੍ਹਣ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਕੁੱਝ ਘੱਟ ਹੋਣਗੀਆਂ। ਇਸੇ ਤਰ੍ਹਾਂ ਦੇ ਵਿਚਾਰ ਚੌਲ ਮਿਲ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਨੇ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ ਕਿ 3-4 ਸਾਲ ਕਿਸਾਨ ਰੁਲਦਾ ਹੈ ਅਤੇ ਇਕ ਸਾਲ ਬਾਸਮਤੀ ਦਾ ਭਾਅ ਠੀਕ ਮਿਲਦਾ ਹੈ।