
ਲੁਧਿਆਣਾ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ 'ਤੇ ਪੋਸਟ ਵੀ ਸਾਂਝੀ ਕੀਤੀ ਹੈ।
ਅੰਮ੍ਰਿਤਸਰ: ਸਾਰਾਗੜ੍ਹੀ ਸਰਾਏ ਵਿਚ ਯਾਤਰੀਆਂ ਨੂੰ ਕਮਰੇ ਦਿਵਾਉਣ ਲਈ ਆਨਲਾਈਨ ਧੋਖਾਧੜੀ ਦਾ ਕੰਮ ਚੱਲ ਰਿਹਾ ਹੈ। ਇਸ ਦੇ ਲਈ ਠੱਗਾਂ ਨੇ ਫਰਜ਼ੀ ਵੈੱਬਸਾਈਟ ਬਣਾਈ ਹੈ। ਪੰਜਾਬ ਪੁਲਿਸ ਨੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਹੈ। ਲੁਧਿਆਣਾ ਪੁਲਿਸ ਨੇ ਇਸ ਮਾਮਲੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੋਸ਼ਲ ਮੀਡੀਆ 'ਤੇ ਪੋਸਟ ਵੀ ਸਾਂਝੀ ਕੀਤੀ ਹੈ।
ਪੁਲਿਸ ਅਨੁਸਾਰ ਜਦੋਂ ਸਾਰਾਗੜ੍ਹੀ ਨਿਵਾਸ ਵਿਚ ਕਮਰਾ ਬੁੱਕ ਕਰਨ ਲਈ ਕੋਈ ਗੂਗਲ ਸਰਚ ਕਰਦਾ ਹੈ ਤਾਂ ਉਸ ਨੂੰ ਠੱਗਾਂ ਵੱਲੋਂ ਬਣਾਈ ਹੋਈ ਵੱਖਰੀ ਵੈੱਬਸਾਈਟ ਮਿਲਦੀ ਹੈ। ਇਸ ਵਿਚ ਫਰਾਡ ਮੋਬਾਈਲ ਪੇਟੀਐਮ ਨੰਬਰ ਅਤੇ ਫਰਾਡ ਕਿਊਆਰ ਕੋਡ ਵੀ ਦਿੱਤੇ ਹੋਏ ਹਨ। ਠੱਗ ਲੋਕਾਂ ਨੂੰ ਅਪਣੇ ਨੰਬਰ ਵਿਚ ਪੈਸੇ ਜਮ੍ਹਾਂ ਕਰਵਾ ਕੇ ਬੁਕਿੰਗ ਲਈ ਕਹਿੰਦੇ ਹਨ। ਪੁਲਿਸ ਦੀ ਸੋਸ਼ਲ ਮੀਡੀਆ 'ਤੇ ਪਾਈ ਪੋਸਟ ਅਨੁਸਾਰ ਕਮਰਾ ਬੁੱਕ ਕਰਨ ਲਈ www.sgpcsarai.com ਹੀ ਸਹੀ ਸਾਈਟ ਹੈ। ਇਸ ਸਾਈਟ 'ਤੇ ਪਹਿਲਾਂ ਤੋਂ ਕੋਈ ਡਿਜੀਟਲ ਭੁਗਤਾਨ ਨਹੀਂ ਮੰਗਿਆ ਜਾਂਦਾ ਹੈ।
ਪੁਲਿਸ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕੋਈ ਵਿਅਕਤੀ ਆਨਲਾਈਨ ਲੈਣ-ਦੇਣ ਰਾਹੀਂ ਕਮਰਾ ਬੁੱਕ ਕਰਵਾਉਣ ਲਈ ਪੈਸੇ ਮੰਗਦਾ ਹੈ ਜਾਂ ਮੋਬਾਈਲ ਨੰਬਰ ਜਾਂ QR ਕੋਡ 'ਤੇ ਕਮਰਾ ਬੁੱਕ ਕਰਵਾਉਣ ਦੀ ਗੱਲ ਕਰਦਾ ਹੈ ਤਾਂ ਲੋਕ ਉਸ ਦੇ ਜਾਲ ਵਿਚ ਨਾ ਫਸਣ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਪੋਸਟ ਅਨੁਸਾਰ ਠੱਗਾਂ ਨੇ Bharatibiz.com ਦੇ ਨਾਮ 'ਤੇ ਇੱਕ ਫਰਜ਼ੀ ਵੈੱਬਸਾਈਟ ਬਣਾਈ ਹੈ, ਜਿਸ ਰਾਹੀਂ ਠੱਗ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ।